- 1 ਜੇਸੀਬੀ,1 ਪੋਕਲਾਈਨ,9 ਟਰੱਕ ਅਤੇ 4 ਟਰੈਕਟਰ-ਟਰਾਲੀਆਂ ਜ਼ਬਤ, 2 ਗ੍ਰਿਫਤਾਰ
ਚੰਡੀਗੜ੍ਹ, 1 ਮਈ 2021 – ਗੈਰਕਨੂੰਨੀ ਮਾਈਨਿੰਗ ਵਿਰੁੱਧ ਨਵੇਂ ਬਣੇ ਇਨਫੋਰਸਮੈਂਟ ਡਾਇਰੈਕਟੋਰੇਟ, ਮਾਈਨਿੰਗ ਵਲੋਂ ਵਿੱਢੀ ਮੁਹਿੰਮ ਤਹਿਤ ਅੰਮ੍ਰਿਤਸਰ ਪੁਲਿਸ (ਦਿਹਾਤੀ) ਨੇ ਜਿ਼ਲ੍ਹੇ ਵਿੱਚ ਰੇਤ ਦੀ ਨਾਜਾਇਜ਼ ਮਾਈਨਿੰਗ ਨੂੰ ਠੱਲ੍ਹ ਪਾਉਣ ਲਈ ਇੱਕ ਵੱਡੀ ਸਖ਼ਤ ਕਾਰਵਾਈ ਕੀਤੀ ਹੈ।
ਪੰਜਾਬ ਦੇ ਇਨਫੋਰਸਮੈਂਟ ਡਾਇਰੈਕਟਰ, ਮਾਈਨਿੰਗ ਸ੍ਰੀ ਆਰ. ਐਨ. ਢੋਕੇ ਨੇ ਕਾਨੂੰਨੀ ਮਾਈਨਿੰਗ ਨੂੰ ਤੁਰੰਤ ਰੋਕਣ ਲਈ ਨਿਰਦੇਸ਼ ਜਾਰੀ ਕੀਤੇ ਹਨ । ਉਹਨਾਂ ਨੇ ਜਿ਼ਲ੍ਹਾ ਪੁਲਿਸ (ਦਿਹਾਤੀ) ਨੂੰ ਇੱਕ ਪੱਤਰ ਵੀ ਭੇਜਿਆ ਸੀ ਜਿਸ ਵਿੱਚ ਜਿ਼ਲ੍ਹੇ ਵਿੱਚ ਅਧਿਕਾਰਤ ਮਾਈਨਿੰਗ ਸਾਈਟਾਂ ਅਤੇ ਮਾਈਨਿੰਗ ਕਰਨ ਸਬੰਧੀ ਨਿਰਧਾਰਤ ਸ਼ਰਤਾਂ ਦੇ ਨਾਲ-ਨਾਲ ਮਾਈਨਿੰਗ ਸਾਈਟਾਂ ਸਬੰਧਤ ਅਸਲ ਨਿਸ਼ਾਨਦੇਹੀ ਸ਼ਾਮਲ ਹੈ।
ਅੰਮ੍ਰਿਤਸਰ ਪੁਲਿਸ (ਦਿਹਾਤੀ) ਨੂੰ 30 ਅਪ੍ਰੈਲ, 2021 ਵਾਲੇ ਦਿਨ ਪਿੰਡ ਕਾਸੋਵਾਲ, ਥਾਣਾ ਰਾਮਦਾਸ ,ਅੰਮ੍ਰਿਤਸਰ (ਦਿਹਾਤੀ ) ਦੇ ਖੇਤਰ ਵਿੱਚ ਰਾਵੀ ਦਰਿਆ ਦੇ ਕੰਢੇ ਚੱਲ ਰਹੀ ਵੱਡੇ ਪੱਧਰ ਦੀ ਗੈਰ-ਕਾਨੂੰਨੀ ਮਾਈਨਿੰਗ ਸਬੰਧੀ ਸੂਹ ਮਿਲੀ ਸੀ।। ਪ੍ਰਾਪਤ ਜਾਣਕਾਰੀ ਤੇ ਤੁਰੰਤ ਕਾਰਵਾਈ ਕਰਦਿਆਂ ਅੰਮ੍ਰਿਤਸਰ ਪੁਲਿਸ (ਦਿਹਾਤੀ) ਦੀਆਂ ਟੀਮਾਂ ਨੇ ਸਬੰਧਤ ਥਾਂ
ਤੇ ਵੱਡੇ ਪੱਧਰ ਦੀ ਛਾਪੇਮਾਰੀ ਕੀਤੀ ।
ਇਸ ਛਾਪੇਮਾਰੀ ਨੇ ਰਾਵੀ ਦਰਿਆ ਦੇ ਕਿਨਾਰੇ ਚੱਲ ਰਹੀ ਇੱਕ ਯੋਜਨਾਬੱਧ ਅਤੇ ਵੱਡੀ ਗੈਰ-ਕਾਨੂੰਨੀ ਮਾਈਨਿੰਗ ਦਾ ਪਰਦਾਫਾਸ਼ ਕੀਤਾ ਹੈ।ਇਸ ਕਾਰਵਾਈ ਦੇ ਸਿੱਟੇ ਵਜੋਂ 9 ਟਰੱਕ, 4 ਟਰੈਕਟਰ -ਟਰਾਲੀਆਂ, 1 ਜੇਸੀਬੀ ਅਤੇ 1 ਪੋਕਲਾਈਨ ਬਰਾਮਦ ਹੋਈ।ਪੁਲਿਸ ਵਲੋਂ ਦੋ ਦੋਸ਼ੀਆਂ ਰਣਜੀਤ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਪਿੰਡ ਤੇਜਾ ਜਿ਼ਲ੍ਹਾ ਗੁਰਦਾਸਪੁਰ ਅਤੇ ਦਲਜੀਤ ਸਿੰਘ ਪੁੱਤਰ ਹਰਪਾਲ ਸਿੰਘ ਵਾਸੀ ਪਿੰਡ ਬਹਾਦਰਗੜ੍ਹ ਜੰਡਿਆ ਜਿ਼ਲ੍ਹਾ ਬਠਿੰਡਾ ਨੂੰ ਵੀ ਮੌਕੇ ਤੋਂ ਗ੍ਰਿਫਤਾਰ ਕੀਤਾ ਗਿਆ । ਬਾਕੀ ਰਹਿੰਦੇ ਫਰਾਰ ਦੋਸ਼ੀਆਂ ਨੂੰ ਕਾਬੂ ਕਰਨ ਲਈ ਛਾਪੇ ਮਾਰੇ ਜਾ ਰਹੇ ਹਨ।
