ਅੰਮ੍ਰਿਤਸਰ, 25 ਅਪ੍ਰੈਲ 2021 – ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ ਵਿਚ ਆਕਸੀਜਨ ਦੀ ਕਮੀ ਕਾਰਨ ਦੇਰ ਰਾਤ ਹੋਈਆਂ 6 ਮੌਤਾਂ ਉੱਤੇ ਗਹਿਰਾ ਦੁੱਖ ਪ੍ਰਗਟਾਉਂਦੇ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਓ ਪੀ ਸੋਨੀ ਨੇ ਕਿਹਾ ਕਿ ਜੇਕਰ ਹਸਪਤਾਲ ਦੇ ਪ੍ਰਬੰਧਕ ਆਕਸੀਜਨ ਦੀ ਕਮੀ ਬਾਰੇ ਰਾਤ ਵੀ ਸਾਡੇ ਧਿਆਨ ਵਿਚ ਲਿਆ ਦਿੰਦੇ ਤਾਂ ਅਸੀਂ ਇਹ ਮੌਕਾ ਨਾ ਆਉਣ ਦਿੰਦੇ। ਸੋਨੀ ਨੇ ਕਿਹਾ ਕਿ ਰਾਤ ਹੀ ਗੁਰੂ ਨਾਨਕ ਮੈਡੀਕਲ ਕਾਲਜ ਅਤੇ ਅੰਮ੍ਰਿਤਸਰ ਦੇ ਇਕ ਹੋਰ ਨਿੱਜੀ ਹਸਪਤਾਲ ਵਿਚ ਆਕਸੀਜਨ ਦੀ ਕਮੀ ਆਈ ਸੀ, ਜਿਸ ਨੂੰ ਮੈਂ ਜ਼ਿਲ੍ਹਾ ਪ੍ਰਸ਼ਾਸਨ ਦੀ ਸਹਾਇਤਾ ਨਾਲ ਰਾਤ ਡੇਢ ਵਜੇ ਤੱਕ ਸਮਾਂ ਲਗਾ ਕੇ ਪੂਰਾ ਕਰ ਕੀਤਾ। ਉਨ੍ਹਾਂ ਕਿਹਾ ਕਿ ਮੈਂ ਇਸ ਬਾਬਤ ਅੱਧੀ ਰਾਤ ਤੱਕ ਮੁੱਖ ਸਕੱਤਰ ਪੰਜਾਬ ਦੇ ਨਾਲ ਫ਼ੋਨ ਉੱਤੇ ਸੰਪਰਕ ਵਿਚ ਰਿਹਾ। ਉਨ੍ਹਾਂ ਕਿਹਾ ਕਿ ਸਾਡੀ ਕੋਸ਼ਿਸ਼ ਹਰੇਕ ਮਰੀਜ਼ ਦੀ ਜਾਨ ਬਚਾਉਣ ਲਈ ਹੈ, ਚਾਹੇ ਉਹ ਸਰਕਾਰੀ ਹਸਪਤਾਲ ਵਿਚ ਦਾਖਲ ਹੋਵੇ ਜਾਂ ਨਿੱਜੀ।
ਸੋਨੀ ਨੇ ਕਿਹਾ ਕਿ ਰਾਤ ਉਕਤ ਹਸਪਤਾਲ ਵਿਚ ਜੋ ਵੀ ਹੋਇਆ ਉਹ ਪਹਿਲੀ ਨਜ਼ਰੇ ਹਸਪਤਾਲ ਪ੍ਰਬੰਧਕਾਂ ਦੀ ਅਣਗਹਿਲੀ ਮਹਿਸੂਸ ਹੋ ਰਹੀ ਹੈ, ਪਰ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ. ਗੁਰਪ੍ਰੀਤ ਸਿੰਘ ਖਹਿਰਾ ਨੇ ਇਸ ਦੀ ਜਾਂਚ ਲਈ ਪੀ ਸੀ ਐਸ ਅਧਿਕਾਰੀ ਰਜਤ ਓਬਰਾਏ ਅਤੇ ਸਿਵਲ ਸਰਜਨ ਡਾ. ਚਰਨਜੀਤ ਸਿੰਘ ਦੀ ਅਗਵਾਈ ਹੇਠ ਕਮੇਟੀ ਗਠਿਤ ਕੀਤੀ ਹੈ, ਜੋ ਕਿ ਅੱਜ ਵੀ ਉਕਤ ਹਸਪਤਾਲ ਵਿਚ ਜਾਂਚ ਕਰਕੇ ਆਏ ਹਨ।
ਸੋਨੀ ਨੇ ਕਿਹਾ ਕਿ ਜਾਂਚ ਵਿਚ ਜੋ ਵੀ ਦੋਸ਼ੀ ਪਾਇਆ ਗਿਆ ਉਸ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਆਕਸੀਜਨ ਦੀ ਸਪਲਾਈ ਵਿਚ ਪੂਰੇ ਦੇਸ਼ ਦੀ ਤਰਾਂ ਸਾਡੇ ਵੀ ਵੱਡੀ ਕਮੀ ਹੈ ਅਤੇ ਕੇਵਲ ਸਾਡੀਆਂ ਮੈਡੀਕਲ ਲੋੜਾਂ ਹੀ ਪੂਰੀਆਂ ਹੋ ਰਹੀਆਂ ਹਨ, ਇਸ ਵਾਸਤੇ ਸਾਰੇ ਹਸਪਤਾਲਾਂ ਦੇ ਪ੍ਰਬੰਧਕਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਇਸ ਦੀ ਵਾਧੂ ਵਰਤੋਂ ਨੂੰ ਬੰਦ ਕਰਨ ਤੇ ਕੇਵਲ ਲੋੜ ਵੇਲੇ ਹੀ ਆਕਸੀਜਨ ਦੀ ਵਰਤੋਂ ਕੀਤੀ ਜਾਵੇ।
ਸੋਨੀ ਨੇ ਸਾਰੇ ਨਿੱਜੀ ਹਸਪਤਾਲਾਂ ਨੂੰ ਸਪਸ਼ਟ ਕੀਤਾ ਕਿ ਜੇਕਰ ਤੁਹਾਡੇ ਕੋਲ ਇਲਾਜ ਲਈ ਸਾਧਨ ਪੂਰੇ ਨਹੀਂ ਤਾਂ ਤੁਸੀਂ ਮਰੀਜ਼ਾਂ ਨੂੰ ਗੁਰੂ ਨਾਨਕ ਮੈਡੀਕਲ ਕਾਲਜ ਵਿਚ ਤਬਦੀਲ ਕਰ ਦਿਓ, ਸਾਡੇ ਕੋਲ 250 ਤੋਂ ਵੱਧ ਬੈੱਡ ਅਜੇ ਵੀ ਖ਼ਾਲੀ ਪਏ ਹਨ।
ਇਸ ਮੌਕੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਵੀ ਆਕਸੀਜਨ ਦੀ ਸਪਲਾਈ ਉੱਤੇ ਚਿੰਤਾ ਜ਼ਾਹਿਰ ਕਰਦੇ ਇਹ ਮੁੱਦਾ ਕੇਂਦਰ ਸਰਕਾਰ ਕੋਲ ਉਠਾਉਣ ਦਾ ਭਰੋਸਾ ਦਿੰਦੇ ਕਿਹਾ ਕਿ ਤੁਸੀਂ ਇਸ ਦੀ ਵਰਤੋਂ ਅਤੇ ਵੰਡ ਦਾ ਸਹੀ ਕੰਟਰੋਲ ਰੱਖੋ, ਮੈਂ ਕੇਂਦਰ ਦੇ ਸਿਹਤ ਮੰਤਰੀ ਕੋਲੋਂ ਪੰਜਾਬ ਲਈ ਹੋਰ ਕੋਟੇ ਦੀ ਮੰਗ ਕਰਦਾ ਹਾਂ ਕਿਉਂਕਿ ਆਕਸੀਜਨ ਬਣਾਉਣ ਦਾ ਮੁੱਖ ਸਾਧਨ ਪੰਜਾਬ ਤੋਂ ਬਾਹਰਲੇ ਰਾਜਾਂ ਵਿਚ ਹੀ ਹਨ, ਜਿੱਥੋਂ ਸਾਰੇ ਦੇਸ਼ ਨੂੰ ਇਸ ਦੀ ਸਪਲਾਈ ਕੀਤੀ ਜਾ ਰਹੀ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਹੁਣ ਤੱਕ ਦੀ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ, ਨਿੱਜੀ ਹਸਪਤਾਲ ਵਿਚ ਮਰੇ ਮਰੀਜ਼ਾਂ ਵਿਚੋਂ 4 ਕੋਰੋਨਾ ਦੇ ਅਤੇ 2 ਹੋਰ ਬਿਮਾਰੀਆਂ ਦੇ ਪੀੜਤ ਸਨ। ਹਸਪਤਾਲ ਕੋਲ ਸਟਾਕ ਵਿਚ 30 ਸਿਲੰਡਰ ਸਨ, ਪਰ ਉਹ 5 ਸਿਲੰਡਰਾਂ ਨਾਲ ਹੀ ਆਪਣਾ ਕੰਮ ਚਲਾ ਰਿਹਾ ਸੀ। ਉਨ੍ਹਾਂ ਕਿਹਾ ਕਿ ਹਸਪਤਾਲ ਦੀ ਵੱਡੀ ਅਣਗਹਿਲੀ ਇਹ ਹੈ ਕਿ ਇਸ ਨੇ ਆਕਸੀਜਨ ਦੀ ਕਮੀ ਵਰਗਾ ਗੰਭੀਰ ਮੁੱਦਾ ਸਾਡੇ ਨਾਲ ਸਾਂਝਾ ਤੱਕ ਨਹੀਂ ਕੀਤਾ। ਉਨ੍ਹਾਂ ਦੱਸਿਆ ਕਿ ਪ੍ਰਾਪਤ ਜਾਣਕਾਰੀ ਅਨੁਸਾਰ ਸਾਰੀਆਂ ਮੌਤਾਂ ਰਾਤ ਕਰੀਬ ਡੇਢ ਵਜੇ ਤੋਂ ਤਿੰਨ ਵਜੇ ਦਰਮਿਆਨ ਹੋਈਆਂ।
ਉਨ੍ਹਾਂ ਦੱਸਿਆ ਕਿ ਅਸੀਂ ਆਕਸੀਜਨ ਦੀ ਕਿੱਲਤ ਵਿਚ ਸਾਰੇ ਹਸਪਤਾਲਾਂ ਨੂੰ ਉਨ੍ਹਾਂ ਦੀ ਲੋੜ ਅਨੁਸਾਰ ਆਕਸੀਜਨ ਮੁਹੱਈਆ ਕਰਵਾ ਰਹੇ ਹਾਂ ਤੇ ਕੱਲ੍ਹ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਮੀਟਿੰਗ ਵਿਚ ਵੀ ਡਾਕਟਰਾਂ ਨੂੰ ਸਪਸ਼ਟ ਕੀਤਾ ਗਿਆ ਸੀ ਤੁਸੀਂ ਆਪਣੇ-ਆਪਣੇ ਆਕਸੀਜਨ ਸਪਲਾਈ ਕਰਤਾ ਨਾਲ ਸੰਪਰਕ ਰੱਖੋ ਅਤੇ ਇਹ ਡਾਟਾ ਸਾਡੇ ਨਾਲ ਸਾਂਝਾ ਕਰਦੇ ਰਹੋ। ਇਸ ਤੋਂ ਇਲਾਵਾ ਵੀ ਜੇਕਰ ਕੋਈ ਪਰੇਸ਼ਾਨੀ ਆਵੇ ਤਾਂ ਮੇਰੇ ਧਿਆਨ ਵਿਚ ਲਿਆਓ। ਉਨ੍ਹਾਂ ਦੱਸਿਆ ਕਿ ਅਸੀਂ ਅੰਮ੍ਰਿਤਸਰ ਵਿਚ ਚੱਲਦੇ ਆਕਸੀਜਨ ਪਲਾਟਾਂ ਤੋਂ ਸਨਅਤੀ ਸਪਲਾਈ ਸਖ਼ਤੀ ਨਾਲ ਰੋਕ ਦਿੱਤੀ ਹੈ ਅਤੇ ਸਪਲਾਈ ਉੱਤੇ ਨਿਗ੍ਹਾ ਰੱਖਣ ਲਈ ਸਿਵਲ ਤੇ ਪੁਲਿਸ ਅਧਿਕਾਰੀਆਂ ਦੀ ਡਿਊਟੀ ਲਗਾਈ ਹੈ, ਜੋ ਕਿ ਹਰੇਕ ਸਿਲੰਡਰ ਉੱਤੇ ਨਿਗ੍ਹਾ ਰੱਖ ਰਹੇ ਹਨ।
ਖਹਿਰਾ ਨੇ ਦੱਸਿਆ ਕਿ ਅਸੀਂ ਗੁਰੂ ਨਾਨਕ ਹਸਪਤਾਲ ਨੂੰ ਕੇਵਲ ਕੋਰੋਨਾ ਮਰੀਜ਼ਾਂ ਲਈ ਰਾਖਵਾਂ ਕਰ ਦਿੱਤਾ ਹੈ ਅਤੇ ਸਿਵਲ ਹਸਪਤਾਲ ਨੂੰ ਹੋਰ ਦੂਸਰੀਆਂ ਬਿਮਾਰੀਆਂ ਦੇ ਇਲਾਜ ਲਈ ਵਰਤਿਆ ਜਾਵੇਗਾ। ਮੀਟਿੰਗ ਵਿਚ ਮੇਅਰ ਸ. ਕਰਮਜੀਤ ਸਿੰਘ ਰਿੰਟੂ, ਵਿਧਾਇਕ ਡਾ. ਰਾਜ ਕੁਮਾਰ ਵੇਰਕਾ, ਸੁਨੀਲ ਦੱਤੀ, ਇੰਦਰਬੀਰ ਸਿੰਘ ਬੁਲਾਰਿਆਂ, ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ, ਮੁੱਖ ਪ੍ਰਸ਼ਾਸਕ ਪੁੱਡਾ ਪਲਵੀ ਚੌਧਰੀ, ਵਧੀਕ ਕਮਿਸ਼ਨਰ ਸੰਦੀਪ ਰਿਸ਼ੀ, ਰਜਤ ਓਬਰਾਏ, ਪ੍ਰਿੰਸੀਪਲ ਰਾਜੀਵ ਦੇਵਗਨ, ਸਿਵਲ ਸਰਜਨ ਡਾ. ਚਰਨਜੀਤ ਸਿੰਘ, ਐਸ ਡੀ ਐਮ ਸ੍ਰੀਮਤੀ ਅਲਕਾ ਕਾਲੀਆ ਤੇ ਵਿਕਾਸ ਹੀਰਾ ਸਮੇਤ ਹੋਰ ਸੀਨੀਅਰ ਅਧਿਕਾਰੀਆਂ ਨੇ ਮੌਜੂਦਾ ਸੰਕਟ ਉੱਤੇ ਵਿਚਾਰ-ਚਰਚਾ ਕਰਕੇ ਅਗਲੀ ਰੂਪ ਰੇਖਾ ਉਲੀਕੀ।