ਹੈਰੋਇਨ, 20 ਲੱਖ ਕੈਸ਼ ਡਰੱਗ ਮਨੀ ਸਮੇਤ 6 ਕਾਬੂ

  • 2 ਵੱਖ-ਵੱਖ ਮਾਮਲਿਆਂ ’ਚ ਪੁਲਿਸ ਨੂੰ ਮਿਲੀ ਵੱਡੀ ਸਫਲਤਾ : ਐਸ.ਐਸ.ਪੀ. ਨਵਜੋਤ ਸਿੰਘ ਮਾਹਲ
  • ਪੰਜਾਬ ਅਤੇ ਹੋਰਨਾਂ ਰਾਜਾਂ ’ਚ ਵੇਚੀ ਜਾਣੀ ਸੀ ਹੈਰੋਇਨ, ਸਮੱਗਲਰ ਸੁੱਖੀ ਪਾਕਿਸਤਾਨ ਤੋਂ ਮੰਗਵਾਉਂਦਾ ਸੀ ਹੈਰੋਇਨ

ਹੁਸ਼ਿਆਰਪੁਰ, 3 ਅਪ੍ਰੈਲ 2021 – ਜ਼ਿਲ੍ਹਾ ਪੁਲਿਸ ਵਲੋਂ ਨਸ਼ਿਆਂ ਖਿਲਾਫ਼ ਵੱਡੀ ਕਾਰਵਾਈ ਕਰਦਿਆਂ ਕੌਮਾਂਤਰੀ ਸਮੱਗਲਰਾਂ ਦੇ ਗਿਰੋਹ ਦਾ ਪਰਦਾਫਾਸ਼ ਕਰਦਿਆਂ 3 ਸਮੱਗਲਰਾਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ 8 ਕਿਲੋ ਹੈਰੋਇਨ, ਜੋ ਕਿ ਫਾਰਚੂਨਰ ਗੱਡੀ ਦੇ ਬੰਪਰ ਵਿੱਚ ਰੇਡੀਏਟਰ ਦੇ ਅੱਗੇ ਬਣਾਏ ਗੁਪਤਖਾਨੇ ਵਿੱਚ ਰੱਖੀ ਹੋਈ ਸੀ, ਬਰਾਮਦ ਕੀਤੀ ਗਈ।
ਇਸੇ ਤਰ੍ਹਾਂ ਇਕ ਹੋਰ ਮਾਮਲੇ ਵਿੱਚ ਸਫ਼ਲਤਾ ਹਾਸਲ ਕਰਦਿਆਂ ਜ਼ਿਲ੍ਹਾ ਪੁਲਿਸ ਨੇ ਚੈਕਿੰਗ ਦੌਰਾਨ ਇਕ ਸਕਾਰਪੀਓ ਗੱਡੀ ਵਿੱਚੋਂ 20 ਲੱਖ ਰੁਪਏ ਕੈਸ਼ ਡਰੱਗ ਮਨੀ, 5 ਕਿਲੋ ਡੋਡੇ ਚੂਰਾ ਪੋਸਤ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿ੍ਰਫਤਾਰ ਕੀਤਾ ਹੈ।

ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਨੇ ਇਸ ਸਬੰਧੀ ਪ੍ਰੈਸ ਕਾਨਫਰੰਸ ਦੌਰਾਨ ਖੁਲਾਸਾ ਕਰਦਿਆਂ ਦੱਸਿਆ ਕਿ ਡੀ.ਜੀ.ਪੀ. ਦਿਨਕਰ ਗੁਪਤਾ ਦੇ ਨਿਰਦੇਸ਼ਾਂ ’ਤੇ ਨਸ਼ਿਆਂ ਖਿਲਾਫ਼ ਵਿੱਢੀ ਮੁਹਿੰਮ ਤਹਿਤ ਜ਼ਿਲ੍ਹਾ ਪੁਲਿਸ ਵਲੋਂ ਦੋਵਾਂ ਮਾਮਲਿਆਂ ਵਿੱਚ ਵੱਡੀ ਸਫ਼ਲਤਾ ਹਾਸਲ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਨਸ਼ਿਆਂ ਦੀ ਸਮਗÇਲੰਗ ਵਿਰੁੱਧ ਐਸ.ਪੀ. (ਡੀ) ਰਵਿੰਦਰ ਪਾਲ ਸਿੰਘ ਸੰਧੂ, ਏ.ਐਸ.ਪੀ. ਗੜ੍ਹਸ਼ੰਕਰ ਤੁਸ਼ਾਰ ਗੁਪਤਾ, ਡੀ.ਐਸ.ਪੀ. ਪ੍ਰੇਮ ਸਿੰਘ ਦੀ ਨਿਗਰਾਨੀ ਹੇਠ ਸੀ.ਆਈ.ਏ. ਇੰਚਾਰਜ ਸ਼ਿਵ ਕੁਮਾਰ ਅਤੇ ਉਨ੍ਹਾਂ ਦੀ ਟੀਮ ਵਲੋਂ ਮਾਹਿਲਪੁਰ-ਫਗਵਾੜਾ ਰੋਡ ’ਤੇ ਪਿੰਡ ਠੁਆਣਾ ਵਿਖੇ ਵਿਸ਼ੇਸ਼ ਨਾਕਾਬੰਦੀ ਦੌਰਾਨ ਫਾਰਚੂਨਰ ਗੱਡੀ ਨੰ: ਐਚ.ਆਰ.-26-ਸੀ ਡੀ-0072 ਦੀ ਚੈਕਿੰਗ ਦੌਰਾਨ 8 ਕਿਲੋ ਹੈਰੋਇਨ ਬਰਾਮਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਸਮੱਗਲਰਾਂ ਵਲੋਂ ਇਹ ਹੈਰੋਇਨ ਪੰਜਾਬ ਅਤੇ ਹੋਰਨਾਂ ਰਾਜਾਂ ਵਿੱਚ ਭੇਜੀ ਜਾਣੀ ਸੀ ਜਿਹੜੀ ਕਿ ਪੁਲਿਸ ਨੇ ਸਮੇਂ ਸਿਰ ਬਰਾਮਦ ਕਰਕੇ ਸਮੱਗਲਰਾਂ ਨੂੰ ਕਾਬੂ ਕਰ ਲਿਆ।

ਐਸ.ਐਸ.ਪੀ. ਨੇ ਦੱਸਿਆ ਕਿ ਗੱਡੀ ਵਿੱਚ ਸਵਾਰ ਵਿਅਕਤੀਆਂ ਦੀ ਪਛਾਣ ਸੁਖਵਿੰਦਰ ਸਿੰਘ ਉਰਫ ਸੁੱਖੀ ਵਾਸੀ ਚੰਨਣਵਾਲ ਥਾਣਾ ਮਹਿਲ ਕਲਾਂ, ਬਰਨਾਲਾ, ਮਨਪ੍ਰੀਤ ਸਿੰਘ ਉਰਫ ਕਾਲਾ ਅਤੇ ਜਗਦੀਪ ਸਿੰਘ ਉਰਫ ਸੋਨੀ ਵਾਸੀ ਪਿੰਡ ਬਲਵੇੜਾ ਥਾਣਾ ਸਦਰ ਪਟਿਆਲਾ ਵਜੋਂ ਹੋਈ। ਉਨ੍ਹਾਂ ਦੱਸਿਆ ਕਿ ਗੱਡੀ ਦੀ ਗਹੁ ਨਾਲ ਜਾਂਚ ਦੌਰਾਨ ਬੰਪਰ ਵਿੱਚ ਰੇਡੀਏਟਰ ਦੇ ਅੱਗੇ ਬਣਾਏ ਇਕ ਗੁਪਤਖਾਨੇ ਨੂੰ ਖੋਲ੍ਹਣ ’ਤੇ ਉਸ ਵਿੱਚੋਂ 8 ਪੈਕਟ ਬਰਾਮਦ ਹੋਏ ਜਿਨ੍ਹਾਂ ਵਿੱਚ 8 ਕਿਲੋ ਹੈਰੋਇਨ ਹੋਈ।

ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਸੁਖਵਿੰਦਰ ਉਰਫ ਸੁੱਖੀ ਖਿਲਾਫ਼ ਪਹਿਲਾਂ ਵੀ ਕਈ ਮੁਕੱਦਮੇ ਦਰਜ ਹਨ ਜਿਨ੍ਹਾਂ ਵਿੱਚੋਂ 2 ਕੇਸ ਯੂ.ਏ.ਪੀ.ਏ. ਐਕਟ ਤਹਿਤ ਦਿੱਲੀ ਅਤੇ ਰੋਪੜ ਵਿੱਚ ਦਰਜ ਹਨ ਅਤੇ ਉਸ ਪਾਸੋਂ ਦਿੱਲੀ ਵਿੱਚ ਭਾਰੀ ਮਾਤਰਾ ਵਿੱਚ ਆਰ.ਡੀ.ਐਕਸ ਬਰਾਮਦ ਹੋਇਆ ਸੀ। ਉਨ੍ਹਾਂ ਦੱਸਿਆ ਕਿ ਇਹ ਸਮੱਗਲਰ ਨਾਮੀ ਅੱਤਵਾਦੀ ਦਯਾ ਸਿੰਘ ਲਹੌਰੀਆ ਦਾ ਸਾਥੀ ਹੈ ਅਤੇ ਇਸ ਪਾਸੋਂ ਸਾਲ 2007 ਵਿੱਚ ਸਿੱਧਵਾਂ ਬੇਟ ਵਿਖੇ 6 ਕਿਲੋ ਹੈਰੋਇਨ ਅਤੇ 4 ਪਿਸਟਲ ਬਰਾਮਦ ਹੋਏ ਸਨ ਅਤੇ ਇਹ ਸਾਲ 2019 ਵਿੱਚ ਜਮਾਨਤ ’ਤੇ ਆਇਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਸੁਖੀ ਪਾਕਿਸਤਾਨ ਵਿੱਚ ਧਾਰਮਿਕ ਸਥਾਨਾਂ ਦੀ ਯਾਤਰਾ ਲਈ ਜਾਂਦਾ ਸੀ ਜਿਸ ਕਰਕੇ ਪਾਕਿਸਤਾਨ ਵਿਖੇ ਨਸ਼ਾ ਸਮੱਗਲਰਾਂ ਨਾਲ ਉਸ ਦੇ ਸਬੰਧ ਸਨ ਜਿਨ੍ਹਾਂ ਰਾਹੀਂ ਉਹ ਹੈਰੋਇਨ ਮੰਗਵਾਉਂਦਾ ਹੈ ਅਤੇ ਅੱਗੇ ਭਾਰਤ ਵਿੱਚ ਸਪਲਾਈ ਕਰਦਾ ਸੀ। ਉਨ੍ਹਾਂ ਦੱਸਿਆ ਕਿ ਮੁਢਲੀ ਤਫਤੀਸ਼ ਵਿੱਚ ਇਹ ਗੱਲ ਸਾਹਮਣੇ ਆਈ ਕਿ ਸੁੱਖੀ ਇਕ ਡਰੱਗ ਸਮੱਗਲਰ ਅਮਰੀਕ ਸਿੰਘ ਵਾਸੀ ਸਰਹੰਦ ਰੋਡ ਪਟਿਆਲਾ ਨਾਲ ਰੱਲ ਕੇ ਨਸ਼ੇ ਦੀ ਸਮੱਗÇਲੰਗ ਦਾ ਧੰਦਾ ਕਰਦਾ ਸੀ ਅਤੇ ਅਮਰੀਕ ਪੈਸਿਆਂ ਦੀ ਮਦਦ ਵੀ ਕਰਦਾ ਸੀ।

ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਟੀਮ ਨੂੰ ਨਸ਼ਿਆਂ ਖਿਲਾਫ਼ ਵੱਡੀ ਕਾਰਵਾਈ ਨੂੰ ਸਫ਼ਲਤਾ ਨਾਲ ਅੰਜ਼ਾਮ ਦੇਣ ਲਈ ਥਾਪੜਾ ਦਿੰਦਿਆਂ ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਨੇ ਕਿਹਾ ਕਿ ਜ਼ਿਲ੍ਹਾ ਪੁਲਿਸ ਵਲੋਂ ਬੜੀ ਹੁਸ਼ਿਆਰੀ ਅਤੇ ਸੂਝਬੂਝ ਨਾਲ ਕਾਰ ਵਿੱਚ ਸਮੱਗਲਿੰਗ ਲਈ ਬਣਾਈ ਵਿਸ਼ੇਸ਼ ਥਾਂ ਨੂੰ ਟਰੇਸ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮਾ ਖਿਲਾਫ਼ ਥਾਣਾ ਮਾਹਿਲਪੁਰ ਵਿੱਚ ਧਾਰਾ 21-ਸੀ-61-85 ਐਨ.ਡੀ.ਪੀ.ਐਸ. ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਅਤੇ ਇਨ੍ਹਾਂ ਦਾ ਰਿਮਾਂਡ ਲੈ ਕੇ ਨਸ਼ਿਆਂ ਦੇ ਧੰਦੇ ਦੀ ਲੜੀ ਦੀ ਤਹਿ ਤੱਕ ਜਾਇਆ ਜਾਵੇਗਾ।

