- 2 ਵਿਅਕਤੀਆਂ ਦਾ ਪੁਰਾਣਾ ਅਪਰਾਧਕ ਰਿਕਾਰਡ; ਪਹਿਲਾਂ ਵੀ ਕਈ ਘਿਨਾਉਣੇ ਅਪਰਾਧਾਂ ਨੂੰ ਦਿੱਤਾ ਅੰਜ਼ਾਮ: ਐਸ.ਐਸ.ਪੀ. ਪਠਾਨਕੋਟ
ਚੰਡੀਗੜ/ਪਠਾਨਕੋਟ, 25 ਅਪ੍ਰੈਲ 2021 – ਪਠਾਨਕੋਟ ਪੁਲਿਸ ਨੇ ਇਥੇ ਝਾਕੋਲਹਰੀ ਨੇੜੇ ਸਪੈਸ਼ਲ ਨਾਕਾਬੰਦੀ ਵਿਖੇ ਤਾਇਨਾਤ ਪੁਲਿਸ ਟੀਮ ’ਤੇ ਗੋਲੀਆਂ ਚਲਾ ਕੇ ਫਰਾਰ ਹੋਣ ਦੀ ਕੋਸ਼ਿਸ਼ ਕਰਦੇ ਤਿੰਨ ਤਸਕਰਾਂ ਨੂੰ ਗਿ੍ਰਫਤਾਰ ਕੀਤਾ ਹੈ। ਪੁਲਿਸ ਨੇ ਗਿ੍ਰਫ਼ਤਾਰ ਕੀਤੇ ਗਏ ਵਿਅਕਤੀਆਂ ਪਾਸੋਂ 265 ਗ੍ਰਾਮ ਹੈਰੋਇਨ, ਯੂ.ਐਸ.ਏ. ਦੀ ਬਣੀ 7.62 ਐਮ.ਐਮ. ਗੈਰਕਾਨੂੰਨੀ ਪਿਸਤੌਲ ਅਤੇ ਪੰਜ ਕਾਰਤੂਸ (ਦੋ ਜਿੰਦਾ) ਤੋਂ ਇਲਾਵਾ ਇੱਕ ਹੰਡਈ ਆਈ 20 ਕਾਰ ਵੀ ਬਰਾਮਦ ਕੀਤੀ ਹੈ।
ਗਿ੍ਰਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਕਰਨਦੀਪ ਸਿੰਘ ਉਰਫ ਕਰਨ, ਮਨਦੀਪ ਸਿੰਘ ਉਰਫ ਹੈਪੀ ਅਤੇ ਹਰਦੀਪ ਸਿੰਘ ਉਰਫ ਸਾਬਾ ਵਜੋਂ ਹੋਈ ਹੈ ਜੋ ਕਿ ਸਾਰੇ ਜ਼ਿਲਾ ਗੁਰਦਾਸਪੁਰ ਦੇ ਪਿੰਡ ਮਹਿਮਾ ਚੱਕ ਦੇ ਵਸਨੀਕ ਹਨ।
ਇਹ ਘਟਨਾ ਸ਼ਨੀਵਾਰ ਸ਼ਾਮ ਕਰੀਬ 7.40 ਵਜੇ ਵਾਪਰੀ, ਜਦੋਂ ਸੀ.ਆਈ.ਏ ਸਟਾਫ ਦੇ ਇੰਚਾਰਜ ਨਵਦੀਪ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਪਠਾਨਕੋਟ ਦੇ ਝਾਕੋਲਹਰੀ ਨੇੜੇ ਅਪਰਾਧੀਆਂ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਫੜਨ ਲਈ ਨਾਕਾ ਲਗਾਇਆ ਹੋਇਆ ਸੀ।
ਸੀਨੀਅਰ ਪੁਲਿਸ ਕਪਤਾਨ (ਐਸਐਸਪੀ) ਪਠਾਨਕੋਟ ਸ੍ਰੀ ਗੁਲਨੀਤ ਸਿੰਘ ਖੁਰਾਣਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਾਹਨਾਂ ਦੀ ਚੈਕਿੰਗ ਕਰਦੇ ਸਮੇਂ ਪੁਲਿਸ ਟੀਮ ਨੇ ਅੰਮਿ੍ਰਤਸਰ ਵਾਲੇ ਪਾਸਿਓਂ ਆਉਂਦੀ ਬਿਨਾਂ ਨੰਬਰ ਪਲੇਟ ਵਾਲੀ ਇੱਕ ਆਈ 20 ਕਾਰ ਨੂੰ ਰੋਕਿਆ। ਉਨਾਂ ਕਿਹਾ, “ਕਾਰ ਵਿਚ ਤਿੰਨ ਵਿਅਕਤੀ ਬੈਠੇ ਸਨ ਅਤੇ ਯਾਤਰੀ ਸੀਟ ’ਤੇ ਬੈਠੇ ਵਿਅਕਤੀ ਨੇ ਪੁਲਿਸ ਪਾਰਟੀ ’ਤੇ ਦੋ ਗੋਲੀਆਂ ਚਲਾਈਆਂ ਅਤੇ ਫਰਾਰ ਹੋਣ ਦੀ ਕੋਸ਼ਿਸ਼ ਕੀਤੀ, ਹਾਲਾਂਕਿ ਪੁਲਿਸ ਟੀਮ ਨੇ ਬਹਾਦਰੀ ਦਿਖਾਉਦਿਆਂ ਉਨਾਂ ਨੂੰ ਗਿ੍ਰਫਤਾਰ ਕਰ ਲਿਆ।’’
