- ਪਟਿਆਲਾ ਪੁਲਿਸ ਵੱਲੋਂ ਰੇਤ ਦੀ ਗ਼ੈਰਕਾਨੂੰਨੀ ਢੋਆ-ਢੁਆਈ ਲਈ ਵਰਤੇ ਜਾਂਦੇ ਉਪਰਕਣ ਤੇ ਮਸ਼ੀਨਰੀ ਜ਼ਬਤ
ਚੰਡੀਗੜ੍ਹ, 18 ਅਪ੍ਰੈਲ 2021 – ਪੰਜਾਬ ਸਰਕਾਰ ਦੀਆਂ ਸਖ਼ਤ ਹਦਾਇਤਾਂ ਅਤੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਅਤੇ ਨਵ-ਗਠਿਤ ਇਨਫ਼ੋਰਸਮੈਂਟ ਡਾਇਰੈਕਟੋਰੇਟ ਮਾਈਨਿੰਗ ਵੱਲੋਂ ਗ਼ੈਰ ਕਾਨੂੰਨੀ ਮਾਈਨਿੰਗ ਵਿਰੁੱਧ ਵਿੱਢੀ ਮੁਹਿੰਮ ਤਹਿਤ ਪਟਿਆਲਾ ਪੁਲਿਸ ਨੇ ਜ਼ਿਲੇ ਵਿੱਚ ਰੇਤ ਦੀ ਗ਼ੈਰ ਕਾਨੂੰਨੀ ਮਾਈਨਿੰਗ ਵਿਰੁੱਧ ਸਖ਼ਤ ਕਾਰਵਾਈ ਕੀਤੀ ਹੈ।
ਸੂਬੇ ਵਿੱਚ ਗ਼ੈਰ ਕਾਨੂੰਨੀ ਖਣਨ ਦੀਆਂ ਘਟਨਾਵਾਂ ਨੂੰ ਕਰੜੇ ਹੱਥੀਂ ਨਜਿੱਠਣ ਬਾਰੇ ਦੁਹਰਾਉਂਦਿਆਂ ਸ੍ਰੀ ਆਰ.ਐਨ. ਢੋਕੇ, ਇਨਫ਼ੋਰਸਮੈਂਟ ਡਾਇਰੈਕਟਰ, ਮਾਈਨਿੰਗ, ਪੰਜਾਬ ਨੇ ਦੱਸਿਆ ਕਿ ਹਾਲ ਹੀ ਵਿੱਚ ਪਟਿਆਲਾ ਪੁਲਿਸ ਅਤੇ ਮਾਈਨਿੰਗ ਅਧਿਕਾਰੀਆਂ ਨੇ ਪਿੰਡ ਚਲੇਲਾ ਵਿੱਚ ਨਾਜਾਇਜ਼ ਮਾਈਨਿੰਗ ਵਾਲੀ ਥਾਂ ’ਤੇ ਛਾਪਾ ਮਾਰ ਕੇ ਇੱਕ ਜੇ.ਸੀ.ਬੀ. ਤੇ ਹੋਰ ਮਸ਼ੀਨਰੀ ਨੂੰ ਕਬਜ਼ੇ ਵਿੱਚ ਲਿਆ ਹੈ। ਉਨਾਂ ਦੱਸਿਆ ਕਿ ਥਾਣਾ ਅਨਾਜ ਮੰਡੀ, ਪਟਿਆਲਾ ਵਿਖੇ ਆਈ.ਪੀ.ਸੀ. ਦੀ ਧਾਰਾ 379 ਅਤੇ ਮਾਈਨਜ਼ ਐਂਡ ਮਿਨਰਲਜ਼ (ਡਿਵੈਲਪਮੈਂਟ ਐਂਡ ਰੈਗੂਲੇਸ਼ਨ) ਐਕਟ, 1957 ਦੀ ਧਾਰਾ 4 (1), 21 (1) ਤਹਿਤ ਮਿਤੀ 15.4.2021 ਨੂੰ ਐਫ.ਆਈ.ਆਰ. ਨੰ. 74 ਤਹਿਤ ਅਪਰਾਧਕ ਕੇਸ ਦਰਜ ਕੀਤਾ ਗਿਆ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਪਟਿਆਲਾ ਦੇ ਐਸ.