- ਅਰਬ ਦੇਸ਼ਾਂ ‘ਚ ਬੱਚੇ ਭੇਜਣ ਤੋਂ ਪਹਿਲਾਂ ਮਾਪੇ ਟਰੱਸਟ ਦੀ ਸਲਾਹ ਜ਼ਰੂਰ ਲੈਣ -ਡਾ.ਓਬਰਾਏ
- ਸਾਡੇ ਲਈ ਤਾਂ ਰੱਬ ਦੇ ਫਰਿਸ਼ਤੇ ਦਾ ਰੂਪ ਨੇ ਡਾ. ਓਬਰਾਏ – ਪੀੜਤ ਨੌਜਵਾਨ
ਅੰਮ੍ਰਿਤਸਰ, 23 ਅਪ੍ਰੈਲ 2021 – ਸਮਾਜ ਸੇਵਾ ਦੇ ਖੇਤਰ ‘ਚ ਨਿੱਤ ਨਵੇਂ ਮੀਲ੍ਹ-ਪੱਥਰ ਗੱਡ ਰਹੇ ਦੁਬਈ ਦੇ ਪ੍ਰਸਿੱਧ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁੱਖੀ ਡਾ.ਐਸ.ਪੀ. ਸਿੰਘ ਓਬਰਾਏ ਨੇ ਇੱਕ ਵਾਰ ਮੁੜ ਲੋੜਵੰਦਾਂ ਦਾ ਮਸੀਹਾ ਬਣਦਿਆਂ, ਲਾਲਚੀ ਏਜੰਟਾਂ ਦੇ ਧੋਖੇ ਦਾ ਸ਼ਿਕਾਰ ਹੋਏ 6 ਬੇਵੱਸ ਨੌਜਵਾਨ ਲੜਕੇ-ਲੜਕੀਆਂ ਨੂੰ ਆਪਣੀ ਜੇਬ੍ਹ ‘ਚੋਂ ਵੱਡੀ ਰਕਮ ਖ਼ਰਚ ਕੇ ਦੁਬਈ ਤੋਂ ਸੁਰੱਖਿਅਤ ਵਾਪਿਸ ਵਤਨ ਪੁੱਜਦਾ ਕੀਤਾ ਹੈ।
ਦੁਬਈ ‘ਚ ਧੋਖੇ ਦਾ ਸ਼ਿਕਾਰ ਹੋਣ ਤੋਂ ਬਾਅਦ ਅਨੇਕਾਂ ਹੀ ਮੁਸੀਬਤਾਂ ਝੱਲਣ ਉਪਰੰਤ ਆਰਥਿਕ ਪੱਖੋਂ ਕਮਜ਼ੋਰ ਪਰਿਵਾਰਾਂ ਦੇ ਇਹ ਬੱਚੇ ਜਦੋਂ ਅੱਜ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ‘ਤੇ ਮੁੜ ਆਪਣੇ ਮਾਪਿਆਂ ਦੇ ਗਲ਼ ਲੱਗ ਰੋਏ ਤਾਂ ਇੱਕ ਵਾਰ ਇੰਜ ਜਾਪਿਆ ਜਿਵੇਂ ਸਮਾਂ ਰੁਕ ਗਿਆ ਹੋਵੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁੱਖੀ ਡਾ.ਐਸ.ਪੀ. ਸਿੰਘ ਓਬਰਾਏ ਨੇ ਦੱਸਿਆ ਕਿ ਆਰਥਿਕ ਮਜਬੂਰੀਆਂ ਕਾਰਨ ਪੰਜਾਬ ਸਮੇਤ ਹੋਰਨਾਂ ਸੂਬਿਆਂ ਦੇ ਬਹੁਤ ਸਾਰੇ ਮਾਪੇ ਲਾਲਚੀ ਏਜੰਟਾਂ ਦੇ ਚੁੰਗਲ ‘ਚ ਫ਼ਸ ਕੇ ਆਪਣੀਆਂ ਮਾਸੂਮ ਧੀਆਂ ਅਤੇ ਪੁੱਤਾਂ ਨੂੰ ਅਰਬ ਦੇਸ਼ਾਂ ਵਿਚ ਨੌਕਰੀ ਲਈ ਭੇਜ ਦਿੰਦੇ ਹਨ ਪਰ ਬਦਕਿਸਮਤੀ ਨਾਲ ਉੱਥੇ ਜਾ ਕੇ ਉਕਤ ਲਾਲਚੀ ਏਜੰਟਾਂ ਵੱਲੋਂ ਜਿੱਥੇ ਨੌਜਵਾਨ ਲੜਕਿਆਂ ਨੂੰ ਜਾਅਲੀ ਜਾਂ ਡਿਫ਼ਾਲਟਰ ਕੰਪਨੀਆਂ ਵਿੱਚ ਫ਼ਸਾ ਦਿੱਤਾ ਜਾਂਦਾ ਹੈ ਉੱਥੇ ਹੀ ਇਥੋਂ ਗਈਆਂ ਜ਼ਿਆਦਾਤਰ ਲੜਕੀਆਂ ਨੂੰ ਤਾਂ ਜ਼ਿਮੀਂਦਾਰਾਂ ਜਾਂ ਹੋਰ ਕਾਰੋਬਾਰੀਆਂ ਕੋਲ ਵੇਚ ਦਿੱਤਾ ਜਾਂਦਾ ਹੈ, ਜੋ ਆਪਣੇ ਕੋਲੋਂ ਪੈਸਾ ਖਰਚ ਕਰ ਕੇ ਇਨ੍ਹਾਂ ਲੜਕੀਆਂ ਨੂੰ ਲੀਗਲ ਕਰਾਉਣ ਉਪਰੰਤ ਲੋੜ ਤੋਂ ਵਧੇਰੇ ਕੰਮ ਲੈਂਦੇ ਹਨ।
ਜਿਸ ਕਾਰਨ ਬਹੁਤ ਸਾਰੀਆਂ ਲੜਕੀਆਂ ਦੀ ਸਿਹਤ ਵੀ ਖ਼ਰਾਬ ਹੋ ਜਾਂਦੀ ਹੈ ਪਰ ਉਨ੍ਹਾਂ ਲਈ ਉੱਥੋਂ ਨਿਕਲਣਾ ਬਹੁਤ ਔਖਾ ਹੋ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਹਰ ਰੋਜ਼ ਅਨੇਕਾਂ ਹੀ ਅਜਿਹੇ ਬੱਚਿਆਂ ਦੇ ਫੋਨ ਆਉਂਦੇ ਹਨ,ਜੋ ਟਰੈਵਲ ਏਜੰਟਾਂ ਦੇ ਧੋਖੇ ਦਾ ਸ਼ਿਕਾਰ ਹੋਣ ਉਪਰੰਤ ਅਰਬ ਦੇਸ਼ਾਂ ‘ਚ ਫਸੇ ਹੋਏ ਹਨ। ਉਨ੍ਹਾਂ ਕਿਹਾ ਕਿ ਹਰੇਕ ਬੱਚਾ ਆਪਣੇ ਘਰ ਤੋਂ ਸੁਨਹਿਰੇ ਭਵਿੱਖ ਦੇ ਸੁਪਨੇ ਦਿਲ ‘ਚ ਵਸਾ ਇਸ ਧਰਤੀ ਤੇ ਪੁੱਜਦਾ ਹੈ ਪਰ ਜਦੋਂ ਇੱਥੇ ਪਹੁੰਚਣ ਤੇ ਉਸਨੂੰ ਪਤਾ ਲੱਗਦਾ ਹੈ ਕਿ ਉਸ ਨਾਲ ਤਾਂ ਵੱਡਾ ਧੋਖਾ ਹੋਇਆ ਹੈ ਤਾਂ ਉਹ ਹੌੰਸਲਾ ਛੱਡ ਜਾਂਦਾ ਹੈ। ਇਸੇ ਕਾਰਨ ਹੀ ਆਏ ਦਿਨ ਛੋਟੀ ਉਮਰ ਦੇ ਬੱਚਿਆਂ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋਣ ਜਾਂ ਆਤਮਹੱਤਿਆ ਕਰਨ ਦੀਆਂ ਖਬਰਾਂ ਸਾਨੂੰ ਮਿਲਦੀਆਂ ਹਨ।
ਡਾ.ਓਬਰਾਏ ਅਨੁਸਾਰ ਅੱਜ ਪੁੱਜੇ ਚਾਰੇ ਲੜਕੇ ਜੋਬਨਜੀਤ ਸਿੰਘ, ਕੁਲਵਿੰਦਰ ਸਿੰਘ,ਬਲਜੀਤ ਸਿੰਘ ਤੇ ਅਵਤਾਰ ਸਿੰਘ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਸੰਕਰਪੁਰ ਨਾਲ ਸਬੰਧਤ ਹਨ ਅਤੇ ਇੱਕੋ ਹੀ ਟ੍ਰੈਵਲ ਏਜੰਟ ਦੇ ਧੋਖੇ ਦਾ ਸ਼ਿਕਾਰ ਹੋਏ ਹਨ। ਏਸੇ ਤਰ੍ਹਾਂ ਹੀ ਮੋਗਾ ਜਿਲ੍ਹੇ ਦੀ ਮਾਫ਼ੀਆ ਅਤੇ ਫ਼ਿਰੋਜ਼ਪੁਰ ਜਿਲ੍ਹੇ ਦੀ ਗਗਨਦੀਪ ਕੌਰ ਨੇ ਵੀ ਉਨ੍ਹਾਂ ਨੂੰ ਉਪਰੋਕਤ ਲੜਕਿਆਂ ਵਾਂਗ ਉਨ੍ਹਾਂ ਨੂੰ ਆਪਣੇ ਮਾੜੇ ਹਾਲਾਤਾਂ ਬਾਰੇ ਦੱਸ ਕੇ ਵਾਪਸ ਭਾਰਤ ਭੇਜਣ ਲਈ ਬੇਨਤੀ ਕੀਤੀ ਸੀ,ਜਿਸ ‘ਤੇ ਤੁਰੰਤ ਕਾਰਵਾਈ ਕਰਦਿਆਂ ਉਨ੍ਹਾਂ ਨੇ ਇਨ੍ਹਾਂ 6 ਬੱਚਿਆਂ ਨੂੰ ਭਾਰਤੀ ਦੂਤਾਵਾਸ ਦੇ ਵਿਸ਼ੇਸ਼ ਸਹਿਯੋਗ ਸਦਕਾ ਆਪਣੇ ਪੱਲਿਉਂ ਇਨ੍ਹਾਂ ਦੇ ਇੰਮੀਗ੍ਰੇਸ਼ਨ,ਓਵਰ ਸਟੇਅ ਤੇ ਕਰੋਨਾ ਟੈਸਟ ਆਦਿ ਦੇ ਖਰਚ ਤੋਂ ਇਲਾਵਾ ਭਾਰਤ ਆਉਣ ਲਈ ਹਵਾਈ ਟਿਕਟਾਂ ਦਾ ਪ੍ਰਬੰਧ ਵੀ ਕੀਤਾ ਹੈ। ਉਨ੍ਹਾਂ ਦੱਸਿਆ ਹੈ ਕਿ ਉਨ੍ਹਾਂ ਦੀ ਜਾਣਕਾਰੀ ਮੁਤਾਬਕ ਅਜੇ ਵੀ ਅਰਬ ਦੇਸ਼ਾਂ ਅੰਦਰ ਸੈਂਕੜੇ ਲੜਕੀਆਂ ਹੋਰ ਵੀ ਫਸੀਆਂ ਹੋਈਆਂ ਹਨ। ਜਦ ਕਿ ਉਹ ਹੁਣ ਤੱਕ 30 ਦੇ ਕਰੀਬ ਲੜਕੀਆਂ ਅਤੇ ਕੋਰੋਨਾ ਕਾਲ ਸਮੇਤ ਵੱਖ-ਵੱਖ ਸਮਿਆਂ ਦੌਰਾਨ ਉਥੇ ਫਸੇ 500 ਦੇ ਕਰੀਬ ਨੌਜਵਾਨ ਲੜਕਿਆਂ ਨੂੰ ਵਾਪਸ ਭਾਰਤ ਲਿਆ ਚੁੱਕੇ ਹਨ ਅਤੇ ਉਨ੍ਹਾਂ ਦੀ ਪੂਰੀ ਕੋਸ਼ਿਸ਼ ਹੈ ਕਿ ਬਾਕੀ ਬਚਦੇ ਬੱਚਿਆਂ ਨੂੰ ਵੀ ਜਲਦ ਵਾਪਸ ਲਿਆਂਦਾ ਜਾਵੇ।
ਡਾ.ਓਬਰਾਏ ਨੇ ਇੱਕ ਵਾਰ ਮੁੜ ਜਿੱਥੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਚੰਗੀ ਤਰ੍ਹਾਂ ਘੋਖ ਕਰਨ ਉਪਰੰਤ ਹੀ ਆਪਣੇ ਬੱਚੇ ਵਿਦੇਸ਼ ਭੇਜਣ ਉੱਥੇ ਹੀ ਉਨ੍ਹਾਂ ਸਰਕਾਰਾਂ ਨੂੰ ਵੀ ਕਿਹਾ ਹੈ ਕਿ ਉਹ ਧੋਖੇਬਾਜ਼ ਏਜੰਟਾਂ ਨੂੰ ਨੱਥ ਪਾਉਣ ਤਾਂ ਜੋ ਮਾਸੂਮ ਬੱਚੇ ਮੌਤ ਦੇ ਮੂੰਹ ਪੈਣ ਤੋਂ ਬਚ ਸਕਣ। ਉਨ੍ਹਾਂ ਸਲਾਹ ਦਿੱਤੀ ਹੈ ਕਿ ਜੇਕਰ ਕੋਈ ਦੁਬਈ ਕੰਮ ਲਈ ਜਾ ਰਿਹਾ ਹੈ ਤਾਂ ਉਹ ਸਰਬੱਤ ਦਾ ਭਲਾ ਟਰੱਸਟ ਦੇ ਹਰ ਜ਼ਿਲ੍ਹੇ ‘ਚ ਮੌਜੂਦ ਦਫ਼ਤਰਾਂ ਜਾਂ ਟਰੱਸਟ ਨੂੰ ਆਈ.