45 ਸਾਲ ਤੋਂ ਵੱਧ ਉਮਰ ਦੇ ਲੋਕਾਂ ਦਾ ਇਸੇ ਮਹੀਨੇ ਅੰਦਰ ਕੀਤਾ ਜਾਵੇ ਟੀਕਾਕਰਨ – ਮੁੱਖ ਸਕੱਤਰ

  • ਡਿਪਟੀ ਕਮਿਸ਼ਨਰਾਂ ਨੂੰ ਪ੍ਰਤੀ ਦਿਨ 60,000 ਕੋਵਿਡ ਟੈਸਟ ਕਰਨ ਦੀ ਕੀਤੀ ਹਦਾਇਤ

ਚੰਡੀਗੜ੍ਹ, 4 ਅਪ੍ਰੈਲ 2021 – ਰਾਜ ਵਿਚ ਕੋਵਿਡ ਦੇ ਮੁੜ੍ਹ ਉਭਾਰ ਨੂੰ ਰੋਕਣ ਦੇ ਉਦੇਸ਼ ਨਾਲ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਨੇ ਸ਼ਨਿਚਰਵਾਰ ਨੂੰ ਸਿਹਤ ਵਿਭਾਗ ਨੂੰ 45 ਸਾਲ ਤੋਂ ਵੱਧ ਉਮਰ ਦੇ ਸਾਰੇ ਵਿਅਕਤੀਆਂ ਨੂੰ ਇਸੇ ਮਹੀਨੇ ਦੇ ਅੰਦਰ ਅੰਦਰ ਟੀਕਾਕਰਨ ਕਰਨ ਦੇ ਹੁਕਮ ਦਿੱਤੇ ਹਨ।
ਉਹਨਾਂ ਹਰੇਕ ਜ਼ਿਲੇ ਦੇ ਇੰਚਾਰਜ ਪ੍ਰਬੰਧਕੀ ਸਕੱਤਰਾਂ ਨੂੰ ਯੋਜਨਾਬੰਦੀ ਅਤੇ ਰਿਸਪਾਂਸ ਸਿਸਟਮ ਦੀ ਨਜ਼ਰਸਾਨੀ ਕਰਨ ਦੇ ਨਿਰਦੇਸ਼ ਵੀ ਦਿੱਤੇ।

ਇਥੇ ਸੂਬੇ ਵਿੱਚ ਕੋਵਿਡ ਟੀਕਾਕਰਨ ਅਤੇ ਪ੍ਰਬੰਧਨ ਦੀ ਸਮੀਖਿਆ ਕਰਨ ਲਈ ਇਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਸਕੱਤਰ ਨੇ ਸਮੂਹ ਡਿਪਟੀ ਕਮਿਸ਼ਨਰਾਂ, ਪੁਲਿਸ ਕਮਿਸ਼ਨਰਾਂ ਅਤੇ ਜਿਲਾ ਪੁਲਿਸ ਮੁਖੀਆਂ ਨੂੰ ਮੌਤ ਦਰ ਨੂੰ ਘਟਾਉਣ ਅਤੇ ਸੰਪਰਕ ਟਰੇਸਿੰਗ ਵਧਾਉਣ, ਟੈਸਟਿੰਗ ਵਧਾਉਣ ਦੇ ਨਾਲ-ਨਾਲ ਟੀਕਾਕਰਨ ਮੁਹਿੰਮ ਵਿੱਚ ਤੇਜ਼ੀ ਲਿਆਉਣ ਦੇ ਯਤਨ ਕਰਨ ਦੀ ਹਦਾਇਤ ਕੀਤੀ ਤਾਂ ਜੋ ਪੰਜਾਬ ਨੂੰ ਕੋਵਿਡ ਦੀ ਮੌਜੂਦਾ ਨਾਜ਼ੁਕ ਸਥਿਤੀ ਵਿਚੋਂ ਬਾਹਰ ਕੱਢਿਆ ਜਾ ਸਕੇ।
ਸ੍ਰੀਮਤੀ ਮਹਾਜਨ ਨੇ ਕਿਹਾ ਕਿ ਕੋਵਿਡ ਦੇ ਵਧ ਰਹੇ ਮਾਮਲਿਆਂ ਨੂੰ ਰੋਕਣ ਲਈ ਕੋਵਿਡ ਸਬੰਧੀ ਨਿਯਮਾਂ ਨੂੰ ਸਖਤੀ ਨਾਲ ਲਾਗੂ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਪਿਛਲੇ ਹਫਤੇ ਪੰਜਾਬ ਵਿੱਚ ਕੋਵਿਡ ਦੇ ਕੇਸ ਬੜੀ ਦੀ ਤੇਜੀ ਨਾਲ ਵਧੇ ਹਨ।