ਐਸ.ਪੀ. ਵਿਕਰਮ ਜੀਤ ਦੁੱਗਲ ਨੇ ਦੱਸਿਆ ਕਿ ਪੁਲਿਸ ਵੱਲੋਂ ਮਾਮਲੇ ਵਿੱਚ ਨਾਮਜ਼ਦ ਮੁੱਖ ਮੁਲਜ਼ਮਾਂ ਵਿੱਚੋਂ ਇੱਕ ਓਮ ਪ੍ਰਕਾਸ਼ ਉਰਫ਼ ਉਮੀ ਪੁੱਤਰ ਗੋਰਾ ਲਾਲ ਵਾਸੀ ਪਟਿਆਲਾ ਹਾਲੇ ਫ਼ਰਾਰ ਹੈ ਜਦਕਿ ਉਸ ਦੇ ਨੇੜਲੇ ਸਾਥੀ ਗੁਰਸੇਵਕ ਸਿੰਘ ਪੁੱਤਰ ਰੂਪ ਸਿੰਘ ਵਾਸੀ ਪਿੰਡ ਸਿਉਣਾ ਜ਼ਿਲਾ ਪਟਿਆਲਾ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ ਹੈ। ਉਨਾਂ ਕਿਹਾ ਕਿ ਸਾਡੀ ਜਾਂਚ ਟੀਮ ਗ਼ੈਰ ਕਾਨੂੰਨੀ ਮਾਈਨਿੰਗ ਨਾਲ ਜੁੜੇ ਹਰ ਵਿਅਕਤੀ ਨੂੰ ਛੇਤੀ ਕਾਬੂ ਕਰ ਕਰਕੇ ਉਨਾਂ ਵਿਰੁੱਧ ਕਾਨੂੰਨ ਅਨੁਸਾਰ ਅਗਲੇਰੀ ਲੋੜੀਂਦੀ ਕਾਰਵਾਈ ਕਰੇਗੀ। ਉਨਾਂ ਕਿਹਾ ਕਿ ਈ.ਡੀ., ਮਾਈਨਿੰਗ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਅਸੀਂ ਆਪਣੇ ਅਧਿਕਾਰੀ ਅਲਰਟ ਕੀਤੇ ਹੋਏ ਹਨ ਅਤੇ ਜ਼ਿਲੇ ਵਿੱਚ ਅਜਿਹੀਆਂ ਗ਼ੈਰ ਕਾਨੂੰਨੀ ਕਾਰਵਾਈਆਂ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਅਨਾਜ ਮੰਡੀ ਪੁਲਿਸ ਨੇ ਜਾਂਚ ਦੌਰਾਨ ਜੇ.ਸੀ.ਬੀ. ਮਸ਼ੀਨ (ਪੀ.ਬੀ. 11 ਸੀ.ਬੀ. 6494), ਛੇ ਟਿੱਪਰ (ਨੰਬਰ ਪੀ.ਬੀ. 11 ਸੀ.ਟੀ. 9841, ਪੀ.ਬੀ. 11 ਬੀ.ਵਾਈ. 3994, ਪੀ.ਬੀ. 11 ਏ.ਯੂ. 9863, ਪੀ.ਬੀ. 11 ਸੀ.ਟੀ. 9841, ਪੀ.ਬੀ. 12 ਐਨ 8213, ਪੀ.ਬੀ. 11 ਬੀ.ਵਾਈ. 2294, ਇਕ ਟਰੱਕ ਨੰਬਰ ਪੀ.ਬੀ. 11 ਬੀ.ਵਾਈ. 5194 ਅਤੇ ਦੋ ਟਰੈਕਟਰ ਤੇ ਤਿੰਨ ਟਰਾਲੀਆਂ ਜ਼ਬਤ ਕੀਤੀਆਂ ਹਨ।
