… ਸੂਬੇ ‘ਚ ਫਾਇਰ ਬ੍ਰਿਗੇਡ ਵਿਵਸਥਾ ਦਾ ਭੱਠਾ ਬੈਠਿਆ, ਖ਼ਰਾਬ ਗੱਡੀਆਂ ਅੱਗ ‘ਤੇ ਕਾਬੂ ਪਾਉਣ ‘ਚ ਅਸਫ਼ਲ
… ਬਿਜਲੀ ਕਾਰਪੋਰੇਸ਼ਨ ਦੀਆਂ ਢਿੱਲੀਆਂ ਤਾਰਾਂ ਨਾਲ ਹੋ ਰਹੇ ਸ਼ਾਰਟ ਸਰਕਟ ਲਾ ਰਹੇ ਨੇ ਖੇਤਾਂ ਨੂੰ ਅੱਗ
… ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕਿਸਾਨਾਂ ਪ੍ਰਤੀ ਭੈੜਾ ਰਵਈਆ, ਨਿੰਦਣਯੋਗ
… ਕੈਪਟਨ ਅਮਰਿੰਦਰ ਆਪਣੇ ਫ਼ਾਰਮ ਹਾਊਸ ਤੋਂ ਬਾਹਰ ਨਿਕਲ ਕੇ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ
ਚੰਡੀਗੜ੍ਹ,17 ਅਪ੍ਰੈਲ 2021 – ਆਮ ਆਦਮੀ ਪਾਰਟੀ ਪੰਜਾਬ ਨੇ ਕੈਪਟਨ ਅਮਰਿੰਦਰ ਸਿੰਘ ਕੋਲੋਂ ਸੂਬੇ ‘ਚ ਵੱਖ ਵੱਖ ਥਾਵਾਂ ‘ਤੇ ਕਣਕ ਦੇ ਖੇਤਾਂ ਨੂੰ ਅੱਗ ਲੱਗਣ ਕਾਰਨ ਹੋਏ ਨੁਕਸਾਨ ਦੀ ਪੂਰਤੀ ਲਈ ਕਿਸਾਨਾਂ ਨੂੰ 100 ਫ਼ੀਸਦੀ ਮੁਆਵਜਾ ਦੇਣ ਦੀ ਮੰਗ ਕੀਤੀ ਹੈ। ਪਾਰਟੀ ਦੇ ਵਿਧਾਇਕ ਤੇ ਕਿਸਾਨ ਵਿੰਗ ਦੇ ਸੂਬਾ ਪ੍ਰਧਾਨ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਹਰ ਸਾਲ ਸੈਂਕੜੇ ਏਕੜ ਕਣਕ ਦੀ ਫ਼ਸਲ ਅੱਗ ਲੱਗਣ ਨਾਲ ਬਰਬਾਦ ਹੋ ਜਾਂਦੀ ਹੈ, ਜਿਸ ਕਾਰਨ ਕਿਸਾਨਾਂ ਨੂੰ ਕਰੋੜਾਂ ਰੁਪਇਆਂ ਦਾ ਨੁਕਸਾਨ ਸਹਿਣ ਕਰਨਾ ਪੈਂਦਾ ਹੈ। ਪਰ ਬੀਤੇ ਸਮੇਂ ਦੀਆਂ ਸਰਕਾਰਾਂ ਨੇ ਇਸ ਸਮੱਸਿਆ ਦੇ ਹੱਲ ਲਈ ਕੋਈ ਠੋਸ ਕਦਮ ਨਹੀਂ ਚੁਕਿਆ। ਉਨਾਂ ਸਰਕਾਰ ਨੂੰ ਅਪੀਲ ਕੀਤੀ ਕਿ ਸੂਬੇ ਵਿੱਚ ਅੱਗ ਲੱਗਣ ਨਾਲ ਫ਼ਸਲ ਦੇ ਹੋਏ ਨੁਕਸਾਨ ਦੀ ਗਿਰਦਾਵਰੀ ਕਰਾਵਾ ਕੇ ਕਿਸਾਨਾਂ ਨੂੰ ਪ੍ਰਤੀ ਏਕੜ ਫ਼ਸਲ ਦੀ ਬਣਦੀ ਰਕਮ ਦੇ ਕੇ ਉਨਾਂ ਦੇ ਆਰਥਿਕ ਨੁਕਸਾਨ ਦੀ ਪੂਰਤੀ ਕੀਤੀ ਜਾਵੇ।
ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਪੰਜਾਬ ਦੇ ਮੋਗਾ, ਲੁਧਿਆਣਾ, ਬਰਨਾਲਾ, ਐਸ.ਏ.ਐਸ ਨਗਰ ਜ਼ਿਲਿਆਂ ਸਮੇਤ ਪੂਰੇ ਸੂਬੇ ਵਿੱਚ ਸੈਂਕੜੇ ਏਕੜ ਕਣਕ ਅਤੇ ਨਾੜ ਦੇ ਖੇਤਾਂ ਨੂੰ ਅੱਗ ਲੱਗਣ ਨਾਲ ਕਿਸਾਨਾਂ ਬਹੁਤ ਸਾਰਾ ਆਰਥਿਕ ਨੁਕਸਾਨ ਹੋਇਆ ਹੈ। ਅੱਗ ਲੱਗਣ ਨਾਲ ਜਿਥੇ ਖਾਣਯੋਗ ਫ਼ਸਲ ਸੜ ਗਈ, ਉਥੇ ਹੀ ਪਸ਼ੂਆਂ ਦੇ ਚਾਰੇ ਲਈ ਤੂੜੀ ਬਣਾਉਣ ਯੋਗ ਨਾੜ ਸੁਆਹ ਹੋ ਜਾਂਦਾ ਹੈ। ਇਸ ਨਾਲ ਕਿਸਾਨਾਂ ਨੂੰ ਦੁਹਰਾ ਆਰਥਿਕ ਨੁਕਸਾਨ ਹੋ ਰਿਹਾ ਹੈ।
