ਤੰਗੀਆਂ ਤੁਰਸ਼ੀਆਂ ਨਾਲ ਜੂਝ ਰਿਹਾ ਬੋਧ ਰਾਜ ਬਣਿਆ ਕਰੋੜਪਤੀ

  • ਪਠਾਨਕੋਟ ਦੇ ਮਜ਼ਦੂਰ ਨੇ ਪੰਜਾਬ ਸਟੇਟ ਡੀਅਰ 100 ਬੁੱਧਵਾਰ ਹਫਤਾਵਾਰੀ ਲਾਟਰੀ ਦਾ ਪਹਿਲਾ ਇਨਾਮ ਜਿੱਤਿਆ

ਚੰਡੀਗੜ੍ਹ, 23 ਅਪ੍ਰੈਲ 2021 – ਜ਼ਿਲ੍ਹਾ ਪਠਾਨਕੋਟ ਦੇ ਮਜ਼ਦੂਰ ਬੋਧ ਰਾਜ ਦੇ 100 ਰੁਪਏ ਦੀ ਲਾਟਰੀ ਟਿਕਟ ਖਰੀਦਣ ਦੇ ਫੈਸਲੇ ਨੇ ਉਸ ਦੀ ਜ਼ਿੰਦਗੀ ਹਮੇਸ਼ਾਂ ਲਈ ਬਦਲ ਦਿੱਤੀ ਹੈ। ਉਸ ਨੇ ਪੰਜਾਬ ਸਟੇਟ ਡੀਅਰ 100 ਬੁੱਧਵਾਰ ਹਫਤਾਵਾਰੀ ਲਾਟਰੀ ਦਾ 1 ਕਰੋੜ ਰੁਪਏ ਦਾ ਪਹਿਲਾ ਇਨਾਮ ਜਿੱਤਿਆ ਹੈ।
ਪਿੰਡ ਅਖਰੋਟਾ ਦਾ ਵਸਨੀਕ ਬੋਧ ਰਾਜ (38) ਆਪਣੇ ਪਰਿਵਾਰ ਲਈ ਰੋਜ਼ੀ-ਰੋਟੀ ਕਮਾਉਣ ਅਤੇ ਉਨ੍ਹਾਂ ਦੀਆਂ ਰੋਜ਼ਮਰ੍ਹਾ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਜੂਝਦਾ ਰਿਹਾ ਪਰ ਤੰਗੀਆਂ ਤੁਰਸ਼ੀਆਂ ਵਾਲਾ ਇਹ ਸਮਾਂ ਹੁਣ ਬੀਤੇ ਸਮੇਂ ਦੀ ਗੱਲ ਹੋ ਗਿਆ ਹੈ।