ਐਸ.ਐਸ.ਪੀ ਨੇ ਦੱਸਿਆ ਕਿ ਫੋਕਲ ਪੁਆਇੰਟ ਖੇਤਰ ਵਿੱਚ ਪੁਲਿਸ ਵੱਲੋਂ ਨਾਜਾਇਜ਼ ਰੇਤ ਦੇ ਵੱਡੇ ਢੇਰ ਵੀ ਜ਼ਬਤ ਕੀਤੇ ਗਏ ਹਨ, ਜਿਨਾਂ ਦੀ ਮਿਕਦਾਰ ਦਾ ਅਨੁਮਾਨ ਜਾਂਚ ਟੀਮ ਵਲੋਂ ਮਾਈਨਿੰਗ ਵਿਭਾਗ ਰਾਹੀਂ ਲਗਾਇਆ ਜਾਵੇਗਾ।
ਇਹ ਤੱਥ ਵੀ ਸਾਹਮਣੇ ਆਏ ਹਨ ਕਿ ਪਿੰਡ ਚਲੇਲਾ ਦੇ ਗੁਰਮੇਲ ਸਿੰਘ ਪੁੱਤਰ ਨਿਰੰਜਣ ਸਿੰਘ ਦੀ ਕਾਸ਼ਤ ਵਾਲੀ ਜ਼ਮੀਨ ਵਿੱੱਚ ਨਾਜਾਇਜ਼ ਮਾਈਨਿੰਗ ਚੱਲ ਰਹੀ ਸੀ। ਇਸ ਲਈ ਪੁਲਿਸ ਨੇ ਉਸ ਨੂੰ ਵੀ ਮਾਮਲੇ ਵਿੱਚ ਨਾਮਜ਼ਦ ਕੀਤਾ ਹੈ।
ਇਨਫ਼ੋਰਸਮੈਂਟ ਡਾਇਰੈਕਟਰ ਸ੍ਰੀ ਢੋਕੇ ਨੇ ਦੱਸਿਆ ਕਿ ਈ.ਡੀ ਦੀ ਰੇਤ ਮਾਫੀਆ ਵਿਰੁੱਧ ਇਸ ਵੱਡੀ ਕਾਰਵਾਈ ਦੌਰਾਨ ਪਾਇਆ ਗਿਆ ਕਿ ਦੋਸ਼ੀ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਰੇਤ ਦੀ ਤਸਕਰੀ ਕਰ ਰਿਹਾ ਸੀ। ਸ਼੍ਰੀ ਢੋਕੇ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਇਨਫ਼ੋਰਸਮੈਂਟ ਡਾਇਰੈਕਟੋਰੇਟ ਨੂੰ ਸੂਬੇ ਵਿੱਚ ਗ਼ੈਰਕਾਨੂੰਨੀ ਮਾਈਨਿੰਗ ਦੀਆਂ ਘਟਨਾਵਾਂ ਨੂੰ ਕਰੜੇ ਹੱਥੀਂ ਨਜਿੱਠਣ ਅਤੇ ਗ਼ੈਰਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਅਨਸਰਾਂ ਵਿਰੁੱਧ ਕਾਰਵਾਈ ਕਰਨ ਦੇ ਸਪੱਸ਼ਟ ਆਦੇਸ਼ ਦਿੱਤੇ ਹੋਏ ਹਨ ਅਤੇ ਇਸ ਉਦੇਸ਼ ਦੀ ਪੂਰਤੀ ਲਈ ਸਾਡੀਆਂ ਟੀਮਾਂ ਦਿਨ-ਰਾਤ ਸਖ਼ਤ ਮਿਹਨਤ ਕਰ ਰਹੀਆਂ ਹਨ।