ਪੰਜਾਬ ਦਾ ਬੱਚਾ ਬੱਚਾ ਜਾਣਦਾ ਹੈ ਕਿ ਬੇਅਦਬੀ ਕਾਂਡ ਦੇ ਪਿੱਛੇ ਕਿਸ ਦਾ ਹੱਥ ਹੈ : ਭਗਵੰਤ ਮਾਨ

… ਪਰ ਕੈਪਟਨ ਬਾਦਲਾਂ ਨੂੰ ਕਿਉਂ ਬਚਾਅ ਰਿਹਾ ਹੈ: ਭਗਵੰਤ ਮਾਨ
… ਸੁਪਰੀਮ ਕੋਰਟ ਜਾਣ ਦੀ ਥਾਂ ਹਾਈਕੋਰਟ ਦੇ ਡਬਲ ਬੈਂਚ ਕੋਲ ਅਪੀਲ ਕਿਉਂ ਨਹੀਂ ਕਰਦੇ ਕੈਪਟਨ?
…. ਜੇ ਸੁਰੇਸ਼ ਕੁਮਾਰ ਦੇ ਕੇਸ ਵਿੱਚ ਮਹਿੰਗੇ ਵਕੀਲ ਬੁਲਾ ਕੇ ਕੇਸ ਜਿੱਤਿਆ ਜਾ ਸਕਦਾ ਹੈ ਤਾਂ ਇਸ ਕੇਸ ਵਿੱਚ ਕਿਉਂ ਨਹੀਂ?
…. ਕੀ ਬਾਦਲ ਤੈਅ ਕਰਨਗੇ ਕਿ ਕੋਟਕਪੂਰਾ ਗੋਲੀ ਕਾਂਡ ਕੇਸ ਦੀ ਜਾਂਚ ਕੌਣ ਕਰੇਗਾ?
…. ਕੈਪਟਨ ਤੇ ਬਾਦਲ ਆਪਸ ਵਿੱਚ ਰਲੇ ਹੋਏ ਹਨ, ਦੋਨਾਂ ਦੀ ਮਿਲੀਭੁਗਤ ਦੇ ਕਾਰਨ ਹੀ ਐਸ.ਆਈ. ਟੀ ਦੀ ਰਿਪੋਰਟ ਦਾ ਇਹ ਹਾਲ ਹੋਇਆ।
….. ਕੈਪਟਨ ਦੇ ਐਡਵੋਕੇਟ ਜਨਰਲ ਅਤੁਲ ਨੰਦਾ ਨੇ ਜਾਣਬੁੱਝ ਕੇ ਕੇਸ ਕਮਜ਼ੋਰ ਕੀਤਾ, ਉਹ ਹੁਣ ਤੱਕ ਦੇ ਸਭ ਤੋਂ ਖ਼ਰਾਬ ਏ.ਜੀ ਸਾਬਤ ਹੋਏ ਹਨ, ਪੰਜਾਬ ਦੇ ਇੱਕ ਵੀ ਮਾਮਲੇ ਨੂੰ ਅਦਾਲਤ ਵਿੱਚ ਜਿੱਤਣ ਵਿੱਚ ਕਾਮਯਾਬ ਨਹੀਂ ਹੋ ਸਕੇ।
…. ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ’ਤੇ ਸਾਰੇ ਮਾਮਲਿਆਂ ਦੀ ਫਿਰ ਤੋਂ ਜਾਂਚ ਹੋਵੇਗੀ ਅਤੇ ਪੰਜਾਬ ਦੇ ਲੋਕਾਂ ਨੂੰ ਇਨਸਾਫ਼ ਮਿਲੇਗਾ

ਚੰਡੀਗੜ੍ਹ, 11 ਅਪ੍ਰੈਲ 2021 – ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਸਾਲ 2015 ਦੇ ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਲਈ ਪੰਜਾਬ ਸਰਕਾਰ ਵੱਲੋਂ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਅਗਵਾਈ ਵਿੱਚ ਬਣਾਈ ਗਈ ਵਿਸ਼ੇਸ਼ ਜਾਂਚ ਕਮੇਟੀ ਦੀ ਜਾਂਚ ਰਿਪੋਰਟ ਖ਼ਾਰਜ ਕਰ ਕੇ ਇੱਕ ਨਵੀਂ ਜਾਂਚ ਕਮੇਟੀ ਬਣਾਉਣ ਦੇ ਆਦੇਸ਼ ਸਬੰਧੀ ਆਪਣੀ ਪ੍ਰਤੀਕਿਰਿਆ ਪ੍ਰਗਟ ਕਰਦੇ ਹੋਏ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਕਿਹਾ ਇਹ ਹਾਈਕੋਰਟ ਦਾ ਫ਼ੈਸਲਾ ਘੱਟ ਲੱਗਦਾ ਹੈ। ਸਗੋਂ ਇਹ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਕਾਸ਼ ਸਿੰਘ ਬਾਦਲ ਦੇ ਆਪਸੀ ਗੱਠਜੋੜ ਦਾ ਫ਼ੈਸਲਾ ਜ਼ਿਆਦਾ ਲਗਦਾ ਹੈ। ਐਤਵਾਰ ਨੂੰ ਪਾਰਟੀ ਦੇ ਮੁੱਖ ਦਫ਼ਤਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਗਵੰਤ ਮਾਨ ਨੇ ਬਾਦਲ ਅਤੇ ਕੈਪਟਨ ’ਤੇ ਆਪਸ ਵਿੱਚ ਮਿਲੇ ਹੋਣ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਬਾਦਲਾਂ ਨੇ ਆਪਣੀ ਸਰਕਾਰ ਦੇ ਆਖ਼ਰੀ ਵਕਤ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਸਾਰੇ ਕੇਸ ਵਾਪਸ ਲਏ ਸਨ ਅਤੇ ਹੁਣ ਕੈਪਟਨ ਆਪਣੀ ਸਰਕਾਰ ਦੇ ਆਖ਼ਰੀ ਸਾਲ ਵਿੱਚ ਬਾਦਲਾਂ ਦੇ ਕੇਸ ਵਾਪਸ ਲੈ ਰਿਹਾ ਹੈ। ਦੋਵਾਂ ਮਾਮਲਿਆਂ ਵਿੱਚ ਫ਼ਰਕ ਸਿਰਫ਼ ਇਹ ਹੈ ਕਿ ਕੈਪਟਨ ਦੇ ਕੇਸਾਂ ਵਿੱਚ ਗਵਾਹ ਮੁਕਰੇ ਸਨ ਅਤੇ ਬਾਦਲਾਂ ਦੇ ਕੇਸ ਵਿੱਚ ਵਕੀਲ ਮੁਕਰ ਗਿਆ।

ਸੂਬਾ ਪ੍ਰਧਾਨ ਨੇ ਕੈਪਟਨ ਸਰਕਾਰ ’ਤੇ ਕਮਜ਼ੋਰ ਵਕੀਲ ਰੱਖਣ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਐਨੇ ਵੱਡੇ ਮਾਮਲੇ ਵਿੱਚ ਇੱਕ ਵੱਡਾ ਵਕੀਲ ਨਾ ਰੱਖਣਾ ਕੈਪਟਨ ਸਰਕਾਰ ਦੀ ਗਿਣੀਮਿਥੀ ਸਾਜਿਸ਼ ਸੀ। ਉਨ੍ਹਾਂ ਕਿਹਾ ਕਿ ਸੇਵਾਮੁਕਤ ਆਈ.ਏ.