ਚੰਡੀਗੜ੍ਹ, 6 ਅਪ੍ਰੈਲ 2021 – ਸੂਬੇ ਵਿੱਚ ਅਗਲੇ ਸਾਲ ਦੀ ਸ਼ੁਰੂਆਤ ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ, ਮੁੱਖ ਚੋਣ ਅਧਿਕਾਰੀ (ਸੀ.ਈ.ਓ.) ਪੰਜਾਬ ਡਾ. ਐਸ ਕਰੁਣਾ ਰਾਜੂ ਨੇ ਚੋਣ ਅਧਿਕਾਰੀਆਂ ਨੂੰ ਚੋਣਾਂ ਲਈ ਤਿਆਰ ਰਹਿਣ ਦੀ ਹਦਾਇਤ ਕੀਤੀ ਹੈ। ਇਸ ਸਬੰਧੀ ਅੱਜ ਗੂਗਲ ਮੀਟ ਰਾਹੀਂ ਪੰਜਾਬ ਦੇ ਸਾਰੇ 22 ਜ਼ਿਲ੍ਹਿਆਂ ਦੇ ਚੋਣ ਤਹਿਸੀਲਦਾਰਾਂ ਅਤੇ ਚੋਣ ਕਾਨੂੰਗੋਆਂ ਨਾਲ ਮੀਟਿੰਗ ਕੀਤੀ ਗਈ।
ਪੰਜਾਬ ਰਾਜ ਵਿਚ ਵਿਧਾਨ ਸਭਾ ਚੋਣਾਂ ਅਗਲੇ ਸਾਲ ਦੇ ਸ਼ੁਰੂ ਵਿਚ ਹੋਣੀਆਂ ਹਨ ਅਤੇ ਮੁੱਖ ਚੋਣ ਅਧਿਕਾਰੀ ਨੇ ਵੋਟਰ ਸੂਚੀ ਦੀ ਨਿਰੰਤਰ ਅਪਡੇਟ ਲਈ ਮੁਹਿੰਮ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਹੈ। ਮੌਜੂਦਾ ਮਹਾਂਮਾਰੀ ਦੌਰਾਨ ਤਕਨਾਲੋਜੀ ਇੱਕ ਅਹਿਮ ਭੂਮਿਕਾ ਅਦਾ ਕਰਦੀ ਹੈ ਅਤੇ ਇਸ ਨਾਲ ਮੋਬਾਈਲ ਐਪਲੀਕੇਸ਼ਨਾਂ ਦੀ ਭੂਮਿਕਾ ਕਈ ਗੁਣਾ ਵੱਧ ਜਾਂਦੀ ਹੈ। ਉਹਨਾਂ ਸਾਰੇ ਅਧਿਕਾਰੀਆਂ ਨੂੰ ਮੋਬਾਈਲ ਐਪਲੀਕੇਸ਼ਨ ਦੀ ਵੱਧ ਤੋਂ ਵੱਧ ਵਰਤੋਂ ਕਰਨ ਦੀ ਹਦਾਇਤ ਕੀਤੀ। ਇਹਨਾਂ ਐਪਸ ਵਿੱਚ ਮੁੱਖ ਤੌਰ ‘ਤੇ ਆਮ ਲੋਕਾਂ ਲਈ ਵੋਟਰ ਹੈਲਪਲਾਈਨ ਐਪ, ਅਪੰਗ ਵਿਅਕਤੀਆਂ ਲਈ ਪੀਡਬਲਯੂਡੀ ਐਪ, ਬੂਥ ਲੈਵਲ ਅਧਿਕਾਰੀਆਂ (ਬੀ.ਐਲ.ਓਜ਼) ਲਈ ਗਰੁਡ ਐਪ ਸ਼ਾਮਲ ਹੈ।
ਸੀ.ਈ.ਓ., ਪੰਜਾਬ ਡਾ. ਐਸ. ਕਰੁਣਾ ਰਾਜੂ ਨੇ ਕਿਹਾ ਕਿ ਵਿਕੇਂਦਰੀਕਰਣ ਪਹੁੰਚ ਸੁਤੰਤਰ ਅਤੇ ਨਿਰਪੱਖ ਚੋਣਾਂ ਯਕੀਨੀ ਬਣਾਉਣ ਵਿੱਚ ਸਹਾਇਕ ਹੁੰਦੀ ਹੈ। ਉਹਨਾਂ ਅਧਿਕਾਰੀਆਂ ਨੂੰ ਸਾਰੇ ਪੋਲਿੰਗ ਬੂਥਾਂ ਦੀ ਖੁਦ ਤਸਦੀਕ ਕਰਨ ਅਤੇ ਕੋਵਿਡ -19 ਸਥਿਤੀ ਦੇ ਮੱਦੇਨਜ਼ਰ ਵਧੇਰੇ ਸਥਾਨਾਂ ਦਾ ਸੁਝਾਅ ਦੇਣ ਅਤੇ ਸਾਰੇ ਢੁੱਕਵੇਂ ਅੰਕੜਿਆਂ ਨੂੰ ਅਪਡੇਟ ਕਰਨ ਦੇ ਨਿਰਦੇਸ਼ ਦਿੱਤੇ।
