ਬਰਨਾਲਾ, 7 ਅਪ੍ਰੈਲ 2021 – ਬਰਨਾਲਾ ਦੇ ਪਿੰਡ ਕਾਲੇਕੇ ਵਿੱਚ ਇੱਕ ਦੋਸਤ ਵੱਲੋਂ ਆਪਣੇ ਗੁਆਂਢੀ ਪਿੰਡ ਬਦਰਾ ਦੇ ਇੱਕ ਦੋਸਤ ਨੂੰ ਅੱਗ ਲਗਾ ਕੇ ਕਤਲ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਮੁਲਜ਼ਮ ਵੱਲੋਂ ਇਸ ਘਟਨਾ ਨੂੰ ਰਾਤ ਦੇ ਸਮੇ ਅੰਜ਼ਾਮ ਦਿੱਤਾ ਗਿਆ ਅਤੇ ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ। ਪਰਿਵਾਰ ਅਤੇ ਪਿੰਡ ਵਾਸੀਆਂ ਨੂੰ ਇਸ ਘਟਨਾ ਦਾ ਪਤਾ ਸਵੇਰ ਵੇਲੇ ਲੱਗਿਆ। ਚਿਹਰਾ ਸੜ ਜਾਣ ਕਾਰਨ ਮ੍ਰਿਤਕ ਦੇਹ ਦੀ ਸ਼ਨਾਖਤ ਮੁਸ਼ਿਕਲ ਦੇ ਨਾਲ ਹੋਈ। ਪਰਿਵਾਰ ਅਤੇ ਪਿੰਡ ਵਾਸੀਆਂ ਨੇ ਦੋਸ਼ੀ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਦੋਸ਼ੀ ਸਿਰ ਪਹਿਲਾਂ ਵੀ ਕਈ ਕੇਸ ਦਰਜ ਹਨ। ਪੁਲਿਸ ਨੇ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਅਤੇ ਦੋਸ਼ੀ ਦੀ ਪੁਲਿਸ ਵੱਲੋਂ ਭਾਲ ਸ਼ੁਰੂ ਕਰ ਦਿੱਤੀ ਹੈ।
ਪਿੰਡ ਵਾਸੀਆਂ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਮ੍ਰਿਤਕ ਰਣਜੀਤ ਸਿੰਘ ਬਦਰਾ ਪਿੰਡ ਦਾ ਵਸਨੀਕ ਹੈ। ਸਵੇਰੇ ਪਤਾ ਲੱਗਿਆ ਕਿ ਪਿੰਡ ਕਾਲੇਕੇ ਵਿਚ ਉਸ ਨੂੰ ਅੱਗ ਲਾ ਕੇ ਜਿੰਦਾ ਸਾੜ ਦਿੱਤਾ ਗਿਆ। ਉਸ ਦਾ ਕਤਲ ਉਸਦੇ ਸਾਥੀ ਅਵਤਾਰ ਸਿੰਘ ਵੱਲੋਂ ਕੀਤਾ ਗਿਆ ਹੈ। ਪਿਛਲੇ ਸਮੇਂ ਵਿੱਚ ਵੀ ਮੁਲਜ਼ਮ ਵਿਰੁੱਧ ਕਈ ਜੁਰਮ ਦੇ ਕੇਸ ਦਰਜ ਹਨ। ਪਰ ਕਤਲ ਕਿਉਂ ਕੀਤਾ ਗਿਆ ਹੈ ਇਸ ਬਾਰੇ ਅਜੇ ਤੱਕ ਪਤਾ ਨਹੀਂ ਲੱਗ ਸਕਿਆ।
ਇਸੇ ਦੌਰਾਨ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਏਐਸਆਈ ਮਨਜੀਤ ਸਿੰਘ ਨੇ ਦੱਸਿਆ ਕਿ ਰਣਜੀਤ ਸਿੰਘ ਨਿਵਾਸੀ ਬਦਰਾ ਅਤੇ ਅਵਤਾਰ ਸਿੰਘ ਨਿਵਾਸੀ ਕਾਲੇਕੇ ਆਪਸ ਵਿੱਚ ਦੋਸਤ ਸਨ। ਰਣਜੀਤ ਸਿੰਘ ਅਕਸਰ ਅਵਤਾਰ ਸਿੰਘ ਦੇ ਕੋਲ ਜਾਂਦਾ ਰਹਿੰਦਾ ਸੀ। ਬੀਤੀ ਰਾਤ ਉਹ ਵੀ ਅਵਤਾਰ ਸਿੰਘ ਦੇ ਘਰ ਸੀ। ਪਰ ਬੀਤੀ ਰਾਤ ਅਵਤਾਰ ਨੇ ਆਪਣੇ ਦੋਸਤ ਰਣਜੀਤ ਸਿੰਘ ਨੂੰ ਕੁੱਟਿਆ ਅਤੇ ਅੱਗ ਲਾ ਦਿੱਤੀ, ਜਿਸ ਨਾਲ ਉਸਦੀ ਮੌਤ ਹੋ ਗਈ। ਮੁਲਜ਼ਮ ਅਵਤਾਰ ਸਿੰਘ ਖ਼ਿਲਾਫ਼ ਪੁਲਿਸ ਵੱਲੋਂ ਇਸ ਕੇਸ ਵਿੱਚ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਮੁਲਜ਼ਮ ਖ਼ਿਲਾਫ਼ ਕਈ ਕੇਸ ਦਰਜ ਕੀਤੇ ਜਾ ਚੁੱਕੇ ਹਨ ਅਤੇ ਇਹ ਜ਼ਮਾਨਤ ’ਤੇ ਬਾਹਰ ਆਇਆ ਹੈ। ਪੁਲਿਸ ਨੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ।