ਨਵੀਂ ਦਿੱਲੀ, 4 ਜੁਲਾਈ 2025 – ਬਰਮਿੰਘਮ ਟੈਸਟ ਦਾ ਦੂਜਾ ਦਿਨ ਵੀ ਭਾਰਤੀ ਟੀਮ ਦੇ ਨਾਮ ਰਿਹਾ। ਵੀਰਵਾਰ ਨੂੰ ਭਾਰਤ ਨੇ ਇੰਗਲੈਂਡ ਵਿਰੁੱਧ ਪਹਿਲੀ ਪਾਰੀ ਵਿੱਚ 587 ਦੌੜਾਂ ਬਣਾਈਆਂ। ਇੰਨਾ ਹੀ ਨਹੀਂ, ਦਿਨ ਦੀ ਖੇਡ ਖਤਮ ਹੋਣ ਤੱਕ ਭਾਰਤ ਦੇ ਖਿਡਾਰੀਆਂ ਨੇ ਇੰਗਲੈਂਡ ਦੇ 3 ਬੱਲੇਬਾਜ਼ਾਂ ਨੂੰ ਪੈਵੇਲੀਅਨ ਵਾਪਿਸ ਭੇਜ ਦਿੱਤਾ। ਖੇਡ ਖਤਮ ਹੋਣ ਤੱਕ ਇੰਗਲੈਂਡ ਦਾ ਸਕੋਰ 77/3 ਸੀ। ਇਸ ਵੇਲੇ ਟੀਮ 510 ਦੌੜਾਂ ਨਾਲ ਪਿੱਛੇ ਹੈ। ਜੋਅ ਰੂਟ 18 ਅਤੇ ਹੈਰੀ ਬਰੂਕ 30 ਦੌੜਾਂ ਬਣਾ ਕੇ ਨਾਬਾਦ ਰਹੇ। ਬੇਨ ਡਕੇਟ ਅਤੇ ਓਲੀ ਪੋਪ ਜ਼ੀਰੋ ਦੌੜਾਂ ‘ਤੇ ਆਊਟ ਹੋਏ। ਜੈਕ ਕਰੌਲੀ 19 ਦੌੜਾਂ ਬਣਾ ਕੇ ਆਊਟ ਹੋਇਆ।
ਐਜਬੈਸਟਨ ਸਟੇਡੀਅਮ ਵਿੱਚ ਚੱਲ ਰਹੇ ਮੈਚ ਵਿੱਚ ਭਾਰਤ ਨੇ ਦਿਨ ਦੀ ਸ਼ੁਰੂਆਤ 310/5 ਦੇ ਸਕੋਰ ਨਾਲ ਕੀਤੀ। ਕਪਤਾਨ ਸ਼ੁਭਮਨ ਗਿੱਲ ਨੇ 269 ਦੌੜਾਂ ਦੀ ਰਿਕਾਰਡ ਪਾਰੀ ਖੇਡੀ। ਉਹ ਟੈਸਟ ਵਿੱਚ ਸਭ ਤੋਂ ਵੱਡੀ ਪਾਰੀ ਖੇਡਣ ਵਾਲਾ ਭਾਰਤੀ ਕਪਤਾਨ ਬਣ ਗਿਆ। ਉਸਨੇ ਵਿਰਾਟ ਕੋਹਲੀ (254 ਨਾਬਾਦ) ਨੂੰ ਪਛਾੜ ਦਿੱਤਾ। ਯਸ਼ਸਵੀ ਜੈਸਵਾਲ 87 ਦੌੜਾਂ ਬਣਾ ਕੇ ਆਊਟ ਹੋਏ ਅਤੇ ਰਵਿੰਦਰ ਜਡੇਜਾ 89 ਦੌੜਾਂ ਬਣਾ ਕੇ ਆਊਟ ਹੋਏ। ਵਾਸ਼ਿੰਗਟਨ ਸੁੰਦਰ ਨੇ 42 ਦੌੜਾਂ ਦਾ ਯੋਗਦਾਨ ਪਾਇਆ।
ਇੰਗਲੈਂਡ ਵੱਲੋਂ ਸ਼ੋਏਬ ਬਸ਼ੀਰ ਨੇ 3 ਵਿਕਟਾਂ ਲਈਆਂ। ਕ੍ਰਿਸ ਵੋਕਸ ਅਤੇ ਜੋਸ਼ ਟੋਂਗ ਨੇ 2-2 ਵਿਕਟਾਂ ਲਈਆਂ। ਬ੍ਰਾਇਡਨ ਕਾਰਸੇ, ਜੋ ਰੂਟ ਅਤੇ ਕਪਤਾਨ ਬੇਨ ਸਟੋਕਸ ਨੇ ਇੱਕ-ਇੱਕ ਵਿਕਟ ਲਈ।

ਗਿੱਲ ਇੰਗਲੈਂਡ ਵਿੱਚ ਸਭ ਤੋਂ ਵੱਡੀ ਪਾਰੀ ਖੇਡਣ ਵਾਲਾ ਭਾਰਤੀ ਬਣ ਗਿਆ। ਉਸਨੇ ਸੁਨੀਲ ਗਾਵਸਕਰ ਦਾ 221 ਦੌੜਾਂ ਦਾ ਰਿਕਾਰਡ ਤੋੜਿਆ। ਜੋ ਗਾਵਸਕਰ ਨੇ 1979 ਵਿੱਚ ਦ ਓਵਲ ਵਿੱਚ ਇੰਗਲੈਂਡ ਵਿਰੁੱਧ ਬਣਾਇਆ ਸੀ।
