ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਮੌਕੇ ਕੈਪਟਨ ਵੱਲੋਂ ਕਈ ਵਿਕਾਸ ਪ੍ਰਾਜੈਕਟਾਂ ਦਾ ਐਲਾਨ

  • ਸੂਬਾ ਸਰਕਾਰ ਕਰੇਗੀ ਬਸੀ ਪਠਾਣਾਂ ਦੀ ਪੁਰਾਣੀ ਜੇਲ੍ਹ ਦੀ ਸੰਭਾਲ, ਸ੍ਰੀ ਅਨੰਦਪੁਰ ਸਾਹਿਬ ਦੇ ਅਜਾਇਬਘਰ ਦਾ ਹੋਵੇਗਾ ਨਵੀਨੀਕਰਨ

ਚੰਡੀਗੜ੍ਹ, 1 ਮਈ 2021 – ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੇ 400ਵੇਂ ਪ੍ਰਕਾਸ਼ ਪੁਰਬ ਦੇ ਜਸ਼ਨਾਂ ਤਹਿਤ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨਿੱਚਰਵਾਰ ਨੂੰ ਕਈ ਵਿਕਾਸ ਪ੍ਰਾਜੈਕਟ ਲੋਕਾਂ ਨੂੰ ਸਮਰਪਿਤ ਕੀਤੇ, ਜਿਨ੍ਹਾਂ ਵਿੱਚ ਬਸੀ ਪਠਾਣਾਂ ਦੀ ਪੁਰਾਣੀ ਜੇਲ੍ਹ ਦਾ ਵਿਕਾਸ ਅਤੇ ਸੰਭਾਲ ਕੀਤੇ ਜਾਣਾ ਸ਼ਾਮਲ ਹੈ। ਇਸ ਜੇਲ੍ਹ ਵਿੱਚ ਨੌਵੇਂ ਪਾਤਸ਼ਾਹ ਨੂੰ ਉਨ੍ਹਾਂ ਦੇ ਸਾਥੀਆਂ ਸਮੇਤ ਨੂਰ ਮੁਹੰਮਦ ਖ਼ਾਨ ਮਿਰਜ਼ਾ ਨੇ 40 ਦਿਨਾਂ ਤੱਕ ਉਦੋਂ ਨਜ਼ਰਬੰਦ ਰੱਖਿਆ ਸੀ, ਜਦੋਂ ਉਹ ਬਾਦਸ਼ਾਹ ਔਰੰਗਜ਼ੇਬ ਨੂੰ ਮਿਲਣ ਲਈ ਜਾ ਰਹੇ ਸਨ।

ਮੁੱਖ ਮੰਤਰੀ ਨੇ ਇਹ ਵੀ ਐਲਾਨ ਕੀਤਾ ਸ੍ਰੀ ਗੁਰੂ ਤੇਗ਼ ਬਹਾਦਰ ਅਜਾਇਬਘਰ, ਆਨੰਦਪੁਰ ਸਾਹਿਬ ਦਾ 2 ਕਰੋੜ ਰੁਪਏ ਦੀ ਲਾਗਤ ਨਾਲ ਨਵੀਨੀਕਰਨ ਹੋਵੇਗਾ। ਇਸ ਅਜਾਇਬਘਰ ਦੀ ਦਿੱਖ ਨੂੰ ਨਵਾਂ ਰੂਪ ਦੇਣ ਦੇ ਨਾਲ-ਨਾਲ ਆਧੁਨਿਕ ਤਕਨਾਲੋਜੀ ਨਾਲ ਪਹਿਲੀ ਮੰਜ਼ਿਲ ਦਾ ਨਵੀਨੀਕਰਨ ਹੋਵੇਗਾ, ਜਦੋਂ ਕਿ ਹੇਠਲੀ ਮੰਜ਼ਿਲ ਉਤੇ ਤਸਵੀਰਾਂ ਦੀ ਪ੍ਰਦਰਸ਼ਨੀ ਦੇ ਅਸਲ ਸਰੂਪ ਨੂੰ ਬਰਕਰਾਰ ਰੱਖਿਆ ਜਾਵੇਗਾ। ਇਹ ਅਜਾਇਬਘਰ ਸਾਲ 1977 ਵਿੱਚ ਤਖ਼ਤ ਕੇਸਗੜ੍ਹ ਸਾਹਿਬ ਦੇ ਨੇੜੇ ਬਣਾਇਆ ਗਿਆ ਸੀ। ਪੰਜਾਬ ਵਿੱਚ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨਾਲ ਸਬੰਧਤ ਇਹ ਇਕੋ-ਇਕ ਅਜਾਇਬਘਰ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਕਿ ਵਿਰਾਸਤ-ਏ-ਖ਼ਾਲਸਾ, ਸ੍ਰੀ ਆਨੰਦਪੁਰ ਸਾਹਿਬ ਨੇੜੇ 10 ਕਰੋੜ ਰੁਪਏ ਦੀ ਲਾਗਤ ਨਾਲ ਇਕ ਨੇਚਰ ਪਾਰਕ ਵਿਕਸਤ ਕੀਤਾ ਜਾਵੇਗਾ। ਤਕਰੀਬਨ 62 ਏਕੜ ਵਿੱਚ ਬਣਨ ਵਾਲੇ ਇਸ ਪਾਰਕ ਵਿੱਚ ਵੱਡੇ ਪੱਧਰ ਉਤੇ ਦੁਰਲੱਭ ਕਿਸਮ ਦੇ ਪੌਦੇ ਲਾਏ ਜਾਣਗੇ ਅਤੇ ਇਸ ਪਾਰਕ ਦੇ ਮੌਜੂਦਾ ਵਰ੍ਹੇ ਦੇ ਅੰਤ ਤੱਕ ਸ਼ੁਰੂ ਹੋਣ ਦੀ ਸੰਭਾਵਨਾ ਹੈ।