ਉਨਾਂ ਰਿਪੋਰਟਾਂ ‘ਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਬਹੁਤੇ ਲੋਕ ਹਾਲੇ ਵੀ ਸਮਾਜਿਕ, ਰਾਜਨੀਤਿਕ ਅਤੇ ਧਾਰਮਿਕ ਇਕੱਠਾਂ ਦੌਰਾਨ ਮਾਸਕ ਨਹੀਂ ਪਹਿਨ ਰਹੇ ਜਿਸ ਕਾਰਨ ਸੂਬੇ ਵਿਚ ਕੋਵਿਡ ਸਥਿਤੀ ਹੋਰ ਵੀ ਖਤਰਨਾਕ ਬਣ ਸਕਦੀ ਹੈ।
ਡੀ.ਸੀ, ਸੀ.ਪੀ, ਐਸ.ਐਸ.ਪੀਜ਼. ਅਤੇ ਸਿਵਲ ਸਰਜਨਾਂ ਤੋਂ ਮੌਜੂਦਾ ਸਥਿਤੀ ਦਾ ਜਾਇਜਾ ਲੈਂਦੇ ਹੋਏ ਮੁੱਖ ਸਕੱਤਰ ਨੂੰ ਜਾਣਕਾਰੀ ਦਿੱਤੀ ਗਈ ਕਿ ਹੁਣ ਤੱਕ ਲਗਭਗ 10 ਲੱਖ ਲੋਕਾਂ ਦਾ ਟੀਕਾਕਰਣ ਕੀਤਾ ਜਾ ਚੁੱਕਾ ਹੈ ਅਤੇ ਆਉਂਦੇ ਦੋ ਹਫਤਿਆਂ ਦੌਰਾਨ ਸੂਬੇ ਵਿੱਚ 32 ਲੱਖ ਨਾਗਰਿਕਾਂ ਨੂੰ ਟੀਕਾ ਲਗਾਉਣ ਦੀ ਯੋਜਨਾ ਹੈ।
ਉਹਨਾਂ ਸੂਬੇ ਦੇ ਸਰਕਾਰੀ ਅਮਲੇ ਨੂੰ ਹਦਾਇਤ ਕੀਤੀ ਕਿ ਟੈਸਟਿੰਗ ਸਮਰੱਥਾ ਨੂੰ ਪ੍ਰਤੀ ਦਿਨ 60,000 ਤੱਕ ਪਹੁੰਚਾਇਆ ਜਾਵੇ ਤਾਂ ਜੋ ਕੋਵਿਡ ਦੀ ਸਥਿਤੀ ’ਤੇ ਸਮੇਂ ਸਿਰ ਕਾਬੂ ਪਾਇਆ ਜਾ ਸਕੇ।

ਸ੍ਰੀਮਤੀ ਮਹਾਜਨ ਨੇ ਜਿਲਾ ਪ੍ਰਸ਼ਾਸਨ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਕੋਵਿਡ ਦੇ ਮਰੀਜਾਂ ਦੇ ਨਮੂਨਿਆਂ ਨੂੰ ਜਲਦੀ ਤੋਂ ਜਲਦੀ ਇਕੱਤਰ ਕੀਤਾ ਜਾਵੇ ਅਤੇ ਜਲਦ ਤੋਂ ਜਲਦ ਨਤੀਜੇ ਉਪਲਬਧ ਕਰਵਾਏ ਜਾਣ ਤਾਂ ਜੋ ਪਾਜ਼ਟਿਵ ਮਰੀਜ ਖੁਦ ਨੂੰ ਤੁਰੰਤ ਕੁਆਰਨਟੀਨ ਕਰ ਸਕਣ।
ਉਹਨਾਂ ਇੱਛਾ ਪ੍ਰਗਟਾਈ ਕਿ ਡਾਕਟਰਾਂ ਅਤੇ ਸਿਹਤ ਕਰਮਚਾਰੀ ਆਈਸੋਲੇਟ ਕੀਤੇ ਮਰੀਜਾਂ ਨੂੰ ਨਿੱਜੀ ਤੌਰ ਤੇ ਮਿਲਣ ਅਤੇ ਮਰੀਜਾਂ ਨੂੰ ਲੋੜੀਂਦੀ ਦਵਾਈ ਜਾਂ ਅਗਲੇਰੀ ਜਾਂਚ ਸਬੰਧੀ ਢੁਕਵੀਂ ਸੇਧ ਦਿੱਤੀ ਜਾਵੇ। ਉਹਨਾਂ ਡਾਕਟਰਾਂ ਨੂੰ ਇਸ ਮੁਸ਼ਕਲ ਘੜੀ ਵਿੱਚ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਕੰਮ ਕਰਨ ਲਈ ਪ੍ਰੇਰਿਆ।