ਐਸ ਅਧਿਕਾਰੀ ਸੁਰੇਸ਼ ਕੁਮਾਰ ਦੀ ਨਿਯੁਕਤੀ ਦੇ ਮਾਮਲੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਤੁਰੰਤ ਐਡਵੋਕੇਟ ਪੀ. ਚਿਦੰਬਰਮ ਨੂੰ ਹਵਾਈ ਜਹਾਜ ਰਾਹੀਂ ਬੁਲਾ ਕੇ ਹਾਈਕੋਰਟ ਦੀ ਡਬਲ ਬੈਂਚ ਅੱਗੇ ਆਪਣੇ ਵਕੀਲ ਵਜੋਂ ਭੇਜਿਆ ਸੀ। ਇਸੇ ਤਰ੍ਹਾਂ ਮੁਖ਼ਤਾਰ ਅੰਸਾਰੀ ਦੇ ਮਾਮਲੇ ਵਿੱਚ ਵੀ ਕੈਪਟਨ ਸਰਕਾਰ ਨੇ ਕਈ ਸੀਨੀਅਰ ਅਤੇ ਮਹਿੰਗੇ ਵਕੀਲਾਂ ਨੂੰ ਅਦਾਲਤ ਵਿੱਚ ਖੜ੍ਹਾ ਕੀਤਾ। ਪਰ ਪੰਜਾਬ ਦਾ ਐਨਾ ਵੱਡਾ ਮਾਮਲਾ ਹੋਣ ਦੇ ਬਾਵਜੂਦ ਕੈਪਟਨ ਸਰਕਾਰ ਨੇ ਇੱਕ ਵੀ ਕਾਬਲ ਵਕੀਲ ਨਹੀਂ ਰੱਖਿਆ। ਉਨ੍ਹਾਂ ਕਿਹਾ ਕਿ ਕੇੈਪਟਨ ਸਰਕਾਰ ਨੂੰ ਜਦ ਕੋਈ ਕੇਸ ਜਿੱਤਣਾ ਹੁੰਦਾ ਹੈ ਤਾਂ ਵੱਡੇ ਵੱਡੇ ਵਕੀਲ ਰੱਖੇ ਜਾਂਦੇ ਹਨ, ਪਰ ਜਦ ਕੋਈ ਕੇਸ ਹਾਰਨਾ ਹੁੰਦਾ ਹੈ ਤਾਂ ਉਹ ਅਤੁਲ ਨੰਦਾ ਨੂੰ ਕੇਸ ਸੌਂਪ ਦਿੰਦੇ ਹਨ। ਕੈਪਟਨ ਦੇ ਐਡਵੋਕੇਟ ਜਨਰਲ ਅਤੁਲ ਨੰਦਾ ਨੇ ਅੱਜ ਤੱਕ ਪੰਜਾਬ ਦਾ ਇੱਕ ਵੀ ਕੇਸ ਨਹੀਂ ਜਿੱਤਿਆ।

ਭਗਵੰਤ ਮਾਨ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜੇ ਸਰਕਾਰ ਕੋਟਕਪੂਰਾ ਮਾਮਲੇ ਵਿੱਚ ਪੀੜਤਾਂ ਨੂੰ ਇਨਸਾਫ਼ ਦਿਵਾਉਣਾ ਚਾਹੁੰਦੀ ਹੈ ਅਤੇ ਦੋਸ਼ੀਆਂ ਨੂੰ ਸਜ਼ਾ ਦਿਵਾਉਣੀ ਚਾਹੁੰਦੀ ਹੈ, ਤਾਂ ਅਦਾਲਤ ਵਿੱਚ ਕਾਬਲ ਤੇ ਵੱਡੇ ਵਕੀਲਾਂ ਨੂੰ ਆਪਣੇ ਵੱਲੋਂ ਖੜ੍ਹਾ ਕਰਨ। ਮਾਨ ਨੇ ਪੰਜਾਬ ਸਰਕਾਰ ਦੇ ਐਡਵੋਕੇਟ ਜਨਰਲ ਅਤੁਲ ਨੰਦਾ ’ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਏ.ਜੀ ਨੇ ਜਾਣਬੁੱਝ ਕੇ ਇਸ ਕੇਸ ਨੂੰ ਹਾਈਕੋਰਟ ਵਿੱਚ ਕਮਜ਼ੋਰ ਕੀਤਾ ਹੈ। ਕੈਪਟਨ ਸਰਕਾਰ ਦੇ ਏ.