ਮੁੱਖ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਭਾਰਤ ਸਰਕਾਰ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਸਬੰਧੀ ਜਲਦੀ ਹੀ ਇਕ ਯਾਦਗਾਰੀ ਡਾਕ ਟਿਕਟ ਜਾਰੀ ਕਰੇਗੀ।

ਇਸ ਇਤਿਹਾਸਕ ਮੌਕੇ ਨੂੰ ਯਾਦਗਾਰ ਬਣਾਉਣ ਲਈ ਸੂਬਾ ਸਰਕਾਰ ਵੱਲੋਂ ਪਹਿਲਾਂ ਹੀ ਵਿੱਢੇ ਗਏ ਪ੍ਰਾਜੈਕਟਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਜੀ ਦੇ ਜੀਵਨ ਨਾਲ ਸਬੰਧਤ ਦੋ ਵੱਡੇ ਸ਼ਹਿਰਾਂ ਬਾਬਾ ਬਕਾਲਾ ਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ 20.50 ਕਰੋੜ ਰੁਪਏ ਦੀ ਲਾਗਤ ਨਾਲ ਬੁਨਿਆਦੀ ਢਾਂਚੇ ਦੇ ਪ੍ਰਾਜੈਕਟਾਂ ਦਾ ਕੰਮ ਚੱਲ ਰਿਹਾ ਹੈ। ਇਸ ਤੋਂ ਇਲਾਵਾ ਗੁਰੂ ਸਾਹਿਬ ਦੀ ਚਰਨ ਛੋਹ ਪ੍ਰਾਪਤ 103 ਥਾਵਾਂ, ਜਿਨ੍ਹਾਂ ਵਿੱਚ 79 ਪਿੰਡ ਤੇ 24 ਸ਼ਹਿਰ ਸ਼ਾਮਲ ਹਨ, ਨੂੰ 50 ਲੱਖ ਰੁਪਏ ਪ੍ਰਤੀ ਪਿੰਡ ਅਤੇ ਇਕ ਕਰੋੜ ਰੁਪਏ ਪ੍ਰਤੀ ਸ਼ਹਿਰ ਦੀ ਗਰਾਂਟ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਦਿੱਤੀ ਗਈ ਹੈ।

ਮੁੱਖ ਮੰਤਰੀ ਨੇ ਦੱਸਿਆ ਕਿ ਇਨ੍ਹਾਂ ਜਸ਼ਨਾਂ ਦੇ ਹਿੱਸੇ ਵਜੋਂ ਹੁਣ ਤੱਕ 6986 ਪਿੰਡਾਂ ਵਿੱਚ 60 ਲੱਖ ਤੋਂ ਵੱਧ ਪੌਦੇ ਲਗਾਏ ਜਾ ਚੁੱਕੇ ਹਨ।ਇਸ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੀ ਯਾਦ ਵਿੱਚ 70 ਲੱਖ ਤੋਂ ਵੱਧ ਪੌਦੇ ਲਾਏ ਗਏ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ਪੌਦਿਆਂ ਨਾਲ ਪੰਜਾਬ ਨੂੰ ਬੇਹੱਦ ਲਾਭ ਹੋਵੇਗਾ ਅਤੇ ਸੂਬੇ ਦੀ ਆਬੋ ਹਵਾ ਪ੍ਰਦੂਸ਼ਣ ਮੁਕਤ ਤੇ ਹਰੀ ਭਰੀ ਹੋ ਜਾਵੇਗੀ।

