ਚੰਡੀਗੜ੍ਹ, 23 ਅਪ੍ਰੈਲ 2021 – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡੇਰਾ ਸੰਤ ਬਾਬਾ ਭਾਗ ਸਿੰਘ ਦੇ ਮੁੱਖ ਸੇਵਾਦਾਰ ਸੰਤ ਬਾਬਾ ਦਿਲਾਵਰ ਸਿੰਘ ਦੇ ਅਕਾਲ ਚਲਾਣੇ ਉਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਹ 56 ਵਰਿਆਂ ਦੇ ਸਨ ਜੋ ਬੀਤੀ ਸ਼ਾਮ ਜਲੰਧਰ ਜਿਲ੍ਹੇ ਦੇ ਪਿੰਡ ਮਾਨਕੋ ਜੱਬੜ ਵਿਖੇ ਚੱਲ ਵਸੇ।
ਇਕ ਸ਼ੋਕ ਸੰਦੇਸ਼ ਵਿਚ ਮੁੱਖ ਮੰਤਰੀ ਨੇ ਸੰਤ ਬਾਬਾ ਦਿਲਾਵਰ ਸਿੰਘ ਨੂੰ ਮਹਾਨ ਅਧਿਆਤਮਕ ਆਗੂ, ਸਮਾਜ ਸੁਧਾਰਕ ਅਤੇ ਪਰਉਪਕਾਰੀ ਸ਼ਖਸੀਅਤ ਦੱਸਿਆ ਜਿਨ੍ਹਾਂ ਨੇ ਸਮਾਜ ਦੇ ਦੱਬੇ-ਕੁਚਲੇ ਵਰਗਾਂ ਦੀ ਭਲਾਈ ਲਈ ਮੋਹਰੀ ਭੂਮਿਕਾ ਨਿਭਾਈ। ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੇ ਚਾਂਸਲਰ ਹੋਣ ਦੇ ਨਾਤੇ ਉਨ੍ਹਾਂ ਨੇ ਦੋਆਬਾ ਖੇਤਰ ਦੇ ਪੇਂਡੂ ਇਲਾਕਿਆਂ ਵਿਚ ਮਿਆਰੀ ਉਚੇਰੀ ਸਿੱਖਿਆ ਦਾ ਪਾਸਾਰ ਕਰਨ ਵਿਚ ਵੀ ਮਿਸਾਲੀ ਯੋਗਦਾਨ ਪਾਇਆ। ਸੰਤ ਬਾਬਾ ਦਿਲਾਵਰ ਸਿੰਘ ਜੋ ਦਇਆ, ਪਿਆਰ ਅਤੇ ਏਕਤਾ ਦੇ ਸਿਧਾਂਤਾਂ ਪ੍ਰਤੀ ਕਹਿਣੀ ਤੇ ਕਥਨੀ ਦੇ ਧਾਰਨੀ ਸਨ, ਦੀ ਨਿਸ਼ਕਾਮ ਸੇਵਾ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।
ਦੁਖੀ ਪਰਿਵਾਰ ਦੇ ਮੈਂਬਰਾਂ ਤੇ ਸ਼ਰਧਾਲੂਆਂ ਨਾਲ ਦਿਲੀ ਹਮਦਰਦੀ ਜਾਹਰ ਕਰਦਿਆਂ ਮੁੱਖ ਮੰਤਰੀ ਨੇ ਅਕਾਲ ਪੁਰਖ ਅੱਗੇ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਸਦੀਵੀ ਨਿਵਾਸ ਦੇਣ ਅਤੇ ਭਾਣਾ ਮੰਨਣ ਦਾ ਬਲ ਬਖਸ਼ਣ ਲਈ ਅਰਦਾਸ ਕੀਤੀ।