ਇਸ ਦੇ ਨਾਲ ਹੀ ਗ੍ਰਿਫਤਾਰ ਕੀਤੇ ਦੋਸ਼ੀਆਂ ਵਿਰੁੱਧ ਆਈਪੀਸੀ ਦੀ ਧਾਰਾ 379, 420, 468, 471, 120 ਬੀ ਇੰਡੀਅਨ ਪੀਨਲ ਕੋਡ, 21 ਮਾਈਨਜ਼ ਅਤੇ ਮਿਨਰਲਜ਼ (ਡਿਵੈਲਪਮੈਂਟ ਐਂਡ ਰੈਗੂਲੇਸ਼ਨ) ਐਕਟ, 26 ਐਨ.ਜੀ.ਟੀ. ਐਕਟ ਤਹਿਤ ਥਾਣਾ ਰਾਮਦਾਸ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ।
ਐਸ.ਐਸ.ਪੀ. ਅੰਮ੍ਰਿਤਸਰ (ਦਿਹਾਤੀ) ਸ੍ਰੀ ਧਰੁਵ ਦਹੀਆ ਨੇ ਦੱਸਿਆ “ਹੁਣ ਤੱਕ ਕੀਤੀ ਪੜਤਾਲ ਤੋਂ ਪਤਾ ਚੱਲਿਆ ਹੈ ਕਿ ਛਾਪੇਮਾਰੀ ਵਾਲੀ ਥਾਂ ਪੂਰੀ ਤਰ੍ਹਾਂ ਅਣਅਧਿਕਾਰਤ ਸੀ। ਮਾਈਨਿੰਗ ਵਿਭਾਗ ਦੇ ਆਦੇਸ਼ਾਂ ਦੇ ਉਲਟ ਮੌਕੇ ਵਾਲੀ ਥਾਂ ਤੇ ਮਾਈਨਿੰਗ ਸਬੰਧੀ ਨਿਯਮਾਂ ਦੀ ਪਾਲਣਾ ਵਿੱਚ ਕੁਤਾਹੀਆਂ ਪਾਈਆਂ ਗਈਆਂ। ਸਾਈਟ
ਤੇ ਕਿਸੇ ਵੀ ਕਿਸਮ ਦੀ ਨਿਸ਼ਾਨਦੇਹੀ ਨਹੀਂ ਸੀ। ਇਸ ਤੋਂ ਇਲਾਵਾ ਠੇਕੇਦਾਰ ਜਾਂ ਉਨ੍ਹਾਂ ਦੇ ਕਰਮਚਾਰੀਆਂ ਵਲੋਂ ਕੋਈ ਦਸਤਾਵੇਜ਼ ਜਾਂ ਸਰਕਾਰੀ ਪਰਚੀ ਵੀ ਪੇਸ਼ ਨਹੀਂ ਕੀਤੀ ਗਈ ਸੀ। ”
ਛਾਪੇਮਾਰੀ ਕਰ ਰਹੀ ਟੀਮ ਵੱਲੋਂ ਸਾਈਟ ਦੀ ਪੜਤਾਲ ਦੌਰਾਨ ਦਰਿਆ ਦੇ ਕਿਨਾਰੇ ਅਤੇ ਆਸ-ਪਾਸ ਦੇ ਪਹਾੜੀ ਖੇਤਰ ਵਿੱਚ ਰੇਤ ਦੇ ਵੱਡੇ ਢੇਰ ਪਾਏ ਗਏ। ਐਸ.ਐਸ.ਪੀ. ਨੇ ਕਿਹਾ ਕਿ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਨੂੰ ਯਕੀਨੀ ਬਣਾਉਣ ਲਈ ਐਫਆਈਆਰ ਵਿੱਚ ਐਨ.ਜੀ.ਟੀ. ਐਕਟ ਦੀਆਂ ਧਾਰਾਵਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਥਾਣਾ ਰਮਦਾਸ ਦੇ ਐਸ.ਐਚ.ਓ ਨੂੰ ਗੈਰਕਾਨੂੰਨੀ ਮਾਈਨਿੰਗ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਰੋਕਣ ਵਿੱਚ ਲਾਪਰਵਾਹੀ ਕਰਨ ਲਈ ਮੁਅੱਤਲ ਕਰ ਦਿੱਤਾ ਗਿਆ ਹੈ।