ਕੈਲੀਫੋਰਨੀਆ, 07 ਅਪ੍ਰੈਲ 2021 – ਅਮਰੀਕਾ ਵਿੱਚ ਕੋਰੋਨਾ ਵਾਇਰਸ ਤੇ ਕਾਬੂ ਪਾਉਣ ਲਈ ਕੋਰੋਨਾ ਟੀਕਾਕਰਨ ਮੁਹਿੰਮ ਜਾਰੀ ਹੈ। ਜਿਸਦੇ ਤਹਿਤ ਅਮਰੀਕਾ ਦੇ ਨਿਊਯਾਰਕ ਅਤੇ ਮੈਰੀਲੈਂਡ ‘ਚ 16 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਕੋਰੋਨਾ ਵੈਕਸੀਨ ਲੱਗੇਗੀ। ਇਹ ਫੈਸਲਾ ਕਈ ਹੋਰ ਰਾਜਾਂ ਵੱਲੋਂ ਅਜਿਹਾ ਕਰਨ ਦੇ ਬਾਅਦ ਕੀਤਾ ਗਿਆ ਹੈ। ਸਰਕਾਰ ਵੱਲੋਂ ਜ਼ਿਆਦਾਤਰ ਲੋਕਾਂ ਨੂੰ ਕੋਰੋਨਾ ਵੈਕਸੀਨ ਲਗਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ।
ਇਸ ਸਮੇਂ ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਹੋਰ ਰੂਪਾਂ ਦੇ ਫੈਲਣ ਦਾ ਖਤਰਾ ਵਧ ਰਿਹਾ ਹੈ, ਇਸ ਲਈ ਜਿਆਦਾ ਲੋਕਾਂ ਨੂੰ ਸੁਰੱਖਿਅਤ ਕਰਨ ਲਈ ਟੀਕਾਕਰਨ ਦੀ ਇਹ ਦੌੜ ਜਾਰੀ ਹੈ। ਇਹ ਦੋਵੇਂ ਰਾਜ ਤਕਰੀਬਨ ਇੱਕ ਦਰਜਨ ਹੋਰਨਾਂ ਰਾਜਾਂ ਨਾਲ ਸ਼ਾਮਿਲ ਹੋਣਗੇ ਜਿਨ੍ਹਾਂ ਨੇ 16 ਸਾਲਾਂ ਦੇ ਲੋਕਾਂ ਲਈ ਟੀਕਾਕਰਨ ਖੋਲ੍ਹਿਆ ਹੈ। ਉਹਨਾਂ ਰਾਜਾਂ ਵਿੱਚ ਅਲਾਬਮਾ, ਫਲੋਰਿਡਾ, ਆਈਡਾਹੋ, ਆਇਓਵਾ, ਕੈਂਟਕੀ, ਨੇਬਰਾਸਕਾ, ਨੇਵਾਡਾ, ਨਿਊ ਮੈਕਸੀਕੋ, ਮਿਸ਼ੀਗਨ, ਸਾਊਥ ਡਕੋਟਾ, ਟੇਨੇਸੀ ਅਤੇ ਵਿਸਕਾਨਸਿਨ ਆਦਿ ਸ਼ਾਮਿਲ ਹਨ।