- ਚੋਣਾਂ ਨੂੰ ਲੈ ਕੇ ਭਾਜਪਾ ਦੀਆਂ ਜੱਥੇਬੰਦਕ ਮੀਟਿੰਗਾਂ ਦਾ ਦੌਰ ਜਾਰੀ
ਚੰਡੀਗੜ੍ਹ: 3 ਅਪ੍ਰੈਲ 2021 – ਭਾਰਤੀ ਜਨਤਾ ਪਾਰਟੀ, ਪੰਜਾਬ ਵਲੋਂ ਭਾਜਪਾ ਪ੍ਰਦੇਸ਼ ਯੁਵਾ ਮੋਰਚਾ ਅਤੇ ਭਾਜਪਾ ਪ੍ਰਦੇਸ਼ ਮਹਿਲਾ ਮੋਰਚਾ ਦੀ ਪੰਜਾਬ ਕਾਰਜਕਾਰਨੀ ਮੀਟਿੰਗ ਸੂਬਾ ਭਾਜਪਾ ਹੈਡਕੁਆਰਟਰ ਚੰਡੀਗੜ੍ਹ ਦੇ ਆਡੀਟੋਰੀਅਮ ਵਿੱਚ ਵੱਖਰੀ-ਵੱਖਰੀ ਆਯੋਜਿਤ ਕੀਤੀ ਗਈ। ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਰਾਸ਼ਟਰੀ ਸੈਕਟਰੀ ਅਤੇ ਸੂਬਾ ਸਹਿ ਇੰਚਾਰਜ ਡਾ: ਨਰਿੰਦਰ ਸਿੰਘ ਇਸ ਮੌਕੇ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ। ਦੋਵਾਂ ਕਾਰਜਕਾਰਨੀਆਂ ਦਾ ਉਦਘਾਟਨ ਦੀਪ ਪ੍ਰਜਵਲਿਤ ਕਰ ਕੀਤਾ ਗਿਆ।
ਸੂਬਾ ਮਹਿਲਾ ਮੋਰਚੇ ਦੀ ਕਾਰਜਕਾਰਨੀ ਦਾ ਆਯੋਜਨ ਸੂਬਾ ਮਹਿਲਾ ਮੋਰਚਾ ਦੀ ਪ੍ਰਧਾਨ ਮੋਨਾ ਜੈਸਵਾਲ ਦੀ ਪ੍ਰਧਾਨਗੀ ਹੇਠ ਕੀਤਾ ਗਿਆ। ਉਧਰ ਦੂਜੇ ਪਾਸੇ, ਭਾਜਪਾ ਪ੍ਰਦੇਸ਼ ਯੁਵਾ ਮੋਰਚਾ ਦੀ ਕਾਰਜਕਾਰਨੀ ਦੀ ਪ੍ਰਧਾਨਗੀ ਸੂਬਾ ਭਾਜਪਾ ਯੁਵਾ ਮੋਰਚਾ ਦੇ ਪ੍ਰਧਾਨ ਭਾਨੂ ਪ੍ਰਤਾਪ ਨੇ ਕੀਤੀ। ਦੋਵਾਂ ਕਾਰਜਕਾਰਨੀਆਂ ਵਿਚ ਪਿਛਲੇ ਸਾਲ ਦੌਰਾਨ ਕੀਤੀਆਂ ਗਈਆਂ ਸੰਗਠਨਾਤਮਕ ਗਤੀਵਿਧੀਆਂ ਬਾਰੇ ਵਿਸਥਾਰ ਨਾਲ ਵਿਚਾਰ ਵਟਾਂਦਰੇ ਕੀਤੇ ਗਏ ਅਤੇ ਸਮੀਖਿਆ ਕੀਤੀ ਗਈ.ਅਤੇ ਕੋਵਿਡ -19 ਦੌਰਾਨ ਮਹਿਲਾ ਮੋਰਚਾ ਅਤੇ ਯੁਵਾ ਮੋਰਚਾ ਵਰਕਰਾਂ ਵਲੋਂ ਜਨਤਾ ਦੇ ਹਿੱਤਾਂ ਲਈ ਕੀਤੇ ਸੇਵਾ ਕਾਰਜਾਂ ਲਈ ਵਧਾਈ ਦਿੱਤੀ ਗਈ।
