- ਚੋਣ ਨਤੀਜੇ: ਕਿਸਾਨ ਅੰਦੋਲਨ ਦਾ ਪਲਟਵਾਰ, ਭਾਜਪਾ ਦੀ ਸਿਆਸੀ ਹਾਰ : ਕਿਸਾਨਾਂ ਦੀ ਨੈਤਿਕ ਜਿੱਤ
- ਵੋਟਰਾਂ ਨੇ ਭਾਜਪਾ ਦੀ ਫਿਰਕਾਪ੍ਰਸਤੀ ਅਤੇ ਅਨੈਤਿਕ ਰਾਜਨੀਤੀ ਅਤੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਰੋਹ ਪ੍ਰਗਟਾਇਆ
- ਭਾਜਪਾ ਦੇ ਮੁਕੰਮਲ ਬਾਈਕਾਟ ਨੂੰ ਮਿਲਿਆ ਹੁੰਗਾਰਾ : ਕਿਸਾਨ ਆਗੂਆਂ ਵੱਲੋਂ ਲੋਕਾਂ ਦਾ ਗੂੜ੍ਹਾ ਧੰਨਵਾਦ
- ਕੇਂਦਰ-ਸਰਕਾਰ ਤੁਰੰਤ ਗੱਲਬਾਤ ਕਰਦਿਆਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰੇ : ਕਿਸਾਨ ਆਗੂ
- ਨੌਜਵਾਨ ਕਾਰਕੁੰਨ ਮੋਮਿਤਾ ਬਾਸੁ ਦੇ ਦੇਹਾਂਤ ਤੇ ਕਿਸਾਨ ਮੋਰਚਾ ਵਲੋਂ ਸ਼ਰਧਾਂਜਲੀ
- ਕਿਸਾਨ ਮੋਰਚੇ ਵਲੋਂ ਨੂਰਪੁਰ ਬੇਦੀ ਚ ਕਿਸਾਨਾਂ ਖਿਲਾਫ ਪੁਲਿਸ ਪਰਚਿਆਂ ਦੀ ਨਿਖੇਦੀ
ਨਵੀਂ ਦਿੱਲੀ, 2 ਮਈ 2021 – 157 ਵਾਂ ਦਿਨ
ਸੰਯੁਕਤ ਕਿਸਾਨ ਮੋਰਚੇ ਨੇ ਵੱਖ-ਵੱਖ 5 ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਖਿਲਾਫ ਦਿੱਤੇ ਫਤਵੇ ਦਾ ਸਵਾਗਤ ਕੀਤਾ ਹੈ। ਪੱਛਮੀ ਬੰਗਾਲ, ਤਾਮਿਲਨਾਡੂ ਅਤੇ ਕੇਰਲ ਵਿਚ ਇਹ ਸਪੱਸ਼ਟ ਹੈ ਕਿ ਜਨਤਾ ਨੇ ਭਾਜਪਾ ਦੀ ਫੁੱਟ ਪਾਉਣ ਵਾਲੀ ਫਿਰਕੂ ਰਾਜਨੀਤੀ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਕਰੋਨਾ ਦੇ ਗੰਭੀਰ ਸੰਕਟ ਦੇ ਸਮੇਂ ਜਦੋਂ ਦੇਸ਼ ਸਿਹਤ ਸੰਭਾਲ ਦੇ ਬੁਨਿਆਦੀ ਢਾਂਚੇ ਦੇ ਮਾਮਲੇ ‘ਚ ਸਮੱਸਿਆਵਾਂ ਨਾਲ ਜੂਝ ਰਿਹਾ ਹੈ। ਲੋਕ ਕੇਂਦਰ ਸਰਕਾਰ ਦੀ ਘੋਰ ਅਣਗਹਿਲੀ ਦਾ ਸਾਹਮਣਾ ਕਰ ਰਹੇ ਹਨ, ਲੋਕਾਂ ਨੂੰ ਇੱਕ ਵੱਡੇ ਰੋਜ਼ੀ-ਰੋਟੀ ਦੇ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਸ ਵੇਲੇ ਭਾਜਪਾ ਨੇ ਆਪਣਾ ਫਿਰਕੂ ਧਰੁਵੀਕਰਨ ਏਜੰਡਾ ਫੈਲਾਉਣ ਦੀ ਕੋਸ਼ਿਸ਼ ਕੀਤੀ। ਭਾਜਪਾ ਨੇ ਸੰਸਥਾਗਤ ਹਮਲਿਆਂ ਅਤੇ ਚੋਣ ਕਮਿਸ਼ਨ ਦੀ ਮਿਲੀਭੁਗਤ ਨਾਲ ਚੋਣ ਜਿੱਤਣ ਦੀ ਕੋਸ਼ਿਸ਼ ਕੀਤੀ। ਚੋਣ ਕਮਿਸ਼ਨ ਦੀ ਅਨੈਤਿਕ ਅਤੇ ਗੈਰ ਕਾਨੂੰਨੀ ਸਹਾਇਤਾ ਅਤੇ ਚੋਣ ਮੁਹਿੰਮਾਂ ਵਿਚ ਵੱਡੇ ਸਰੋਤਾਂ ਦੇ ਖਰਚੇ ਦੇ ਬਾਵਜੂਦ, ਇਨ੍ਹਾਂ ਰਾਜਾਂ ਵਿਚ ਭਾਜਪਾ ਦੀ ਹਾਰ ਦਰਸਾਉਂਦੀ ਹੈ ਕਿ ਨਾਗਰਿਕਾਂ ਨੇ ਭਾਜਪਾ ਅਤੇ ਇਸ ਦੇ ਸਹਿਯੋਗੀ ਪਾਰਟੀਆਂ ਦੇ ਇਸ ਏਜੰਡੇ ਨੂੰ ਰੱਦ ਕਰ ਦਿੱਤਾ ਹੈ।
“ਮੁਜ਼ਾਹਰਾਕਾਰੀ ਕਿਸਾਨ ਪਹਿਲਾਂ ਹੀ ਸਪਸ਼ਟ ਕਰ ਚੁੱਕੇ ਹਨ ਕਿ ਭਾਜਪਾ ਦਾ ਫਿਰਕੂ ਧਰੁਵੀਕਰਨ ਏਜੰਡਾ ਅਸਵੀਕਾਰਨਯੋਗ ਹੈ। ਰੋਜ਼ੀ ਰੋਟੀ ਅਤੇ ਅਜੀਵੀਕਾ ਦੇ ਨਾਲ ਨਾਲ ਇਹ ਦੇਸ਼ ਦੀ ਧਰਮ ਨਿਰਪੱਖਤਾ ਦੀ ਰਾਖੀ ਲਈ ਨਾਗਰਿਕਾਂ ਦਾ ਸਾਂਝਾ ਸੰਘਰਸ਼ ਹੈ। ਭਾਜਪਾ ਦਾ ਇਹ ਏਜੰਡਾ ਪੂਰੀ ਤਰ੍ਹਾਂ ਅਸਫਲ ਹੋ ਗਿਆ ਹੈ ਜਿਸ ਵਿੱਚ ਉਨ੍ਹਾਂ ਨੇ ਨਾਗਰਿਕਾਂ ਦੀ ਰੋਜ਼ੀ-ਰੋਟੀ ਦੇ ਮੁੱਦੇ ਨਹੀਂ ਬਣਾਏ। ਕਿਸਾਨ ਵਿਰੋਧੀ ਕੇਂਦਰੀ ਖੇਤੀਬਾੜੀ ਕਾਨੂੰਨਾਂ ਅਤੇ ਮਜ਼ਦੂਰ ਵਿਰੋਧੀ ਕੋਡ ਖ਼ਿਲਾਫ਼ ਆਪਣਾ ਵਿਰੋਧ ਪ੍ਰਗਟਾਉਣ ਲਈ ਅਸੀਂ ਬੰਗਾਲ ਅਤੇ ਹੋਰ ਰਾਜਾਂ ਦੇ ਨਾਗਰਿਕਾਂ ਨੂੰ ਵਧਾਈ ਦਿੰਦੇ ਹਾਂ। ਹੁਣ ਅਸੀਂ ਭਾਰਤ ਭਰ ਦੇ ਕਿਸਾਨਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਆਪਣਾ ਵਿਰੋਧ ਵਧਾਉਣ, ਅਤੇ ਵੱਡੀ ਗਿਣਤੀ ਵਿੱਚ ਅੰਦੋਲਨ ਵਿੱਚ ਸ਼ਾਮਲ ਹੋਣ। ਇਹ ਲਹਿਰ ਸਾਡੇ ਜਮਹੂਰੀਅਤ ਕਦਰਾਂ ਕੀਮਤਾਂ ਦਾ ਪ੍ਰਚਾਰ ਕਰਦੀ ਰਹੇਗੀ, ਜੋ ਸਾਡੇ ਸੰਵਿਧਾਨ ਦੀ ਰਾਖੀ ਕਰੇਗੀ ਅਤੇ ਇਸਦੇ ਉਦੇਸ਼ਾਂ ਨੂੰ ਪੂਰਾ ਕਰੇਗੀ।
ਹੁਣ ਭਾਜਪਾ ਦੀ ਇਹ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਅੱਜ ਦੇ ਨਤੀਜਿਆਂ ਨੂੰ ਸਵੀਕਾਰ ਕਰੇ। ਨਾਲ ਹੀ ਕਿਸਾਨਾਂ ਨਾਲ ਗੱਲਬਾਤ ਕਰਕੇ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰੇ ਅਤੇ ਐਮਐਸਪੀ ਨੂੰ ਕਾਨੂੰਨੀ ਗਰੰਟੀ ਦੇਵੇ। ਅਸੀਂ ਇਕ ਵਾਰ ਫਿਰ ਸਪੱਸ਼ਟ ਕਰ ਰਹੇ ਹਾਂ ਕਿ ਕਿਸਾਨਾਂ ਦਾ ਇਹ ਅੰਦੋਲਨ ਉਦੋਂ ਤੱਕ ਖਤਮ ਨਹੀਂ ਹੋਵੇਗਾ ਜਦੋਂ ਤੱਕ ਮੰਗਾਂ ‘ਤੇ ਸਹਿਮਤੀ ਨਹੀਂ ਬਣ ਜਾਂਦੀ। ਇਸ ਦੇ ਨਾਲ ਹੀ ਭਾਜਪਾ ਅਤੇ ਇਸ ਦੇ ਸਹਿਯੋਗੀ ਪਾਰਟੀਆਂ ਦਾ ਬਾਈਕਾਟ ਵੀ ਜਾਰੀ ਰਹੇਗਾ।
ਸੰਯੁਕਤ ਕਿਸਾਨ ਮੋਰਚਾ ਦੀ 9 ਮੈਂਬਰੀ ਕੋਰ ਕਮੇਟੀ ਨੇ ਨੌਜਵਾਨ ਕਾਰਕੁਨ ਮੋਮਿਤਾ ਬਾਸੂ ਦੇ ਅਚਾਨਕ ਦੇਹਾਂਤ ‘ਤੇ ਸ਼ੋਕ ਪ੍ਰਗਟ ਕੀਤਾ ਹੈ। ਪੱਛਮੀ ਬੰਗਾਲ ਤੋਂ ਕਿਸਾਨਾਂ ਦੇ ਧਰਨੇ ‘ਤੇ ਆਈ ਮੋਮਿਤਾ ਕਿਸਾਨੀ ਮੋਰਚਿਆਂ’ ਤੇ ਸਰਗਰਮੀ ਨਾਲ ਮੌਜੂਦ ਸੀ। ਉਨ੍ਹਾਂ ਦੀ ਕੁਰਬਾਨੀ ਨੂੰ ਕਿਸਾਨ ਸੰਘਰਸ਼ ਵਿੱਚ ਹਮੇਸ਼ਾ ਯਾਦ ਰੱਖਿਆ ਜਾਵੇਗਾ।
ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਪੰਜਾਬ ਸਰਕਾਰ ਵੱਲੋਂ ਕਰੋਨਾ ਦੇ ਨਾਂਅ ਹੇਠ ਮੜ੍ਹੀਆਂ ਜਾ ਰਹੀਆਂ ਪਾਬੰਦੀਆਂ ਅਤੇ ਕਿਸਾਨਾਂ ‘ਤੇ ਪਰਚੇ ਦਰਜ ਕਰਨ ਦੀ ਸਖ਼ਤ ਨਿਖੇਧੀ ਕੀਤੀ ਹੈ। ਆਗੂਆਂ ਨੇ ਕਿਹਾ ਕਿ ਨੂਰਪੁਰ-ਬੇਦੀ(ਰੋਪੜ) ‘ਚ ਹੋਈ ਕਿਸਾਨ-ਕਾਨਫਰੰਸ ਉਪਰੰਤ ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਪ੍ਰਧਾਨ ਸਾਥੀ ਰਣਵੀਰ ਸਿੰਘ ਰੰਧਾਵਾ, ਸੂਬਾਈ ਸੀਨੀਅਰ ਮੀਤ ਪ੍ਰਧਾਨ ਹਰਦੀਪ ਕੌਰ ਕੋਟਲਾ, ਕਿਰਤੀ ਕਿਸਾਨ ਮੋਰਚਾ ਦੇ ਆਗੂ ਬੀਰ ਸਿੰਘ, ਜਗਮਨਦੀਪ ਸਿੰਘ ਪੜ੍ਹੀ, ਰੁਪਿੰਦਰ ਸੰਦੋਆ, ਉਸਾਰੀ ਮਿਸਤਰੀ ਮਜਦੂਰ ਯੂਨੀਅਨ ਦੇ ਆਗੂ ਤਰਸੇਮ ਸਿੰਘ ਜੱਟਪੁਰ ਅਤੇ ਗਾਇਕ ਪੰਮਾ ਡੁਮੇਵਾਲ ਖਿਲਾਫ਼ ਪੰਜਾਬ ਪੁਲਸ ਨੁਰਪੁਰਬੇਦੀ (ਰੋਪੜ) ਵੱਲੋਂ ਪਰਚਾ ਦਰਜ਼ ਕੀਤਾ ਗਿਆ ਹੈ। ਜਦੋਂਕਿ ਕੁੱਝ ਦਿਨ ਪਹਿਲਾਂ ਮੋਗਾ ਪੁਲਿਸ ਵੱਲੋਂ ਨੌਜਵਾਨ ਕਿਸਾਨ ਆਗੂਆਂ ਸੁਖਜਿੰਦਰ ਮਹੇਸ਼ਰੀ ਅਤੇ ਵਿੱਕੀ ਮਹੇਸ਼ਰੀ ‘ਤੇ ਵੀ ਪਰਚਾ ਦਰਜ਼ ਕੀਤੇ ਜਾਣ ਦੀ ਜਾਣਕਾਰੀ ਮਿਲੀ ਹੈ। ਪੰਜਾਬ ਸਰਕਾਰ ਲੋਕ-ਸੰਘਰਸ਼ਾਂ ‘ਤੇ ਪਾਬੰਦੀਆਂ ਮੜ੍ਹਨੀਆਂ ਤੁਰੰਤ ਬੰਦ ਕਰੇ ਅਤੇ ਨੌਜਵਾਨ ਕਿਸਾਨ ਆਗੂਆਂ ‘ਤੇ ਦਰਜ਼ ਕੀਤੇ ਪਰਚੇ ਤੁਰੰਤ ਰੱਦ ਕਰੇ। ਨਹੀਂ ਤਾਂ ਇਹਨਾਂ ਕਾਰਵਾਈਆਂ ਖ਼ਿਲਾਫ਼ ਸੰਘਰਸ਼ ਉਲੀਕਿਆ ਜਾਵੇਗਾ।