ਅੰਮ੍ਰਿਤਸਰ, 10 ਅਪ੍ਰੈਲ 2021 – ਚੀਫ ਖ਼ਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਢਾ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਉਸ ਵੇਲੇ ਵੱਡੀ ਰਾਹਤ ਮਿਲੀ ਜਦੋਂ ਉਨ੍ਹਾਂ ਖ਼ਿਲਾਫ਼ ਲੱਗੀਆਂ ਰੋਕਾਂ ਹਟਾ ਕੇ ਉਨ੍ਹਾਂ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਬੀਤੇ 31 ਮਾਰਚ ਨੂੰ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ’ਚ ਉਨ੍ਹਾਂ ਦਾ ਕੇਸ ਵਿਚਾਰਿਆ ਗਿਆ ,ਜਿਸ ਮੁਤਾਬਕ ਉਨ੍ਹਾਂ ’ਤੇ ਚੀਫ ਖਾਲਸਾ ਦੀਵਾਨ ਦੀ ਕਿਸੇ ਵੀ ਗਤੀਵਿਧੀ ’ਚ ਭਾਗ ਨਾ ਲੈਣ ਦੀ ਲੱਗੀ ਰੋਕ ਹਟਾ ਲਈ ਗਈ।
ਉਥੇ ਹੀ ਪੀੜਤ ਰਵਿੰਦਰ ਕੌਰ ਨੇ ਚਰਨਜੀਤ ਸਿੰਘ ਚੱਢਾ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਕਲੀਨ ਚਿੱਟ ਦੇਣ ਸਬੰਧੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਇੱਕ ਪੱਤਰ ਰਾਹੀਂ ਚਰਨਜੀਤ ਸਿੰਘ ਚੱਢਾ ਨੂੰ ਦਿੱਤੀ ਗਈ ਕਲੀਨ ਚਿੱਟ ਨੂੰ ਰੱਦ ਕਰਨ ਲਈ ਕਿਹਾ ਹੈ। ਇਸ ਪੱਤਰ ਵਿੱਚ ਰਵਿੰਦਰ ਕੌਰ ਜੋ ਕਿ ਬਹੁ ਚਰਚਤ ਸੀਸੀਟੀਵੀ ਕਾਂਡ ਦੀ ਪੀੜਤਾ ਹੈ ਵੱਲੋਂ ਚਰਨਜੀਤ ਸਿੰਘ ਚੱਢਾ ਦੇ ਖ਼ਿਲਾਫ਼ ਐਫਆਈਆਰ ਅਤੇ ਅਦਾਲਤ ਵਿੱਚ ਕੇਸ ਵੀ ਦਰਜ ਕਰਵਾਇਆ ਗਿਆ ਹੈ। ਇਸ ਬਾਰੇ ਲਿਖਦੇ ਹੋਏ ਰਵਿੰਦਰ ਕੌਰ ਨੇ ਜਥੇਦਾਰ ਨੂੰ ਅਪੀਲ ਕੀਤੀ ਹੈ ਕਿ ਚਰਨਜੀਤ ਸਿੰਘ ਚੱਢਾ ਨੇ ਗਲਤ ਤੱਥ ਪੇਸ਼ ਕਰ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ।