• ਅੰਮ੍ਰਿਤਸਰ ਦੇ ਮੈਡੀਕਲ ਕਾਲਜ ਵਿੱਚ ਜੰਗੀ ਪੱਧਰ ‘ਤੇ ਬਣਾਇਆ ਜਾਵੇਗਾ ਮੈਡੀਕਲ ਆਕਸੀਜਨ ਸਟੋਰੇਜ ਟੈਂਕ
ਚੰਡੀਗੜ੍ਹ, 4 ਮਈ 2021 – ਸੂਬੇ ਵਿੱਚ ਤਰਲ ਮੈਡੀਕਲ ਆਕਸੀਜਨ (ਐਲ.ਐਮ.ਓ.) ਦੀ ਨਿਰਵਿਘਨ ਤੇ ਸੁਚਾਰੂ ਸਪਲਾਈ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ ਅੱਜ ਹੋਰ ਸੂਬਿਆਂ ਅਤੇ ਸੂਬੇ ਵਿਚਲੇ ਏਅਰ ਸੈਪਰੇਸ਼ਨ ਤੇ ਰੀਫਿਲਿੰਗ ਯੂਨਿਟਾਂ ਤੋਂ ਆਕਸੀਜਨ ਦੀ ਢੋਆ-ਢੁਆਈ ਦੇ ਰੇਟ ਮੌਜੂਦਾ ਮਾਰਕੀਟ ਰੁਝਾਨ ਦੇ ਹਿਸਾਬ ਨਾਲ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ।
ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਦੀ ਅਗਵਾਈ ਵਿੱਚ ਇਥੇ ਇਕ ਉੱਚ ਪੱਧਰੀ ਮੀਟਿੰਗ ਦੌਰਾਨ ਇਹ ਫੈਸਲਾ ਕੀਤਾ ਗਿਆ।
ਮੁੱਖ ਸਕੱਤਰ ਨੇ ਕਿਹਾ ਕਿ ਟਰਾਂਸਪੋਰਟ ਵਿਭਾਗ ਵੱਲੋਂ ਰਸਮੀ ਹੁਕਮ ਜਾਰੀ ਕਰਨ ਤੋਂ ਬਾਅਦ ਇਸ ਫੈਸਲੇ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕੀਤਾ ਜਾਵੇਗਾ।
ਇਹ ਕਦਮ ਇਸ ਸੰਕਟਕਾਲੀ ਦੌਰ ਵਿੱਚ ਬਹੁਤ ਮਹੱਤਵਪੂਰਨ ਹੈ ਕਿਉਂਕਿ ਸੂਬੇ ਨੂੰ ਹਸਪਤਾਲਾਂ ਵਿੱਚ ਅਤਿ-ਲੋੜੀਂਦੀ ਮੈਡੀਕਲ ਆਕਸੀਜਨ ਦੀ ਨਿਰਵਿਘਨ ਤੇ ਸੁਚਾਰੂ ਆਵਾਜਾਈ ਵਿੱਚ ਕੁਝ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।
ਮੁੱਖ ਸਕੱਤਰ ਨੇ ਦੱਸਿਆ ਕਿ ਇਹ ਫੈਸਲਾ ਲਿਆ ਗਿਆ ਹੈ ਕਿ ਪੰਜਾਬ ਵੱਲੋਂ ਮੌਜੂਦਾ ਮਾਰਕੀਟ ਰੁਝਾਨ ਦੇ ਅਨੁਸਾਰ ਆਵਾਜਾਈ ਦੀਆਂ ਦਰਾਂ ਵਿੱਚ ਵਾਧਾ ਕੀਤਾ ਜਾਵੇਗਾ।
ਉਹਨਾਂ ਦੱਸਿਆ ਕਿ ਇਹ ਵੀ ਫੈਸਲਾ ਕੀਤਾ ਗਿਆ ਹੈ ਕਿ ਮੈਡੀਕਲ ਆਕਸੀਜਨ ਦੀਆਂ ਦਰਾਂ ਅਤੇ ਟਰਾਂਸਪੋਰਟ ਵਿਭਾਗ ਦੁਆਰਾ ਨਿਰਧਾਰਤ ਕੀਤੀਆਂ ਗਈਆਂ ਢੋਆ-ਢੁਆਈ ਦੀਆਂ ਦਰਾਂ ਬਾਰੇ ਲਾਗੂ ਕੇਂਦਰ ਦੇ ਨਿਰਦੇਸ਼ਾਂ ਦੇ ਮੱਦੇਨਜ਼ਰ, ਪਹਿਲਾਂ ਦੀਆਂ ਟੈਂਡਰ ਸ਼ਰਤਾਂ, ਜੇ ਕੋਈ ਹੈ, ਤਾਂ ਗੈਸ ਦੀਆਂ ਦਰਾਂ / ਕੀਮਤਾਂ ਤੈਅ ਕਰਨ ਸਬੰਧੀ ਅਤੇ ਇਸਦੀ ਆਵਾਜਾਈ ਨੂੰ ਇਸ ਹੱਦ ਤੱਕ ਸੋਧਿਆ ਮੰਨਿਆ ਜਾਵੇਗਾ ਕਿ ਰਾਜ ਸਰਕਾਰ ਦੁਆਰਾ ਜਾਰੀ ਕੀਤੇ ਗਏ ਅੱਜ ਦੇ ਆਦੇਸ਼ਾਂ ਅਨੁਸਾਰ ਟ੍ਰਾਂਸਪੋਰਟਰਾਂ ਨੂੰ ਵਿਭਾਗ ਵਲੋਂ ਐਲ.