ਚੰਡੀਗੜ੍ਹ, 21 ਅਪਰੈਲ 2021 – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਵੈਟਰਨ ਕਾਂਗਰਸੀ ਆਗੂ ਅਤੇ ਸਾਬਕਾ ਵਿਧਾਇਕ ਜਗਰਾਜ ਸਿੰਘ ਗਿੱਲ ਦੇ ਅਕਾਲ ਚਲਾਣੇ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਗਿੱਲ ਜੋ 95 ਵਰ੍ਹਿਆਂ ਦੇ ਸਨ, ਦਾ ਅੱਜ ਸਵੇਰੇ ਕੋਰੋਨਾ ਦੀ ਬਿਮਾਰੀ ਨਾਲ ਜੂਝਣ ਤੋਂ ਬਾਅਦ ਇਥੇ ਇਕ ਪ੍ਰਾਈਵੇਟ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਗੌਰਤਲਬ ਹੈ ਕਿ ਜਗਰਾਜ ਸਿੰਘ ਗਿੱਲ 1957 ਵਿੱਚ ਮੋਗਾ ਤੋਂ ਵਿਧਾਇਕ ਚੁਣੇ ਸਨ ਅਤੇ ਉਹ 1970ਵਿਆਂ ਵਿੱਚ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਵੀ ਰਹੇ। ਉਨ੍ਹਾਂ ਦੇ ਕਾਰਜਕਾਲ ਦੌਰਾਨ ਸੂਬੇ ਭਰ ਵਿੱਚ ਕਈ ਅਨਾਜ ਮੰਡੀਆਂ ਦੇ ਫੜਾਂ ਦਾ ਨਿਰਮਾਣ ਹੋਇਆ।
ਆਪਣੇ ਸ਼ੋਕ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਜਗਰਾਜ ਸਿੰਘ ਗਿੱਲ ਨੂੰ ਮਹਾਨ ਪਰਉਪਕਾਰੀ ਅਤੇ ਚੰਗੇ ਗੁਣਾਂ ਵਾਲਾ ਇਨਸਾਨ ਦੱਸਿਆ। ਉਹ ਪਾਰਟੀ ਦੇ ਇਕ ਵਫਾਦਾਰ ਸਿਪਾਹੀ ਸਨ ਜਿਨ੍ਹਾਂ ਨੇ ਸਮਾਜ ਦੇ ਦਬੇ-ਕੁਚਲੇ ਵਰਗਾਂ ਦੀ ਭਲਾਈ ਲਈ ਅਣਥੱਕ ਕੰਮ ਕੀਤਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਜ਼ਮੀਨੀ ਪੱਧਰ ‘ਤੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਨਿਭਾਈਆਂ ਵਡਮੁੱਲੀਆਂ ਸੇਵਾਵਾਂ ਨੂੰ ਸਦਾ ਯਾਦ ਕੀਤਾ ਜਾਵੇਗਾ।
ਸੋਕਗ੍ਰਸਤ ਪਰਿਵਾਰ ਦੇ ਮੈਂਬਰਾਂ, ਰਿਸ਼ਤੇਦਾਰ ਤੇ ਸਨੇਹੀਆਂ ਨਾਲ ਦੁੱਖ ਸਾਂਝਾ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਵਿਛੜੀ ਹੋਈ ਰੂਹ ਦੀ ਆਤਮਿਕ ਸ਼ਾਂਤੀ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਦੀ ਅਰਦਾਸ ਕੀਤੀ।