ਅਸ਼ਵਨੀ ਸ਼ਰਮਾ ਨੇ ਆਪਣੇ ਸੰਬੋਧਨ ਵਿੱਚ ਮੌਜੂਦ ਵਰਕਰਾਂ ਨੂੰ ਆਉਂਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਮੈਦਾਨ ਵਿੱਚ ਡੱਟਣ ਦਾ ਸੱਦਾ ਦਿੰਦਿਆਂ ਕਿਹਾ ਕਿ ਭਾਜਪਾ ਪਹਿਲੀ ਵਾਰ ਆਪਣੇ ਬਲਬੂਤੇ ‘ਤੇ 117 ਵਿਧਾਨ ਸਭਾ ਸੀਟਾਂ ‘ਤੇ ਚੋਣ ਲੜ ਰਹੀ ਹੈ। ਇਸ ਦੇ ਲਈ, ਹਰ ਵਰਕਰ ਦਾ ਸਹਿਯੋਗ ਜ਼ਰੂਰੀ ਹੈ। ਇਸ ਲਈ ਹਰ ਵਰਕਰ ਨੂੰ ਆਪਣੇ ਖੇਤਰ ਦੇ ਲੋਕਾਂ ਨੂੰ ਕੇਂਦਰ ਦੀ ਮੋਦੀ ਸਰਕਾਰ ਦੀਆਂ ਲੋਕ-ਪੱਖੀ ਨੀਤੀਆਂ ਤੋਂ ਜਾਣੂ ਕਰਵਾਉਣਾ ਚਾਹੀਦਾ ਹੈ ਅਤੇ ਸੂਬੇ ਦੀ ਭ੍ਰਿਸ਼ਟ ਕਾਂਗਰਸ ਸਰਕਾਰ ਦੀ ਲੋਕ ਵਿਰੋਧੀ ਸੋਚ ਬਾਰੇ ਜਾਣਕਾਰੀ ਦੇ ਕੇ ਭਾਜਪਾ ਨੂੰ ਹੋਰ ਮਜ਼ਬੂਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮਹਿਲਾ ਮੋਰਚਾ ਅਤੇ ਨੌਜਵਾਨ ਮੋਰਚਾ ਦੋਵੇਂ ਹੀ ਸਮਾਜ ਲਈ ਸ਼ਾਨਦਾਰ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ 2022 ਵਿਚ ਪੰਜਾਬ ਵਿਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਨਣੀ ਤੈਅ ਹੈ, ਕਿਉਂਕਿ ਸੂਬੇ ਦੇ ਲੋਕ ਮੁੱਖ ਮੰਤਰੀ ਅਮਰਿੰਦਰ ਸਿੰਘ ਦੀਆਂ ਲੋਕ ਵਿਰੋਧੀ ਨੀਤੀਆਂ ਅਤੇ ਮਾੜੀ ਰਾਜਨੀਤੀ ਤੋਂ ਚੰਗੀ ਤਰ੍ਹਾਂ ਜਾਣੂ ਹੋ ਚੁੱਕੇ ਹਨ ਅਤੇ ਕਾਂਗਰਸ ਨੂੰ ਸੱਤਾ ਤੋਂ ਬਾਹਰ ਕੱਢਣ ਦਾ ਮਨ ਬਣਾ ਚੁੱਕੇ ਹਨ। ਇਸ ਮੌਕੇ ਅਸ਼ਵਨੀ ਸ਼ਰਮਾ ਨੇ ਅਗਾਮੀ ਚੋਣਾਂ ਨਾਲ ਜੁੜੇ ਮੁੱਦਿਆਂ ਬਾਰੇ ਵਿਚਾਰ ਵਟਾਂਦਰੇ ਕਰਦਿਆਂ ਵਰਕਰਾਂ ਤੋਂ ਉਨ੍ਹਾਂ ਤੋਂ ਸੁਝਾਅ ਵੀ ਮੰਗੇ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਆਉਣ ਵਾਲੇ ਦਿਨਾਂ ਵਿਚ ਪੂਰੇ ਸੂਬੇ ਵਿਚ ਕੈਪਟਨ ਸਰਕਾਰ ਵਲੋਂ ਸੂਬੇ ਦੀ ਮਾੜੀ ਬਣਾਈ ਜਾ ਚੁੱਕੀ ਅਮਨ-ਕਾਨੂੰਨ ਦੀ ਸਥਿਤੀ ਅਤੇ ਪੰਜਾਬ ਵਿਚ ਕਾਨੂੰਨ ਵਿਵਸਥਾ ਨੂੰ ਮੁੜ ਬਹਾਲ ਕਰਨ ਲਈ ਅਤੇ ਲੋਕਾਂ ਨੂੰ ਕੈਪਟਨ ਦੇ ਕੁਸ਼ਾਸਨ ਤੋਂ ਤ੍ਰਾਹਿ-ਤ੍ਰਾਹਿ ਕਰ ਰਹੀ ਜਨਤਾ ਨੂੰ ਜਾਗਰੂਕ ਕਰਨ ਲਈ ਇਕ ਵਿਸ਼ਾਲ ਅਤੇ ਵਿਆਪਕ ਮੁਹਿੰਮ ਚਲਾਈ ਜਾਏਗੀ। ਸ਼ਰਮਾ ਨੇ ਕਿਹਾ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਰਾਜ ਵਿੱਚ ਪੰਜਾਬ ਵਿੱਚ ਹਰ ਜਗ੍ਹਾ ਗੈਂਗਸਟਰਾਂ ਅਤੇ ਮਾਫੀਆ ਦਾ ਬੋਲਬਾਲਾ ਹੈ, ਅਮਨ-ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ ਹੈ, ਕੋਈ ਵੀ ਪੁਲਿਸ ਦੀ ਗਲੇ ਨੂੰ ਹੱਥ ਪਾ ਲੈਂਦਾ ਹੈ। ਭ੍ਰਿਸ਼ਟਾਚਾਰ ਆਪਣੇ ਸਿਖਰ ‘ਤੇ ਹੈ, ਸਰਕਾਰੀ ਕਰਮਚਾਰੀ ਅਤੇ ਬੇਰੁਜ਼ਗਾਰ ਸੜਕਾਂ ‘ਤੇ ਡੰਡੇ ਖਾ ਰਹੇ ਹਨ, ਆਮ ਆਦਮੀ ਆਪਣੀ ਸੁਰੱਖਿਆ ਨੂੰ ਲੈ ਕੇ ਹਰ ਸਮੇਂ ਦਹਿਸ਼ਤ ਵਿਚ ਰਹਿੰਦਾ ਹੈ। ਜੋ ਮੁੱਖ ਮੰਤਰੀ ਆਪਣੇ ਵਿਧਾਇਕ ਦੀ ਰੱਖਿਆ ਨਹੀਂ ਕਰ ਸਕਦਾ, ਉਹ ਸੂਬੇ ਦੇ ਲੋਕਾਂ ਦੀ ਰੱਖਿਆ ਕੀ ਕਰੇਗਾ? ਸ਼ਰਮਾ ਨੇ ਕਿਹਾ ਕਿ ਲੋਕ ਭਾਜਪਾ ਨੂੰ ਆਪਣੀ ਆਜ਼ਾਦੀ ਅਤੇ ਸ਼ਾਂਤੀਪੂਰਣ ਜੀਵਨ ਲਈ ਪੰਜਾਬ ਦਾ ਭਵਿੱਖ ਮੰਨ ਰਹੇ ਹਨ।