ਨਵੀਂ ਦਿੱਲੀ, 13 ਅਪ੍ਰੈਲ 2021 – ਰੇਲ ਮੰਤਰੀ ਪਿਯੂਸ਼ ਗੋਇਲ ਨੇ ਸਿੱਧੀ ਅਦਾਇਗੀ ਦੇ ਮੁੱਦੇ ‘ਤੇ ਟਵੀਟ ਕਰ ਕੇ ਕਿਹਾ ਕਿ – ਪੰਜਾਬ ਵਿਚ ਕਿਸਾਨਾਂ ਨੂੰ ਆਪਣੀ ਫ਼ਸਲ ਦਾ ਪੈਸਾ ਸਿੱਧਾ ਉਨ੍ਹਾਂ ਦੇ ਬੈਂਕ ਵਿਚ ਮਿਲਣ ਨਾਲ ,ਪੂਰੇ ਦੇਸ਼ ਵਿਚ ਇਹ ਵਿਵਸਥਾ ਲਾਗੂ ਹੋ ਗਈ ਹੈ । ਹੁਣ ਦੇਸ਼ ਦੇ ਕਿਸਾਨ , ਫ਼ਸਲ ਨੂੰ ਐਮ. ਐੱਸ. ਪੀ. ‘ਤੇ ਵੇਚਣ ਤੋਂ ਬਾਅਦ ਸਿੱਧਾ ਪੈਸਾ ਆਪਣੇ ਖਾਤੇ ਵਿਚ ਪਾਉਣਗੇ । ਉਨ੍ਹਾਂ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਕਿਸਾਨਾਂ ਦੇ ਹਿਤ ਵਿਚ ਲਿਆ ਗਿਆ, ਇਹ ਬਹੁਤ ਵੱਡਾ ਪਰਿਵਰਤਨ ਹੈ।
ਪਿਯੂਸ਼ ਨੇ ਕਿਹਾ ਕਿ ਸਿਸਟਮ ਵਿਚ ਪਾਰਦਰਸ਼ਤ ਆਉਣ ਨਾਲ ਉਹ ਕਿਸੇ ਦੇ ਬਹਿਕਾਵੇ ਵਿਚ ਨਹੀਂ ਆਉਣਗੇ ਅਤੇ ਇਹਨਾਂ ਕਿਸਾਨਾਂ ਨੂੰ ਵੀ ਜਿਣਸ ਦੀ ਪੂਰੀ ਕੀਮਤ ਮਿਲੇਗੀ। ਨਾਲ ਹੀ ਇਹ ਦੱਸਿਆ ਗਿਆ ਕਿ ਜਿਹੜੇ ਕਿਸਾਨ ਕਿਰਾਏ ‘ਤੇ ਜ਼ਮੀਨ ਲੈ ਕੇ ਖੇਤੀ ਕਰਦੇ ਹਨ, ਉਨ੍ਹਾਂ ਦੇ ਖਾਤੇ ਵਿਚ ਵੀ ਇਹ ਰਕਮ ਸਿੱਧੀ ਜਾਵੇਗੀ, ਕਿਸਾਨਾਂ ਨੂੰ ਉਨ੍ਹਾਂ ਦੀ ਫ਼ਸਲ ਦੀ ਪੂਰੀ ਕੀਮਤ ਮਿਲੇਗੀ। ਇਸ ਨਾਲ ਛੋਟੇ ਕਿਸਾਨਾਂ ਨੂੰ ਵੀ ਲਾਭ ਹੋਵੇਗਾ।
ਇਥੇ ਇਹ ਜ਼ਿਕਰਯੋਗ ਹੈ ਕਿ ਪੰਜਾਬ ਵਿਚ ਕੁੱਲ ਖੇਤੀਬਾੜੀ ਵਿਚੋਂ 40 ਫੀਸਦੀ ਦੇ ਕਰੀਬ ਜ਼ਮੀਨਾਂ ਠੇਕੇ ’ਤੇ ਲੈ ਕੇ ਕਾਸ਼ਤ ਕੀਤੀ ਜਾਂਦੀ ਹੈ। ਇਹਨਾਂ ਜ਼ਮੀਨਾਂ ਵਿਚੋਂ ਬਹੁਤਿਆਂ ਦੇ ਮਾਲਕ ਵਿਦੇਸ਼ਾਂ ਵਿਚ ਵਸਦੇ ਐਨ ਆਰ ਆਈ ਹਨ ਜੋ ਆਪਣੀਆਂ ਜ਼ਮੀਨਾਂ ਠੇਕੇ ’ਤੇ ਦਿੰਦੇ ਹਨ।