ਜੀ ਕੋਲ 150 ਵਕੀਲਾਂ ਦੀ ਵੱਡੀ ਟੀਮ ਹੈ, ਪਰ ਉਹ ਅੱਜ ਤੱਕ ਪੰਜਾਬ ਸਰਕਾਰ ਦਾ ਇੱਕ ਵੀ ਕੇਸ ਜਿੱਤ ਨਹੀਂ ਸਕਿਆ। ਉਨ੍ਹਾਂ ਕਿਹਾ ਕਿ ਜਾਂਚ ਕਮੇਟੀ ਦੇ ਮੁਖੀ ਕੁੰਵਰ ਵਿਜੇ ਪ੍ਰਤਾਪ ਇੱਕ ਚੰਗੇ ਅਤੇ ਇਮਾਨਦਾਰ ਪੁਲਿਸ ਅਧਿਕਾਰੀ ਹਨ ਅਤੇ ਉਨ੍ਹਾਂ ਬਹੁਤ ਹੀ ਇਮਾਨਦਾਰੀ ਨਾਲ ਕੇਸ ਦੀ ਜਾਂਚ ਕਰਕੇ ਰਿਪੋਰਟ ਤਿਆਰ ਕੀਤੀ, ਪਰ ਜਾਂਚ ਰਿਪੋਰਟ ਵਿੱਚ ਸੁਖਬੀਰ ਸਿੰਘ ਬਾਦਲ ਦਾ ਨਾਂ ਆ ਰਿਹਾ ਹੈ। ਇਸ ਲਈ ਕੈਪਟਨ ਸਰਕਾਰ ਦੇ ਏ.ਜੀ ਅਤੁਲ ਨੰਦਾ ਨੇ ਅਦਾਲਤ ਦੇ ਸਾਹਮਣੇ ਸਰਕਾਰੀ ਪੱਖ ਨੂੰ ਚੰਗੀ ਤਰ੍ਹਾਂ ਨਹੀਂ ਰੱਖਿਆ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਬਾਦਲ ਪਰਿਵਾਰ ਨੂੰ ਬਚਾਉਣਾ ਚਾਹੁੰਦੇ ਹਨ। ਕੈਪਟਨ ਤੇ ਬਾਦਲ ਨੇ ਰਲ਼ਮਿਲ ਕੇ ਇਹ ਜਾਂਚ ਰਿਪੋਰਟ ਖ਼ਾਰਜ ਕਰਵਾਈ ਹੈ।

ਭਗਵੰਤ ਮਾਨ ਨੇ ਕਿਹਾ ਕੈਪਟਨ ਅਮਰਿੰਦਰ ਸਿੰਘ ਬੇਅਦਬੀ ਮਾਮਲੇ ਅਤੇ ਕੋਟਕਪੂਰਾ ਮਾਮਲੇ ਦੇ ਸ਼ਾਜਿਸ਼ਕਰਤਾ ਨੂੰ ਬਚਾਉਣ ਵਿੱਚ ਲੱਗੇ ਹੋਏ ਹਨ। ਪੂਰੇ ਪੰਜਾਬ ਨੂੰ ਪਤਾ ਹੈ ਕਿ ਬੇਅਦਬੀ ਕਾਂਡ ਦੇ ਪਿੱਛੇ ਕਿਸ ਦਾ ਹੱਥ ਹੈ, ਪਰ ਕੈਪਟਨ ਸਰਕਾਰ ਬਾਦਲਾਂ ਨੂੰ ਕਿਉਂ ਬਚਾਉਣਾ ਚਾਹੁੰਦੀ ਹੈ? ਉਨ੍ਹਾਂ ਕਿਹਾ ਸੁਪਰੀਮ ਕੋਰਟ ਦੀ ਥਾਂ ਇਸ ਮਾਮਲੇ ਦੀ ਹਾਈਕੋਰਟ ਦੇ ਡਬਲ ਬੈਂਚ ਕੋਲ ਕਿਉਂ ਅਪੀਲ ਨਹੀਂ ਕਰਦੀ? ਸਰਕਾਰ ਸੁਪਰੀਮ ਕੋਰਟ ਦਾ ਬਹਾਨਾ ਬਣਾ ਕੇ ਮਾਮਲੇ ਦੇ ਦੋਸ਼ੀਆਂ ਨੂੰ ਬਚਾਉਣ ਦੀ ਨੀਅਤ ਨਾਲ ਇਸ ਨੂੰ ਲਟਕਾਉਣਾ ਚਾਹੰਦੀ ਹੈ। ਉਨ੍ਹਾਂ ਕਿਹਾ ਕਿ ਜਾਂਚ ਕਮੇਟੀ ਦੀ ਰਿਪੋਰਟ ਖਾਰਜ਼ ਹੋਣ ਨਾਲ ਕੈਪਟਨ ਦੀ ਨੀਅਤ ਦਾ ਪਰਦਾਫਾਸ਼ ਹੋਇਆ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਜਸ਼ਨ ਮਨਾਉਣੇ ਬੰਦ ਕਰੋ, ਕੋਟਕਪੂਰਾ ਕੇਸ ਅਜੇ ਖਤਮ ਨਹੀਂ ਹੋਇਆ, ਅਮਰਿੰਦਰ ਦਾ ਸੁਖਬੀਰ ਨੂੰ ਜਵਾਬ

ਪੰਜਾਬ ਸਿਵਲ ਸਕੱਤਰੇਤ ਅਤੇ ਹੋਰ ਵਿਭਾਗਾਂ ਵਿੱਚ ਨਿਕਲੀਆਂ ਕਲਰਕ ਦੀਆਂ ਪੋਸਟਾਂ