ਮੁੱਖ ਸਕੱਤਰ ਨੇ ਜਿਲਾ ਪ੍ਰਸਾਸਨ ਨੂੰ ਗੈਰ-ਸਰਕਾਰੀ ਸੰਗਠਨਾਂ ਅਤੇ ਹੋਰ ਸਿਵਲ ਸੁਸਾਇਟੀ ਸਮੂਹਾਂ ਨੂੰ ਵੈਕਸੀਨੇਸ਼ਨ ਮੁਹਿੰਮ ਵਿੱਚ ਹਿੱਸਾ ਲੈਣ ਖ਼ਾਤਰ ਪ੍ਰੇਰਿਤ ਕਰਨ ਲਈ ਕਿਹਾ ਤਾਂ ਜੋ ਲੋਕ ਬਿਨਾਂ ਕਿਸੇ ਝਿਜਕ ਦੇ ਵੈਕਸੀਨ ਲਵਾਉਣ ਲਈ ਅੱਗੇ ਆ ਸਕਣ।
ਉਹਨਾਂ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਕਿ ਕੋਵਿਡ ਟੈਸਟਿੰਗ ਵਿੱਚ ਵਾਧਾ ਕਰਨ ਲਈ ਨਮੂਨਿਆਂ ਨੂੰ ਦਿਨ ਵਿੱਚ ਤਿੰਨ ਵਾਰ ਲੈਬਾਂ ਵਿੱਚ ਭੇਜਿਆ ਜਾਵੇ ਅਤੇ ਟੈਸਟਾਂ ਦੇ ਨਤੀਜੇ ਮਰੀਜ਼ਾਂ ਨੂੰ ਜਲਦੀ ਉਪਲਬਧ ਕਰਵਾਏ ਜਾਣ।

ਕੋਵਿਡ ਪ੍ਰਬੰਧਨ, ਟੈਸਟਿੰਗ, ਟਰੇਸਿੰਗ ਅਤੇ ਟੀਕਾਕਰਨ ਬਾਰੇ ਸੂਬੇ ਦੀ ਰਣਨੀਤੀ ਪੇਸ਼ ਕਰਦਿਆਂ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਹੁਸਨ ਲਾਲ ਨੇ ਦੱਸਿਆ ਕਿ ਡਾਕਟਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਨਮੂਨੇ ਅਤੇ ਟੀਕਾਕਰਣ ਸਬੰਧੀ ਵੇਰਵਿਆਂ ਨੂੰ ਰੀਅਲ ਟਾਈਮ ਅਧਾਰ ‘ਤੇ ਅਪਲੋਡ ਕਰਨ ਅਤੇ ਲਾਭਪਾਤਰੀਆਂ ਨੂੰ ਫ਼ੋਨਾਂ ਤੇ ਸੁਨੇਹਾ ਭੇਜਿਆ ਜਾਵੇ ਤਾਂ ਜੋ ਉਹ ਸਮੇਂ ਸਿਰ ਟੀਕਾਕਰਣ ਵਾਲੀਆਂ ਥਾਵਾਂ ਤੇ ਪਹੁੰਚ ਸਕਣ।
ਉਹਨਾਂ ਕੋਵਿਡ ਖਿਲਾਫ ਲੜਾਈ ਜਿੱਤਣ ਲਈ ਛੇ ਆਧਾਰਾਂ ਦਾ ਵਿਖਿਆਨ ਕੀਤਾ ਜਿਸ ਵਿੱਚ ਰੋਕਥਾਮ ਅਤੇ ਨਿਗਰਾਨੀ, ਟੈਸਟਿੰਗ, ਇਲਾਜ, ਟੀਕਾਕਰਣ, ਨਾਗਰਿਕ ਸੰਚਾਰ ਅਤੇ ਜਾਣਕਾਰੀ ਪ੍ਰਬੰਧਨ ਸ਼ਾਮਲ ਹਨ।