ਵਿਧਾਇਕ ਸੰਧਵਾਂ ਨੇ ਕਿਹਾ ਕਿ ਪੰਜਾਬ ਵਿੱਚ ਰਹੀਆਂ ਕਾਂਗਰਸੀ ਅਤੇ ਅਕਾਲੀ ਭਾਜਪਾਈ ਸਰਕਾਰਾਂ ਨੇ ਬਿਜਲੀ ਬੋਰਡ ਨੂੰ ਤੋੜ ਕੇ ਕਾਰਪੋਰੇਸ਼ਨਾਂ ਬਣਾ ਦਿੱਤੀਆਂ ਅਤੇ ਸਰਕਾਰੀ ਨੌਕਰੀਆਂ ਖ਼ਤਮ ਕਰਕੇ ਠੇਕੇਦਾਰੀ ਵਿਵਸਥਾ ਲਾਗੂ ਕਰ ਦਿੱਤੀ, ਜਿਸ ਕਾਰਨ ਬਿਜਲੀ ਸਪਲਾਈ ਦੇ ਕੰਮ ਵਿੱਚ ਲਗਾਤਾਰ ਨਿਘਾਰ ਆ ਰਿਹਾ ਹੈ। ਉਨਾਂ ਕਿਹਾ ਕਿ ਬਿਜਲੀ ਕਾਰਪੋਰੇਸ਼ਨ ਦੀਆਂ ਸੂਬੇ ਦੇ ਖੇਤਾਂ ਵਿੱਚੋਂ ਲੰਘਦੀਆਂ ਬਿਜਲੀ ਸਪਲਾਈ ਦੀਆਂ ਤਾਰਾਂ ਢਿੱਲੀਆਂ ਹੋਣ ਕਾਰਨ ਸ਼ਾਰਟ ਸਰਕਟ ਹੋ ਰਹੇ, ਜਿਸ ਕਾਰਨ ਕਣਕ ਦੇ ਖੇਤਾਂ ਨੂੰ ਅੱਗ ਰਹੀ ਹੈ। ਭਾਵੇਂ ਇਹ ਸਭ ਅਚਾਨਕ ਹੁੰਦਾ ਹੈ, ਪਰ ਸੂਬੇ ਵਿੱਚ ਅੱਗ ਬੁਝਾਉ ਵਿਵਸਥਾ ਨਕਾਰਾ ਬਣੀ ਹੋਈ ਹੈ। ਸੂਬੇ ‘ਚ ਫਾਇਰ ਬ੍ਰਿਗੇਡ ਵਿਵਸਥਾ ਦਾ ਭੱਠਾ ਬੈਠਿਆ ਹੋਇਆ। ਸੂਬੇ ਦੇ ਜ਼ਿਆਦਾਤਰ ਜ਼ਿਲਿਆਂ ‘ਚ ਅੱਗ ਬੁਝਾਉ ਗੱਡੀਆਂ ਹੈ ਹੀ ਨਹੀਂ, ਪਰ ਜੋ ਗੱਡੀਆਂ ਹਨ, ਉਹ ਵੀ ਨਿਕਾਰਾ ਹਨ। ਅੱਗ ਬੁਝਾਉਣ ਦੀਆਂ ਖ਼ਰਾਬ ਗੱਡੀਆਂ ਕਣਕ ਦੇ ਖੇਤਾਂ ‘ਚ ਲੱਗ ਅੱਗ ‘ਤੇ ਕਾਬੂ ਪਾਉਣ ‘ਚ ਅਸਫ਼ਲ ਸਿੱਧ ਹੋ ਰਹੀਆਂ ਹਨ।
ਸੰਧਵਾਂ ਨੇ ਕਿਹਾ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਦੀਆਂ ਸਰਕਾਰਾਂ ਨੇ ਕਿਸਾਨਾਂ ਦੇ ਨਾਂ ‘ਤੇ ਕੇਵਲ ਰਾਜਨੀਤੀ ਹੀ ਕੀਤੀ ਹੈ। ਖੇਤੀਬਾੜੀ ਦੇ ਵਿਕਾਸ ਅਤੇ ਫ਼ਸਲਾਂ ਦੀ ਸਾਂਭ ਸੰਭਾਲ ਲਈ ਕੋਈ ਠੋਸ ਨੀਤੀ ਨਹੀਂ ਅਪਣਾਈ। ਉਨਾਂ ਕਿਹਾ ਜਦੋਂ ਕਿਸਾਨ ਅੱਗ ਲੱਗਣ ਨਾਲ ਹੋਏ ਨੁਕਸਾਨ ਅਤੇ ਬਿਜਲੀ ਦੀਆਂ ਤਾਰਾਂ ਸਬੰਧੀ ਸਰਕਾਰ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਹਨ, ਤਾਂ ਅਧਿਕਾਰੀ ਕਿਸਾਨਾਂ ਨਾਲ ਭੈੜਾ ਵਰਤਾਓ ਕਰਦੇ ਹਨ, ਜੇ ਅਤਿ ਨਿੰਦਰਣਯੋਗ ਹੈ। ਵਿਧਾਇਕ ਸੰਧਵਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਫ਼ਾਰਮ ਹਾਊਸ ਤੋਂ ਬਾਹਰ ਨਿਕਲਣ ਅਤੇ ਕਿਸਾਨਾਂ ਨੂੰ ਸੂਬੇ ਭਰ ਵਿੱਚ ਆ ਰਹੀਆਂ ਸਮੱਸਿਆਵਾਂ ਦਾ ਹੱਲ ਕਰਨ।