ਵਧੀਕ ਸੀ.ਈ.ਓ., ਪੰਜਾਬ ਸ੍ਰੀਮਤੀ ਮਾਧਵੀ ਕਟਾਰੀਆ, ਆਈ.ਏ.ਐੱਸ. ਨੇ ਫੀਲਡ ਅਫਸਰਾਂ ਨੂੰ ਹਦਾਇਤ ਕੀਤੀ ਕਿ ਉਹ ਅਪੰਗ ਵਿਅਕਤੀਆਂ ਲਈ ਮੋਬਾਈਲ ਐਪਲੀਕੇਸ਼ਨਾਂ ਖਾਸ ਕਰਕੇ ਪੀ.ਡਬਲਯੂ.ਡੀ ਐਪ ਨੂੰ ਉਤਸ਼ਾਹਿਤ ਕਰਨ ਲਈ ਇੱਕ ਵਿਸ਼ੇਸ਼ ਮੁਹਿੰਮ ਸ਼ੁਰੂ ਕਰਨ। ਭਾਰਤੀ ਚੋਣ ਕਮਿਸ਼ਨ ਦੀ ਨਵੀਂ ਪਹਿਲਕਦਮੀ ‘ਹੈਲੋ ਵੋਟਰਸ’ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ। ਜ਼ਿਲ੍ਹਾ ਸਵੀਪ ਆਈਕਾਨ ‘ਹੈਲੋ ਵੋਟਰਾਂ’ ਲਈ ਛੋਟੇ ਆਡੀਓ ਕਲਿੱਪ ਤਿਆਰ ਕਰਨਗੇ।
ਫੀਲਡ ਅਫਸਰਾਂ ਨੂੰ ਨਿਰਦੇਸ਼ ਦਿੱਤੇ ਗਏ ਕਿ ਉਹ ਆਉਟਰੀਚ ਗਤੀਵਿਧੀਆਂ ਲਈ ਬਿਹਤਰ ਢੰਗ ਨਾਲ ਤਕਨਾਲੋਜੀ ਦੀ ਵਰਤੋਂ ਕਰਨ। ਪੀਡਬਲਯੂਡੀਜ਼, ਟ੍ਰਾਂਸਜੈਂਡਰ, ਨੌਜਵਾਨਾਂ ਆਦਿ ਲਈ ਵਰਗ ਅਨੁਸਾਰ ਗੂਗਲ ਮੀਟਸ ਅਤੇ ਵੈਬਿਨਾਰਾਂ ਦਾ ਸੁਝਾਅ ਦਿੱਤਾ ਗਿਆ।
ਫੀਲਡ ਅਫਸਰਾਂ ਨੂੰ ਹਦਾਇਤ ਕੀਤੀ ਗਈ ਕਿ ਉਹ ਸੋਸ਼ਲ ਮੀਡੀਆ ਦੀ ਪ੍ਰਭਾਵਸ਼ਾਲੀ ਢੰਗ ਨਾਲ ਵਰਤੋਂ ਕਰਕੇ ਜਾਣਕਾਰੀ ਦਾ ਪ੍ਰਚਾਰ ਕਰਨ ਅਤੇ ਟੀਚਾਗਤ ਵੋਟਰਾਂ ਖਾਸ ਕਰਕੇ ਨੌਜਵਾਨਾਂ ਦਰਮਿਆਨ ਚੋਣ ਸਬੰਧੀ ਜਾਗਰੂਕਤਾ ਪੈਦਾ ਕਰਨ।
ਨਾਗਰਿਕ ਵੋਟਰ ਸੂਚੀ ਵਿਚ ਨਾਮ ਦਰਜ ਕਰਾਉਣ, ਸੋਧ ਕਰਨ ਜਾਂ ਨਾਮ ਹਟਾਉਣ ਵਰਗੀਆਂ ਸੇਵਾਵਾਂ ਲੈਣ ਲਈ ਡੀਸੀ ਦਫ਼ਤਰ, ਚੋਣ ਰਜਿਸਟ੍ਰੇਸ਼ਨ ਦਫ਼ਤਰ ਜਾਂ ਸਬੰਧਤ ਬੂਥ ਲੈਵਲ ਅਫਸਰ (ਬੀ.ਐਲ.ਓ.) ਨਾਲ ਸੰਪਰਕ ਕਰਕੇ ਫਾਰਮ ਭਰ ਸਕਦੇ ਹਨ। ਇਸ ਤੋਂ ਇਲਾਵਾ ਇਹ ਸੇਵਾਵਾਂ ਵੈਬਸਾਈਟ http://www.voterportal.eci.gov.in ਜਾਂ ਵੋਟਰ ਹੈਲਪਲਾਈਨ ਮੋਬਾਈਲ ਐਪ ‘ਤੇ ਆਨਲਾਈਨ ਉਪਲਬਧ ਹਨ।