ਡੀ. sdbctoffice@gmail.com ਤੇ ਮੇਲ ਕਰਕੇ,ਉਸ ਨੂੰ ਕੰਮ ਦੇਣ ਵਾਲੀ ਕੰਪਨੀ ਜਾਂ ਉਸਦੇ ਕੰਮਕਾਰ ਬਾਰੇ ਇੱਕ ਵਾਰ ਜ਼ਰੂਰ ਪੁੱਛਗਿੱਛ ਕਰ ਲਵੇ ਫਿਰ ਭਾਵੇਂ ਉਹ ਏਜੰਟ ਰਾਹੀਂ ਹੀ ਦੁਬਈ ਪਹੁੰਚੇ।
ਟਰੱਸਟ ਦੀ ਅੰਮ੍ਰਿਤਸਰ ਇਕਾਈ ਦੇ ਪ੍ਰਧਾਨ ਸੁਖਜਿੰਦਰ ਸਿੰਘ ਹੇਰ,ਜਨਰਲ ਸਕੱਤਰ ਮਨਪ੍ਰੀਤ ਸੰਧੂ,ਮੀਤ ਪ੍ਰਧਾਨ ਸ਼ਿਸ਼ਪਾਲ ਸਿੰਘ ਲਾਡੀ,ਖ਼ਜ਼ਾਨਚੀ ਨਵਜੀਤ ਸਿੰਘ ਘਈ,ਬਾਬਾ ਸ਼ਮਸ਼ੇਰ ਸਿੰਘ ਕੋਹਰੀ,ਕੈਪਟਨ ਵਿਜੇ ਸ਼ਰਮਾ, ਗੁਰਦਾਸਪੁਰ ਜ਼ਿਲ੍ਹਾ ਪ੍ਰਧਾਨ ਰਵਿੰਦਰ ਸਿੰਘ ਮਠਾਰੂ ਦੀ ਮੌਜੂਦਗੀ ‘ਚ ਹਵਾਈ ਅੱਡੇ ਤੇ ਦੁਬਈ ਤੋਂ ਵਾਪਸ ਪਰਤੇ ਪੀੜਤ ਲੜਕੇ-ਲੜਕੀਆਂ ਨੇ ਨਮ ਅੱਖਾਂ ਨਾਲ ਦੱਸਿਆ ਕਿ ਉਥੇ ਉਨ੍ਹਾਂ ਦੇ ਜੋ ਹਾਲਾਤ ਸਨ, ਉਹ ਜਾਂ ਤਾਂ ਰੱਬ ਜਾਣਦਾ ਹੈ ਤੇ ਜਾਂ ਖ਼ੁਦ ਉਹ। ਉਨ੍ਹਾਂ ਕਿਹਾ ਕਿ ਡਾ.ਐੱਸ.ਪੀ. ਸਿੰਘ ਓਬਰਾਏ ਉਨ੍ਹਾਂ ਲਈ ਕਿਸੇ ਫਰਿਸ਼ਤੇ ਤੋਂ ਘੱਟ ਨਹੀਂ ਹਨ, ਜਿਨ੍ਹਾਂ ਨੇ ਆਪਣੇ ਕੋਲੋਂ ਲੱਖਾਂ ਰੁਪਏ ਖਰਚ ਕੇ ਉਨ੍ਹਾਂ ਨੂੰ ਮੌਤ ਦੇ ਮੂੰਹ ‘ਚੋਂ ਕੱਢ ਅੱਜ ਮੁੜ ਉਨ੍ਹਾਂ ਦੇ ਮਾਪਿਆਂ ਦੀ ਝੋਲੀ ਪਾ ਦਿੱਤਾ ਹੈ। ਉਨ੍ਹਾਂ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਉਨ੍ਹਾਂ ਨਾਲ ਧੋਖਾ ਕਰਨ ਵਾਲੇ ਏਜੰਟਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਉਨ੍ਹਾਂ ਨੂੰ ਇਨਸਾਫ ਦਿਵਾਇਆ ਜਾਵੇ।