ਸਕਾਰਪੀਓ ਗੱਡੀ ਵਿੱਚੋਂ 20 ਲੱਖ ਰੁਪਏ, 5 ਕਿਲੋ ਡੋਡੇ ਚੂਰਾ ਪੋਸਤ ਸਮੇਤ 3 ਕਾਬੂ
ਸਥਾਨਕ ਪੁਲਿਸ ਲਾਇਨ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਇਕ ਹੋਰ ਮਾਮਲੇ ਵਿੱਚ ਸੀ.ਆਈ.ਏ. ਸਟਾਫ਼ ਹੁਸ਼ਿਆਰਪੁਰ ਨੇ ਟੀ-ਪੁਆਇੰਟ ਗਰਨਾ ਸਾਹਿਬ ਨੇੜੇ ਨਾਕਾਬੰਦੀ ਕਰਕੇ ਸਕਾਰਪੀਓ ਨੰਬਰ ਪੀ.ਬੀ.-13-ਬੀ.ਈ.-3737 ਦੀ ਚੈਕਿੰਗ ਦੌਰਾਨ ਉਸ ਦੀ ਸਟੱਪਣੀ ਵਿੱਚੋਂ 20 ਲੱਖ ਰੁਪਏ ਕੈਸ਼ ਡਰੱਗ ਮਨੀ ਅਤੇ ਗੱਡੀ ਦੇ ਮੈਟ ਹੇਠੋਂ 5 ਕਿਲੋ ਡੋਡੇ ਚੂਰਾ ਪੋਸਤ ਵੀ ਬਰਾਮਦ ਕੀਤੇ। ਉਨ੍ਹਾਂ ਦੱਸਿਆ ਕਿ ਗੱਡੀ ਵਿੱਚ ਸਵਾਰ ਵਿਅਕਤੀਆਂ ਦੀ ਪਛਾਣ ਸੁਰਿੰਦਰ ਸਿੰਘ ਉਰਫ ਸ਼ਿੰਦਾ, ਫੁੰਮਣ ਸਿੰਘ ਉਰਫ ਕਾਲੀ ਅਤੇ ਸ਼ਿੰਦਰ ਪਾਲ ਸਿੰਘ ਉਰਫ਼ ਸ਼ਿੰਦਾ ਤਿੰਨੋਂ ਵਾਸੀ ਬੁਰਜ ਹਸਨ ਥਾਣਾ ਬਿਲਗਾ ਜ਼ਿਲ੍ਹਾ ਜਲੰਧਰ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਇਹ ਤਿੰਨੇ ਸ੍ਰੀਨਗਰ ਵਿਖੇ ਡੋਡੇ ਚੂਰਾ ਪੋਸਤ ਦੀ ਖਰੀਦੋ-ਫਰੋਖਤ ਲਈ ਜਾ ਰਹੇ ਸਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਤਿੰਨਾਂ ਖਿਲਾਫ਼ ਥਾਣਾ ਦਸੂਹਾ ਵਿੱਚ ਐਨ.ਡੀ.ਪੀ.ਐਸ. ਐਕਟ ਦੀ ਧਾਰਾ 15-61-85 ਤਹਿਤ ਮਾਮਲਾ ਦਰਜ ਕੀਤਾ ਗਿਆ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕੇਂਦਰ ਸਰਕਾਰ ਦਾ ਸਿੱਧੀ ਅਦਾਇਗੀ ਵਾਲਾ ਫਾਰਮੂਲਾ ਨਹੀਂ ਹੋ ਸਕਦਾ ਪਾਸ – ਕਿਸਾਨ ਆਗੂ

ਭਾਜਪਾ ਦੀ ਸਿਆਸੀ ਸੂਝਬੂਝ ‘ਤੇ ਉਸਦੇ ਆਗੂਆਂ ਦਾ ਹੰਕਾਰ ਭਾਰੂ ਪਿਆ – ਸੁਨੀਲ ਜਾਖੜ