ਐਸ.ਐਸ.ਪੀ. ਨੇ ਦੱਸਿਆ ਕਿ ਪੁਲਿਸ ਟੀਮ ਸੁਰੱਖਿਅਤ ਹੈ ਅਤੇ ਤਿੰਨੋਂ ਅਪਰਾਧੀਆਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ।
ਐਸ.ਐਸ.ਪੀ. ਗੁਲਨੀਤ ਸਿੰਘ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਕਰਨਦੀਪ ਦਾ ਪੁਰਾਣਾ ਅਪਰਾਧਕ ਰਿਕਾਰਡ ਹੈ ਅਤੇ ਇਸਦੇ ਸਰਹੱਦ ਪਾਰ ਪਕਿਸਤਾਨ ਵਿਚਲੇ ਤਸਕਰਾਂ ਨਾਲ ਵੀ ਨਜ਼ਦੀਕੀ ਸਬੰਧ ਹਨ।
ਕਰਨਦੀਪ ’ਤੇ ਅੰਮਿ੍ਰਤਸਰ ਅਤੇ ਗੁਰਦਾਸਪੁਰ ਜ਼ਿਲਿਆਂ ਦੇ ਵੱਖ-ਵੱਖ ਥਾਣਿਆਂ ’ਚ ਕਤਲ ਅਤੇ ਕਤਲ ਦੀ ਕੋਸ਼ਿਸ਼, ਅਸਲਾ ਐਕਟ ਅਤੇ ਐਨ.ਡੀ.ਪੀ.ਐਸ. ਐਕਟ ਤਹਿਤ ਘੱਟੋ ਘੱਟ 12 ਅਪਰਾਧਕ ਮਾਮਲੇ ਚੱਲ ਰਹੇ ਹਨ ਅਤੇ ਉਹ ਪੁਲਿਸ ਥਾਣਾ ਸਪੈਸਲ ਟਾਸਕ ਫੋਰਸ, ਐਸ.ਏ.ਐਸ.ਨਗਰ ਵਿਖੇ ਐਨ.ਡੀ.ਪੀ.ਐਸ ਐਕਟ ਦੀ ਧਾਰਾ 21 ਅਧੀਨ ਦਰਜ ਐਫ.ਆਈ.ਆਰ ਨੰ. 98, ਮਿਤੀ 20.08.2020 ਵਿੱਚ ਵੀ ਲੋੜੀਂਦਾ ਹੈ, ਜਿਸ ਵਿਚ ਐਸ.ਟੀ.ਐਫ. ਅੰਮਿ੍ਰਤਸਰ ਵੱਲੋਂ 4 ਕਿੱਲੋ 210 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਸੀ। ਜਦ ਕਿ ਦੋਸ਼ੀ ਮਨਦੀਪ ਸਿੰਘ ’ਤੇ ਵੀ ਕਤਲ ਅਤੇ ਕਤਲ ਦੀ ਕੋਸ਼ਿਸ਼ ਅਤੇ ਅਸਲਾ ਐਕਟ ਤਹਿਤ ਛੇ ਅਪਰਾਧਕ ਮਾਮਲੇ ਚੱਲ ਰਹੇ ਹਨ।
ਜ਼ਿਕਰਯੋਗ ਹੈ ਕਿ ਪੁਲਿਸ ਥਾਣਾ ਸਦਰ ਪਠਾਨਕੋਟ ਵਿਖੇ ਆਈ.ਪੀ.ਸੀ. ਦੀ ਧਾਰਾ 307, 186, 353 , 34, ਅਸਲਾ ਐਕਟ ਦੀ ਧਾਰਾ 25 ਅਤੇ ਐਨ.ਡੀ.ਪੀ.ਐਸ. ਐਕਟ ਦੀ ਧਾਰਾ 21-29-61-85 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।