ਲੋਕਾਂ ਦੀ ਮੰਗ ਨੂੰ ਸਵੀਕਾਰ ਕਰਦਿਆਂ ਮੁੱਖ ਮੰਤਰੀ ਨੇ ਬਾਬਾ ਬਕਾਲਾ ਪੰਚਾਇਤ ਦਾ ਦਰਜਾ ਵਧਾ ਕੇ ਨਗਰ ਪੰਚਾਇਤ ਕਰਨ ਦਾ ਐਲਾਨ ਕੀਤਾ। ਉਨ੍ਹਾਂ ਨੇ ਨਾਲ ਹੀ ਕਿਹਾ ਕਿ ਇਹ ਫੈਸਲਾ ਜਨਗਣਨਾ ਦੀ ਕਾਰਵਾਈ ਮਗਰੋਂ ਲਾਗੂ ਹੋਵੇਗਾ ਕਿਉਂਕਿ ਮੌਜੂਦਾ ਸਮੇਂ ਨਵੀਆਂ ਮਿਊਂਸਿਪੈਲਟੀਆਂ ਬਣਾਉਣ ਉਤੇ ਰੋਕ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਜਿਲ੍ਹਾ ਤਰਨ ਤਾਰਨ ਵਿੱਚ ਬਣਨ ਵਾਲੀ ਸ੍ਰੀ ਗੁਰੂ ਤੇਗ਼ ਬਹਾਦਰ ਸਟੇਟ ਯੂਨੀਵਰਸਿਟੀ ਆਫ ਲਾਅ ਦਾ ਨੀਂਹ ਪੱਥਰ ਰੱਖਣ ਦਾ ਵੀ ਐਲਾਨ ਕੀਤਾ। ਇਹ ਯੂਨੀਵਰਸਿਟੀ ਪਿਛਲੇ ਸਾਲ ਪਾਸ ਕੀਤੇ ਐਕਟ ਤਹਿਤ ਹੋਂਦ ਵਿੱਚ ਆ ਚੁੱਕੀ ਹੈ ਅਤੇ ਇਸ ਲਈ ਜ਼ਮੀਨ ਦੀ ਨਿਸ਼ਾਨਦੇਹੀ ਕਰ ਲਈ ਗਈ ਅਤੇ ਟੈਂਡਰ ਪ੍ਰਕਿਰਿਆ ਚੱਲ ਰਹੀ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਸ੍ਰੀ ਆਨੰਦਪੁਰ ਸਾਹਿਬ ਵਿਖੇ ਨਿਰਮਾਣ ਅਧੀਨ ਭਾਈ ਜੈਤਾ ਜੀ ਮੈਮੋਰੀਅਲ ਵਿਖੇ ਖੰਡਾ ਸਾਹਿਬ ਸੁਸ਼ੋਭਿਤ ਕਰ ਦਿੱਤਾ ਗਿਆ ਹੈ। ਇਸ ਖੰਡਾ ਸਾਹਿਬ ਲਈ 32 ਮੀਟਰਿਕ ਟਨ ਸਟੀਲ ਦੀ ਵਰਤੋਂ ਹੋਈ ਹੈ ਅਤੇ ਇਸ ਉਤੇ 27 ਕਰੋੜ ਰੁਪਏ ਦੀ ਲਾਗਤ ਆਈ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕੈਪਟਨ ਵੱਲੋਂ ਲੋਕ ਸੰਪਰਕ ਵਿਭਾਗ ਦੇ ਮੁਲਾਜ਼ਮ ਲਲਿਤ ਜਿੰਦਲ ਦੀ ਮੌਤ ਉਤੇ ਦੁੱਖ ਦਾ ਪ੍ਰਗਟਾਵਾ

ਪੇਂਡੂ ਖੇਤਰਾਂ ਦੇ ਡਾਕਟਰਾਂ ਅਤੇ ਫਾਰਮਾਸਿਸਟਾਂ ਦੀਆਂ ਜਾਇਜ਼ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ: ਤ੍ਰਿਪਤ ਬਾਜਵਾ