ਉਨਾਂ ਦੱਸਿਆ ਕਿ ਕੋਵਿਡ ਦੀ ਇਸ ਦੂਜੀ ਲਹਿਰ ਵਿੱਚ ਪੰਜਾਬ ਵਿੱਚ ਲਗਭਗ 80 ਫੀਸਦ ਕੋਵਿਡ ਕੇਸ ਯੂਕੇ ਦੇ ਸਟ੍ਰੇਨ ਵਾਲੇ ਪਾਏ ਗਏ ਹਨ।
ਇਸ ਮੌਕੇ ਡੀਜੀਪੀ ਸ੍ਰੀ ਦਿਨਕਰ ਗੁਪਤਾ ਨੇ ਦੱਸਿਆ ਕਿ ਪੁਲਿਸ ਕਰਮਚਾਰੀਆਂ ਵਲੋਂ ਹੁਣ ਤਕ ਲਗਭਗ ਡੇਢ ਲੱਖ ਆਰ. ਟੀ-ਪੀ.ਸੀ.ਆਰ ਟੈਸਟ ਕਰਵਾਏ ਜਾ ਚੁੱਕੇ ਹਨ। ਇਸ ਤੋਂ ਇਲਾਵਾ ਪੰਜਾਬ ਪੁਲਿਸ ਦੀਆਂ ਦੋ ਬਟਾਲੀਅਨਾਂ ਦੀ ਪੂਰੀ ਤਰਾਂ ਟੀਕਾਕਰਣ ਕਰਵਾ ਦਿੱਤੀ ਗਈ ਹੈ ਅਤੇ 74 ਫੀਸਦੀ ਪੁਲਿਸ ਕਰਮੀ ਪਹਿਲਾਂ ਹੀ ਇਹ ਟੀਕਾ ਲਗਵਾ ਚੁੱਕੇ ਹਨ।
ਉਹਨਾਂ ਲੋਕਾਂ ਨੂੰ ਕੋਵਿਡ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਨ ਦੀ ਸਲਾਹ ਦਿੱਤੀ ਅਤੇ ਕਿਹਾ ਕਿ ਹਾਲਾਤ ਆਮ ਬਣਨ ਤੱਕ ਹੋਟਲ ਅਤੇ ਰੈਸਟੋਰੈਂਟਾਂ ਵਿਚ ਪਾਰਟੀਆਂ ਲਈ ਇਕੱਠ ਨਾ ਕੀਤਾ ਜਾਵੇ।

ਇਸ ਮੀਟਿੰਗ ਵਿੱਚ ਹੋਰਨਾ ਤੋਂ ਇਲਾਵਾ ਵਧੀਕ ਮੁੱਖ ਸਕੱਤਰ ਸੈਰ ਸਪਾਟਾ ਤੇ ਸਭਿਆਚਾਰਕ ਮਾਮਲੇ ਸੰਜੇ ਕੁਮਾਰ, ਵਧੀਕ ਮੁੱਖ ਸਕੱਤਰ ਫੂਡ ਪ੍ਰੋਸੈਸਿੰਗ ਅਨਿਰੁੱਧ ਤਿਵਾੜੀ, ਵਧੀਕ ਮੁੱਖ ਸਕੱਤਰ ਕਰ, ਏ. ਵੇਨੂ ਪ੍ਰਸਾਦ, ਵਿੱਤ ਕਮਿਸ਼ਨਰ ਪੇਂਡੂ ਵਿਕਾਸ ਅਤੇ ਪੰਚਾਇਤਾਂ ਸੀਮਾ ਜੈਨ, ਪ੍ਰਮੁੱਖ ਸਕੱਤਰ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਸਰਵਜੀਤ ਸਿੰਘ, ਪ੍ਰਮੁੱਖ ਸਕੱਤਰ ਵਿੱਤ ਕੇ.ਏ.ਪੀ ਸਿਨਹਾ, ਪ੍ਰਮੁੱਖ ਸਕੱਤਰ ਨਿਵੇਸ਼ ਉਤਸ਼ਾਹਤਨ ਅਲੋਕ ਸ਼ੇਖਰ, ਪ੍ਰਮੁੱਖ ਸਕੱਤਰ ਮੈਡੀਕਲ ਸਿੱਖਿਆ ਅਤੇ ਖੋਜ ਡੀ.ਕੇ. ਤਿਵਾੜੀ, ਪ੍ਰਮੁੱਖ ਸਕੱਤਰ ਲੋਕ ਨਿਰਮਾਣ ਵਿਕਾਸ ਪ੍ਰਤਾਪ, ਪ੍ਰਮੁੱਖ ਸਕੱਤਰ ਯੋਜਨਾ ਰਾਜ ਕਮਲ ਚੌਧਰੀ, ਪ੍ਰਮੁੱਖ ਸਕੱਤਰ ਸਥਾਨਕ ਸਰਕਾਰਾਂ ਅਜੋਏ ਕੁਮਾਰ ਸਿਨਹਾ ਅਤੇ ਸਿਹਤ ਸਲਾਹਕਾਰ ਡਾ ਕੇ.ਕੇ. ਤਲਵਾੜ ਤੇ ਵਾਈਸ ਚਾਂਸਲਰ ਡਾ. ਰਾਜ ਬਹਾਦਰ ਵੀ ਹਾਜ਼ਰ ਸਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕੈਪਟਨ ਨੇ ਸਿੱਧੀ ਅਦਾਇਗੀ ਦੇ ਮੁੱਦੇ ‘ਤੇ ਮੋਦੀ ਨੂੰ ਪੱਤਰ ਲਿਖਿਆ

ਦਿੱਲੀ ਧਰਨੇ ਤੋਂ ਪਰਤੇ ਕਿਸਾਨ ਦੀ ਹੋਈ ਮੌਤ