ਚੰਡੀਗੜ੍ਹ, 11 ਅਪ੍ਰੈਲ 2021 – ਸਿਹਤ ਮੰਤਰੀ ਬਲਬੀਰ ਸਿੱਧੂ ਨੇ ਦੱਸਿਆ ਕਿ ਰਾਜ ਵਿੱਚ ਟੀਕੇ ਦੀ ਘਾਟ ਸਬੰਧੀ ਮੁੱਖ ਮੰਤਰੀ ਪੰਜਾਬ ਦੀ ਅਪੀਲ ‘ਤੇ ਅਮਲ ਕਰਦਿਆਂ ਕੇਂਦਰ ਸਰਕਾਰ ਵੱਲੋਂ ਕੱਲ੍ਹ ਤੱਕ ਟੀਕੇ ਦੀਆਂ 4 ਲੱਖ ਖੁਰਾਕਾਂ ਦੀ ਤਾਜ਼ਾ ਖੇਪ ਭੇਜੀ ਜਾਵੇਗੀ।
ਸਿਹਤ ਮੰਤਰੀ ਨੇ ਕਿਹਾ ਕਿ ਸੂਬੇ ਦੇ ਈ.ਪੀ.ਆਈ. ਅਧਿਕਾਰੀ ਨੇ ਦੱਸਿਆ ਹੈ ਕਿ ਸਿਹਤ ਵਿਭਾਗ ਨੂੰ ਕੇਂਦਰ ਸਰਕਾਰ ਤੋਂ ਕੋਵਿਡ-19 ਟੀਕਾ ਭੇਜੇ ਜਾਣ ਦੀ ਸੂਚਨਾ ਮਿਲੀ ਹੈ ਜੋ ਕਿ ਹਵਾਈ ਜਹਾਜ਼ ਜ਼ਰੀਏ ਚੰਡੀਗੜ੍ਹ ਏਅਰਪੋਰਟ ’ਤੇ ਪਹੁੰਚਾਈ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੰਗੀਆਂ 1 ਲੱਖ ਵਾਇਲਜ਼ (ਸ਼ੀਸ਼ੀਆਂ) ਦੀ ਮੰਗ ਦੇ ਮੁਕਾਬਲੇ ਕੁੱਲ 40,000 ਸ਼ੀਸ਼ੀਆਂ ਪਹੁੰਚਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਹਰ ਸ਼ੀਸ਼ੀ ਵਿਚ ਵੈਕਸੀਨ ਦੀਆਂ 10 ਖੁਰਾਕਾਂ ਹੁੰਦੀਆਂ ਹਨ।
ਮੰਗ ਅਤੇ ਸਪਲਾਈ ਨੀਤੀ ਅਨੁਸਾਰ ਟੀਕਿਆਂ ਨੂੰ ਤਰਕਸੰਗਤ ਬਣਾਉਣ ਦੀ ਜ਼ਰੂਰਤ ਵੱਲ ਇਸ਼ਾਰਾ ਕਰਦਿਆਂ ਉਨ੍ਹਾਂ ਸਿਵਲ ਸਰਜਨਾਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਸਬੰਧਤ ਖੇਤਰਾਂ ਵਿੱਚ ਕੋਵਿਡ-19 ਟੀਕੇ ਦੇ ਸਟਾਕ ਦੀ ਨਿੱਜੀ ਤੌਰ ’ਤੇ ਜਾਂਚ ਕਰਨ ਅਤੇ ਇਹ ਯਕੀਨੀ ਬਣਾਉਣ ਕਿ ਕੋਲਡ ਚੇਨ ਨੂੰ ਕਾਇਮ ਰੱਖਦਿਆਂ ਮੰਗ ਅਨੁਸਾਰ ਟੀਕੇ ਦਾ ਸਟਾਕ ਸਪਲਾਈ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਅਣਉੱਚਿਤ ਬਰਬਾਦੀ ਦੀ ਸਥਿਤੀ ਵਿੱਚ ਕਿਸੇ ਵੀ ਤਰ੍ਹਾਂ ਦੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ।