ਬਰਗਾੜੀ (ਫਰੀਦਕੋਟ), 13 ਅਪ੍ਰੈਲ 2021 – ਵਿਸਾਖੀ ਮੌਖੇ ਕਾਂਗਰਸੀ ਮੰਤਰੀ ਨਵਜੋਤ ਸਿੰਘ ਸਿੱਧੂ ਗੁਰਦੁਆਰਾ ਸਾਹਿਬ ਬੁਰਜ ਜਵਾਹਰ ਸਿੰਘ ਵਿਖੇ ਮੱਥਾ ਟੇਕਣ ਪਹੁੰਚੇ। ਇਸ ਦੌਰਾਨ ਸਿੱਧੂ ਨੇ ਕਿਹਾ ਕਿ ਇਹ ਉਸ ਅਸਥਾਨ ਹੈ ਜਿੱਥੋਂ ਗੁਰੂ ਸਾਹਿਬ ਦੇ ਪਾਵਨ ਸਰੂਪ ਚੋਰੀ ਹੋਏ ਸੀ। ਇਥੇ ਪਹੁੰਚ ਕੇ ਸਿੱਧੂ ਨੇ ਕਿਹਾ ਕਿ ਜਿਹੜਾ ਗੁਰੂ ਦਾ ਨਾ ਹੋ ਸਕਿਆ ਉਹ ਪੰਜਾਬ ਦਾ ਕਿੱਥੇ ਹੋਊ। ਇੱਥੇ ਸ਼ਤਰੰਜ ਦੀ ਇੱਕ ਵਿਛਾਤ ਵਿਛੀ ਹੈ ਅਤੇ ਜਿਹੜੇ ਹੁਕਮ ਦੇਣ ਵਾਲੇ ਰਾਜੇ ਅਤੇ ਵਜ਼ੀਰ ਸੀ ਉਨ੍ਹਾਂ ਦੀ ਕਿਲ੍ਹਾਬੰਦੀ ਕੀਤੀ ਹੈ ਉਨ੍ਹਾਂ ਨੂੰ ਮਹਿਫੂਜ ਰੱਖਿਆ ਗਿਆ ਹੈ ਅਤੇ ਵਾਰ ਸਿਰਫ ਪਿਆਦਿਆਂ ‘ਤੇ ਹੋ ਰਹੇ ਹਨ ਅਤੇ ਉਨ੍ਹਾਂ ਨੂੰ ਕਟਘਰੇ ‘ਚ ਖੜ੍ਹਾ ਕੀਤਾ ਜਾ ਰਿਹਾ ਹੈ।
ਇੱਥੇ ਸਿੱਧੂ ਨੇ ਇੱਕ ਉਦਾਹਰਨ ਦਿੰਦੇ ਹੋਏ ਕਿਹਾ ਕਿ ਜਲਿਆਂ ਵਾਲੇ ਬਾਗ ਨੇ ਸਾਰੇ ਭਾਰਤ ਨੂੰ ਇੱਕਜੁਟ ਕਰ ਦਿੱਤਾ ਸੀ ਅਤੇ ਸ਼ਹੀਦ ਊਧਮ ਸਿੰਘ ਨੇ ਬਦਲਾ ਉਸ ਇਨਸਾਨ ਤੋਂ ਲਿਆ ਸੀ ਜਿਸ ਨੇ ਗੋਲੀ ਚਲਾਉਣ ਦਾ ਹੁਕਮ ਦਿੱਤਾ ਸੀ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਹੁਕਮ ਦੇਣ ਵਾਲਾ ਹੀ ਸਭ ਤੋਂ ਵੱਡਾ ਗੁਨਾਹਗਾਰ ਹੈ।
ਸਿੱਧੂ ਨੇ ਅੱਗੇ ਕਿਹਾ ਕਿ ਜਿਸ ਤਰ੍ਹਾਂ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਸਰਵਜਨਕ ਕੀਤੀ ਸੀ, ਉਸੇ ਤਰ੍ਹਾਂ ਹਰਪ੍ਰੀਤ ਸਿੱਧੂ ਵਾਲੀ ਡਰੱਗਜ਼ ਰਿਪੋਰਟ ਅਤੇ ਬੇਅਦਵੀ ਕਾਂਡ ‘ਚ ਕੁੰਵਰ ਵਿਜੈ ਪ੍ਰਤਾਪ ਦੀ ਰਿਪੋਰਟ ਨੂੰ ਜਨਤਕ ਕੀਤਾ ਜਾਵੇ।
ਹੋਰ ਨਵਜੋਤ ਸਿੱਧੂ ਨੇ ਕੀ ਕਿਹਾ ਦੇਖਣ ਲਈ ਹੇਠਾਂ ਵੀਡੀਓ ਦੇਖੋ….