ਨਵੀਂ ਦਿੱਲੀ, 29 ਨਵੰਬਰ 2024 – ਕੇਂਦਰ ਸਰਕਾਰ ਨੇ ਬੀਸੀਸੀਆਈ ਨੂੰ ਸਾਫ਼ ਕਹਿ ਦਿੱਤਾ ਹੈ ਕਿ ਟੀਮ ਇੰਡੀਆ ਚੈਂਪੀਅਨਜ਼ ਟਰਾਫੀ ਲਈ ਪਾਕਿਸਤਾਨ ਨਹੀਂ ਜਾਵੇਗੀ। ਬੀਸੀਸੀਆਈ ਦੇ ਸੂਤਰ ਮੁਤਾਬਕ ਜੇਕਰ ਪਾਕਿਸਤਾਨ ਕ੍ਰਿਕਟ ਬੋਰਡ ਹਾਈਬ੍ਰਿਡ ਮਾਡਲ ਲਈ ਸਹਿਮਤ ਨਹੀਂ ਹੁੰਦਾ ਤਾਂ ਭਾਰਤ ਟੂਰਨਾਮੈਂਟ ਨਹੀਂ ਖੇਡੇਗਾ। ਆਈਸੀਸੀ ਨੇ ਅੱਜ ਇੱਕ ਮੀਟਿੰਗ ਬੁਲਾਈ ਹੈ, ਜਿਸ ਵਿੱਚ ਸਥਾਨ ਨੂੰ ਲੈ ਕੇ ਅੰਤਿਮ ਫੈਸਲਾ ਲਿਆ ਜਾਵੇਗਾ। ਸਰਕਾਰ ਨੇ ਬੀ.ਸੀ.ਸੀ.ਆਈ. ਨੂੰ ਆਪਣਾ ਪੱਖ ਸਖ਼ਤੀ ਨਾਲ ਪੇਸ਼ ਕਰਨ ਲਈ ਕਿਹਾ ਹੈ। ਚੈਂਪੀਅਨਸ ਟਰਾਫੀ ਅਗਲੇ ਸਾਲ ਫਰਵਰੀ ‘ਚ ਸ਼ੁਰੂ ਹੋਵੇਗੀ।
ਭਾਰਤ ਸਰਕਾਰ ਨੇ ਕਿਹਾ ਹੈ ਕਿ ਜੇਕਰ ਪਾਕਿਸਤਾਨ ਕ੍ਰਿਕਟ ਬੋਰਡ ਚੈਂਪੀਅਨਜ਼ ਟਰਾਫੀ ਕਰਵਾਉਣ ਤੋਂ ਇਨਕਾਰ ਕਰਦਾ ਹੈ ਤਾਂ ਭਾਰਤ ਇਸ ਦੀ ਮੇਜ਼ਬਾਨੀ ਕਰੇਗਾ। ਜੇਕਰ ਆਈਸੀਸੀ ਮੇਜ਼ਬਾਨੀ ਦੇ ਅਧਿਕਾਰ ਭਾਰਤ ਨੂੰ ਸੌਂਪਦੀ ਹੈ ਤਾਂ ਉਸ ਨੂੰ ਸਰਕਾਰ ਦਾ ਪੂਰਾ ਸਮਰਥਨ ਮਿਲੇਗਾ। ਇੰਨਾ ਹੀ ਨਹੀਂ ਚੈਂਪੀਅਨਜ਼ ਟਰਾਫੀ ਖੇਡਣ ਲਈ ਭਾਰਤ ਆਉਣ ਵਾਲੀਆਂ ਟੀਮਾਂ ਦੇ ਖਿਡਾਰੀਆਂ ਨੂੰ ਵੀਜ਼ਾ ਲੈਣ ਵਿੱਚ ਕੋਈ ਦਿੱਕਤ ਨਹੀਂ ਆਵੇਗੀ।
ਟੀਮ ਇੰਡੀਆ ਨੇ 2007 ਤੋਂ ਬਾਅਦ ਪਾਕਿਸਤਾਨ ਦਾ ਦੌਰਾ ਨਹੀਂ ਕੀਤਾ ਹੈ। 2008 ‘ਚ ਮੁੰਬਈ ‘ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਸਰਕਾਰ ਨੇ ਪਾਕਿਸਤਾਨ ‘ਚ ਕ੍ਰਿਕਟ ਖੇਡਣ ਤੋਂ ਇਨਕਾਰ ਕਰ ਦਿੱਤਾ ਸੀ। ਉਦੋਂ ਤੋਂ ਦੋਵੇਂ ਟੀਮਾਂ ਸਿਰਫ਼ ਆਈਸੀਸੀ ਅਤੇ ਏਸੀਸੀ ਟੂਰਨਾਮੈਂਟਾਂ ਵਿੱਚ ਹੀ ਖੇਡਦੀਆਂ ਹਨ। 2013 ਤੋਂ, ਦੋਵਾਂ ਟੀਮਾਂ ਨੇ ਨਿਰਪੱਖ ਸਥਾਨਾਂ ‘ਤੇ 13 ਵਨਡੇ ਅਤੇ 8 ਟੀ-20 ਮੈਚ ਖੇਡੇ ਹਨ। ਹਾਲਾਂਕਿ ਪਾਕਿਸਤਾਨ ਦੀ ਟੀਮ ਪਿਛਲੇ ਸਾਲ ਵਨਡੇ ਵਿਸ਼ਵ ਕੱਪ ਖੇਡਣ ਲਈ ਭਾਰਤ ਆਈ ਸੀ।
ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਚੈਂਪੀਅਨਸ ਟਰਾਫੀ 2025 ਲਈ ਲਗਾਤਾਰ ਤਿਆਰੀ ਕਰ ਰਿਹਾ ਹੈ। ਪੀਸੀਬੀ ਨੇ ਤਿੰਨੋਂ ਸਟੇਡੀਅਮਾਂ ਦਾ ਕੰਮ ਲਗਭਗ ਪੂਰਾ ਕਰ ਲਿਆ ਹੈ। ਉਨ੍ਹਾਂ ਨੇ ਲਾਹੌਰ, ਕਰਾਚੀ ਅਤੇ ਰਾਵਲਪਿੰਡੀ ਦੇ ਸਟੇਡੀਅਮਾਂ ਦੇ ਨਵੀਨੀਕਰਨ ‘ਤੇ 12.5 ਅਰਬ ਪਾਕਿਸਤਾਨੀ ਰੁਪਏ ਖਰਚ ਕੀਤੇ ਹਨ।
ਪੀਸੀਬੀ ਨੇ ਸਾਰੇ ਭਾਰਤੀ ਮੈਚ ਲਾਹੌਰ ਵਿੱਚ ਕਰਵਾਉਣ ਅਤੇ ਮੈਚ ਤੋਂ ਬਾਅਦ ਖਿਡਾਰੀਆਂ ਨੂੰ ਭਾਰਤ ਭੇਜਣ ਦਾ ਪ੍ਰਸਤਾਵ ਦਿੱਤਾ ਸੀ। ਭਾਰਤ ਨੇ ਇਸ ਤੋਂ ਇਨਕਾਰ ਕਰ ਦਿੱਤਾ, ਜਿਸ ਤੋਂ ਬਾਅਦ ਪੀਸੀਬੀ ਨੇ ਵੀ ਹਾਈਬ੍ਰਿਡ ਮਾਡਲ ਅਪਣਾਉਣ ਤੋਂ ਇਨਕਾਰ ਕਰ ਦਿੱਤਾ। 2008 ‘ਚ ਮੁੰਬਈ ‘ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਟੀਮ ਇੰਡੀਆ ਨੇ ਪਾਕਿਸਤਾਨ ਦਾ ਦੌਰਾ ਨਹੀਂ ਕੀਤਾ ਹੈ। ਸੁਰੱਖਿਆ ਕਾਰਨਾਂ ਕਰਕੇ ਆਈਸੀਸੀ ਨੇ ਇਸ ਦੌਰਾਨ ਪਾਕਿਸਤਾਨ ‘ਚ ਅੰਤਰਰਾਸ਼ਟਰੀ ਕ੍ਰਿਕਟ ‘ਤੇ ਵੀ ਪਾਬੰਦੀ ਲਗਾ ਦਿੱਤੀ ਸੀ।
ਇਸ ਦੌਰਾਨ ਭਾਰਤ ਸਰਕਾਰ ਨੇ ਆਪਣੀ ਟੀਮ ਪਾਕਿਸਤਾਨ ਭੇਜਣ ਤੋਂ ਪਹਿਲਾਂ ਹੀ ਇਨਕਾਰ ਕਰ ਦਿੱਤਾ ਹੈ। ਬੀਸੀਸੀਆਈ ਨੇ ਆਈਸੀਸੀ ਨੂੰ ਕਿਹਾ ਸੀ ਕਿ ਟੀਮ ਪਾਕਿਸਤਾਨ ਵਿੱਚ ਟੂਰਨਾਮੈਂਟ ਨਹੀਂ ਖੇਡੇਗੀ। ਜੇਕਰ ਪਾਕਿਸਤਾਨ ਹਾਈਬ੍ਰਿਡ ਮਾਡਲ ‘ਤੇ ਸਹਿਮਤ ਨਹੀਂ ਹੁੰਦਾ ਤਾਂ ਟੂਰਨਾਮੈਂਟ ਕਿਸੇ ਹੋਰ ਦੇਸ਼ ‘ਚ ਸ਼ਿਫਟ ਹੋ ਸਕਦਾ ਹੈ।