ਗੁਰਦੁਆਰਾ ਸ੍ਰੀ ਅੰਬ ਸਾਹਿਬ ਦੀ ਜ਼ਮੀਨ ਬਾਰੇ ਗਲਤ ਬਿਆਨਬਾਜ਼ੀ ਦਾ ਸ਼੍ਰੋਮਣੀ ਕਮੇਟੀ ਵੱਲੋਂ ਨੋਟਿਸ

  • ਜ਼ਮੀਨ ਦਾ ਰੇਟ 5 ਕਰੋੜ ਰੁਪਏ ਪ੍ਰਤੀ ਏਕੜ ਲੈਣ ਵਾਸਤੇ ਅਦਾਲਤ ਵਿਚ ਚੱਲ ਰਿਹਾ ਹੈ ਕੇਸ-ਐਡਵੋਕੇਟ ਹਰਜਿੰਦਰ ਸਿੰਘ

ਅੰਮ੍ਰਿਤਸਰ, 7 ਅਪ੍ਰੈਲ 2021 – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਮੋਹਾਲੀ ਸਥਿਤ ਗੁਰਦੁਆਰਾ ਸ੍ਰੀ ਅੰਬ ਸਾਹਿਬ ਦੀ ਮਲਕੀਅਤੀ ਜ਼ਮੀਨ ਨੂੰ ਲੈ ਕੇ ਕੁਝ ਲੋਕਾਂ ਵੱਲੋਂ ਕੀਤੀ ਜਾ ਰਹੀ ਤੱਥਹੀਨ ਬਿਆਨਬਾਜ਼ੀ ਦੀ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਐਡਵੋਕੇਟ ਹਰਜਿੰਦਰ ਸਿੰਘ ਨੇ ਸਖ਼ਤ ਸ਼ਬਦਾਂ ਨਿਖੇਧੀ ਕੀਤੀ ਹੈ। ਸ. ਹਰਜਿੰਦਰ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸ੍ਰੀ ਅੰਬ ਸਾਹਿਬ ਦੀ ਪਿੰਡ ਪ੍ਰੇਮਗੜ੍ਹ ਸ਼ੈਣੀ ਮਾਜਰਾ ਵਿਖੇ ਕਰੀਬ 24 ਏਕੜ ਜ਼ਮੀਨ ਸੀ, ਜਿਸ ਵਿੱਚੋਂ ਸਾਲ 2012-13 ਵਿਚ ਗਮਾਡਾ ਵੱਲੋਂ 12 ਏਕੜ ਦੇ ਕਰੀਬ ਜ਼ਮੀਨ ਐਕਵਾਇਰ ਕੀਤੀ ਗਈ ਸੀ।

ਇਸ ਜ਼ਮੀਨ ਦਾ 1 ਕਰੋੜ 68 ਲੱਖ 99 ਹਜ਼ਾਰ 143 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ 19 ਕਰੋੜ 39 ਲੱਖ 88 ਹਜ਼ਾਰ 79 ਰੁਪਏ ਮੁਆਵਜ਼ਾ ਬਣਿਆ ਸੀ। ਉਨ੍ਹਾਂ ਦੱਸਿਆ ਕਿ ਅੰਤ੍ਰਿੰਗ ਕਮੇਟੀ ਦੇ ਮਤਾ ਨੰ: 36 ਮਿਤੀ 09-04-2013 ਰਾਹੀਂ ਕੁਲ ਰਕਮ ਦਾ 10 ਫੀਸਦੀ ਹਿੱਸਾ ਛੱਡਿਆ ਗਿਆ ਸੀ, ਤਾਂ ਕਿ ਗਮਾਡਾ ਖਿਲਾਫ ਜ਼ਮੀਨ ਦਾ ਰੇਟ 5 ਕਰੋੜ ਰੁਪਏ ਪ੍ਰਤੀ ਏਕੜ ਲੈਣ ਵਾਸਤੇ ਅਦਾਲਤ ਵਿਚ ਕੇਸ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਮਤੇ ਦੀ ਮਨਸ਼ਾ ਅਨੁਸਾਰ ਜ਼ਮੀਨ ਦਾ ਮੁਆਵਜ਼ਾ ਵਧਾਉਣ ਵਾਸਤੇ ਮੋਹਾਲੀ ਅਦਾਲਤ ਵਿਚ ਕੇਸ ਚੱਲ ਰਿਹਾ ਹੈ, ਜਿਸ ਦੀ ਅਗਲੀ ਪੇਸ਼ੀ 6 ਮਈ 2021 ਨਿਸ਼ਚਿਤ ਹੈ।

ਉਨ੍ਹਾਂ ਦੱਸਿਆ ਕਿ ਇਸ ਜ਼ਮੀਨ ਬਦਲੇ ਜੋ ਰਕਮ ਗੁਰਦੁਆਰਾ ਸਾਹਿਬ ਨੂੰ ਮਿਲੀ ਸੀ, ਉਸ ਵਿੱਚੋਂ 14 ਕਰੋੜ 30 ਲੱਖ 50 ਹਜ਼ਾਰ 751 ਰੁਪਏ ਦੀ ਪਿੰਡ ਬਾਗੜੀਆਂ ਜ਼ਿਲ੍ਹਾ ਸੰਗਰੂਰ ਵਿਖੇ 59 ਏਕੜ ਜ਼ਮੀਨ ਖਰੀਦ ਕੀਤੀ ਸੀ। ਬਾਕੀ ਰਕਮ ਦੀ ਐਫ.ਡੀ.ਆਰ. ਗੁਰਦੁਆਰਾ ਸ੍ਰੀ ਅੰਬ ਸਾਹਿਬ ਦੇ ਨਾਂ ਚੱਲ ਰਹੀ ਹੈ। ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਗਮਾਡਾ ਵੱਲੋਂ ਫ਼ਰਵਰੀ 2019 ਵਿਚ ਪਿੰਡ ਸ਼ੈਣੀ ਮਾਜਰਾ, ਬਾਕਰਪੁਰ, ਪੱਤੌ, ਸਿਉਂ ਦੀ 5500 ਏਕੜ ਜ਼ਮੀਨ ਐਕਵਾਇਰ ਕੀਤੀ ਗਈ, ਜਿਸ ਵਿਚ ਗੁਰਦੁਆਰਾ ਸਾਹਿਬ ਦੀ ਬਚਦੀ ਜ਼ਮੀਨ ਵਿੱਚੋਂ ਲਗਭਗ 9 ਏਕੜ ਜ਼ਮੀਨ ਆਉਂਦੀ ਹੈ। ਉਨ੍ਹਾਂ ਦੱਸਿਆ ਕਿ ਇਸ ਜ਼ਮੀਨ ਦੀ ਗਮਾਡਾ ਵੱਲੋਂ 2 ਕਰੋੜ 17 ਲੱਖ 60 ਹਜ਼ਾਰ 108 ਰੁਪਏ ਪ੍ਰਤੀ ਏਕੜ ਕੀਮਤ ਰੱਖੀ ਗਈ ਹੈ। ਇਸ ਤੋਂ ਇਲਾਵਾ ਗਮਾਡਾ ਵੱਲੋਂ ਲੈਡ ਪੁਲਿੰਗ ਸਕੀਮ ਦਿੱਤੀ ਜਾ ਰਹੀ ਹੈ।

ਐਡਵੋਕੇਟ ਸ. ਹਰਜਿੰਦਰ ਸਿੰਘ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਦੀ ਕੋਈ ਵੀ ਜ਼ਮੀਨ ਸ਼੍ਰੋਮਣੀ ਕਮੇਟੀ ਵੱਲੋਂ ਵੇਚੀ ਨਹੀਂ ਗਈ, ਸਗੋਂ ਇਹ ਗਮਾਡਾ ਵੱਲੋਂ ਐਕਵਾਇਰ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕੁਝ ਲੋਕਾਂ ਵੱਲੋਂ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਨੂੰ ਬਦਨਾਮ ਕਰਨ ਅਤੇ ਸੰਗਤਾਂ ਨੂੰ ਗੁੰਮਰਾਹ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ, ਜੋ ਠੀਕ ਨਹੀਂ। ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਤੱਥਹੀਨ ਪ੍ਰਚਾਰ ਤੋਂ ਸੁਚੇਤ ਰਹਿਣ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕੈਪਟਨ ਵੱਲੋਂ ਪੰਜਾਬ ਵਿਚ ਸਿਆਸੀ ਇਕੱਠਾਂ ‘ਤੇ ਪਾਬੰਦੀ ਦੇ ਹੁਕਮ, ਉਲੰਘਣਾ ਕਰਨ ਵਾਲਿਆਂ ‘ਤੇ ਹੋਣਗੇ ਮੁਕੱਦਮੇ ਦਰਜ

ਕੈਪਟਨ ਅਮਰਿੰਦਰ ਵੱਲੋਂ ਪ੍ਰਤੀ ਦਿਨ 2 ਲੱਖ ਵਿਅਕਤੀਆਂ ਦੇ ਟੀਕਾਕਰਨ ਦਾ ਟੀਚਾ ਨਿਰਧਾਰਿਤ