ਲਾਟਰੀ ਜਿੱਤਣ ਕਾਰਨ ਖੁਸ਼ੀ ‘ਚ ਖੀਵੇ ਹੋਏ ਇਸ ਖੁਸ਼ਨਸੀਬ ਜੇਤੂ ਨੇ ਦੱਸਿਆ ਕਿ ਉਸ ਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਉਹ ਆਪਣੀ ਜ਼ਿੰਦਗੀ ਵਿੱਚ ਕਦੇ ਐਨੀ ਵੱਡੀ ਰਕਮ ਕਮਾ ਸਕੇਗਾ ਕਿਉਂਕਿ ਉਹ ਪੂਰਾ ਦਿਨ ਮਿਹਨਤ ਕਰਕੇ 10,000 ਰੁਪਏ ਪ੍ਰਤੀ ਮਹੀਨਾ ਕਮਾਉਂਦਾ ਸੀ। ਉਸ ਨੇ ਕਿਹਾ, “ਮੇਰਾ ਦੋਸਤ ਪਠਾਨਕੋਟ ਤੋਂ ਪੰਜਾਬ ਸਟੇਟ ਵਿਸਾਖੀ ਬੰਪਰ ਦੀ ਟਿਕਟ ਖਰੀਦਣ ਗਿਆ ਸੀ ਅਤੇ ਉਸ ਦੇ ਜ਼ੋਰ ਪਾਉਣ ‘ਤੇ ਮੈਂ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰ ਲਾਟਰੀ ਟਿਕਟ ਖਰੀਦੀ ਸੀ। ਮੇਰੇ ਕੋਲ 500 ਰੁਪਏ ਦੀ ਵਿਸਾਖੀ ਬੰਪਰ ਟਿਕਟ ਖਰੀਦਣ ਲਈ ਪੈਸੇ ਨਹੀਂ ਸਨ, ਇਸ ਲਈ ਮੈਂ 100 ਰੁਪਏ ਦੀ ਟਿਕਟ ਖਰੀਦਣ ਦਾ ਫੈਸਲਾ ਕੀਤਾ। ਹਾਲਾਂਕਿ ਮੈਂ ਆਪਣੀ ਮਿਹਨਤ ਨਾਲ ਕਮਾਏ ਪੈਸੇ ਲਾਟਰੀ ਦੀ ਟਿਕਟ ‘ਤੇ ਨਹੀਂ ਖਰਚਣਾ ਚਾਹੁੰਦਾ ਸੀ ਪਰ ਕੁਦਰਤ ਨੇ ਮੇਰੇ ਲਈ ਇਕ ਰਾਹ ਬਣਾਇਆ।”

ਅੱਜ ਇਥੇ ਵਿੱਤ ਅਤੇ ਯੋਜਨਾ ਭਵਨ, ਸੈਕਟਰ-33, ਚੰਡੀਗੜ੍ਹ ਵਿਖੇ ਲਾਟਰੀ ਵਿਭਾਗ ਕੋਲ ਇਨਾਮ ਲਈ ਲਾਟਰੀ ਟਿਕਟ ਅਤੇ ਲੋੜੀਂਦੇ ਦਸਤਾਵੇਜ਼ ਜਮ੍ਹਾਂ ਕਰਵਾਉਣ ਤੋਂ ਬਾਅਦ ਬੋਧ ਰਾਜ ਨੇ ਕਿਹਾ ਕਿ ਉਸ ਨੂੰ ਅਜੇ ਵੀ ਇਹ ਸੁਪਨੇ ਵਾਂਗ ਲੱਗ ਰਿਹਾ ਹੈ।
ਬੋਧ ਰਾਜ ਹੁਣ ਸਕੂਲ ਜਾਂਦੀਆਂ ਆਪਣੀਆਂ ਦੋ ਧੀਆਂ ਦੇ ਬਿਹਤਰ ਭਵਿੱਖ ਦੀ ਯੋਜਨਾ ਬਣਾ ਰਿਹਾ ਹੈ। ਉਸਨੇ ਕਿਹਾ ਕਿ ਉਹ ਇਸ ਰਕਮ ਦਾ ਵੱਡਾ ਹਿੱਸਾ ਆਪਣੀ ਧੀਆਂ ਦੀ ਸਿੱਖਿਆ ‘ਤੇ ਖਰਚ ਕਰੇਗਾ ਅਤੇ ਇਸ ਤੋਂ ਇਲਾਵਾ ਆਪਣੇ ਪਰਿਵਾਰ ਦੀਆਂ ਵਿੱਤੀ ਦੇਣਦਾਰੀਆਂ ਚੁਕਾਏਗਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕਾਂਗਰਸੀ ਆਗੂ ਅਤੇ ਫੌਜ ਦੇ ਸਾਬਕਾ ਅਧਿਕਾਰੀ ਆਮ ਆਦਮੀ ਪਾਰਟੀ ‘ਚ ਸ਼ਾਮਲ

1 ਮਈ ਤੋਂ 18 ਤੋਂ 45 ਸਾਲ ਦੇ ਉਮਰ ਵਰਗ ਦੇ ਲੱਗੇਗਾ ਕੋਰੋਨਾ ਦਾ ਟੀਕਾ