ਐਮ.ਓ. ਦੀ ਅਸਲ ਦਰ ਅਨੁਸਾਰ ਸਮੇਤ ਆਕਸੀਜਨ ਪਲਾਂਟਾਂ ਤੋਂ ਲਿਆਉਣ- ਲਿਜਾਣ ਦੇ ਖਰਚੇ ਨਾਲ ਅਦਾਇਗੀ ਕੀਤੀ ਜਾਵੇਗੀ।
ਮੀਟਿੰਗ ਦੌਰਾਨ ਇਹ ਵੀ ਫ਼ੈਸਲਾ ਕੀਤਾ ਗਿਆ ਕਿ ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਕਾਲਜ (ਜੀ.ਐੱਮ.ਸੀ.) ਵਿਖੇ ਇਕ ਐਲ.ਐਮ.ਓ ਸਟੋਰੇਜ ਟੈਂਕ ਤੁਰੰਤ ਸਥਾਪਤ ਕੀਤਾ ਜਾਵੇਗਾ।
ਮਹਾਜਨ ਨੇ ਕਿਹਾ ਕਿ ਅੰਮ੍ਰਿਤਸਰ ਵਿੱਚ ਮੈਡੀਕਲ ਆਕਸੀਜਨ ਦੀ ਉਪਲਬਧਤਾ ਦਾ ਪੱਧਰ ਬਹੁਤ ਗੰਭੀਰ ਹੈ ਇਸ ਲਈ ਸਟੋਰੇਜ ਟੈਂਕ ਨੂੰ ਸਥਾਪਤ ਕਰਨ ਦਾ ਕੰਮ ਜੰਗੀ ਪੱਧਰ ‘ਤੇ ਕੀਤਾ ਜਾਵੇਗਾ ਅਤੇ ਘੱਟੋ ਘੱਟ ਸੰਭਾਵਤ ਸਮੇਂ ਵਿੱਚ ਪੂਰਾ ਕੀਤਾ ਜਾਵੇਗਾ।
ਸਪਲਾਈ ਚੇਨ ਨੂੰ ਹੋਰ ਸੁਚਾਰੂ ਬਣਾਉਣ ਲਈ ਇਸ ਮੀਟਿੰਗ ਦੌਰਾਨ ਇਕ ਹੋਰ ਅਹਿਮ ਫੈਸਲਾ ਲਿਆ ਗਿਆ, ਜਿਸ ਤਹਿਤ ਪਸ਼ੂ ਪਾਲਣ ਵਿਭਾਗ ਨਾਲ ਸਮਝੌਤੇ ਅਧੀਨ ਪਸ਼ੂਆਂ ਦੇ ਵੀਰਜ ਨੂੰ ਇਕ ਤੋਂ ਦੂਜੀ ਥਾਂ ‘ਤੇ ਲਿਜਾਣ ਲਈ ਵਰਤੇ ਜਾਂਦੇ ਨਾਈਟ੍ਰੋਜਨ ਵਾਲੇ ਟੈਂਕਰਾਂ ਨੂੰ ਤੁਰੰਤ ਵਿਹਲੇ ਕਰਨ ਅਤੇ ਉਨ੍ਹਾਂ ਨੂੰ ਮੌਜੂਦਾ ਸਥਿਤੀ ਵਿੱਚ ਸੁਧਾਰ ਤੱਕ ਮੈਡੀਕਲ ਆਕਸੀਜਨ ਲਈ ਵਰਤਿਆ ਜਾਵੇਗਾ।
ਮੀਟਿੰਗ ਵਿੱਚ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਪ੍ਰਮੁੱਖ ਸਕੱਤਰ (ਟਰਾਂਸਪੋਰਟ) ਕੇ.ਸਿਵਾ ਪ੍ਰਸਾਦ, ਪ੍ਰਮੁੱਖ ਸਕੱਤਰ (ਉਦਯੋਗ ਅਤੇ ਵਣਜ) ਆਲੋਕ ਸ਼ੇਖਰ, ਪ੍ਰਮੁੱਖ ਸਕੱਤਰ (ਮੈਡੀਕਲ ਸਿੱਖਿਆ ਅਤੇ ਖੋਜ) ਡੀ.ਕੇ. ਤਿਵਾੜੀ, ਪ੍ਰਮੁੱਖ ਸਕੱਤਰ (ਸਿਹਤ ਅਤੇ ਪਰਿਵਾਰ ਭਲਾਈ) ਹੁਸਨ ਲਾਲ, ਸਟੇਟ ਕੋਵਿਡ ਕੰਟਰੋਲ ਰੂਮ ਦੇ ਮੁਖੀ ਰਾਹੁਲ ਤਿਵਾੜੀ, ਖਜ਼ਾਨਾ ਅਤੇ ਅਕਾਉਂਟਸ ਦੇ ਡਾਇਰੈਕਟਰ ਅਭਿਨਵ ਤ੍ਰਿਖਾ, ਗਮਾਡਾ ਦੇ ਮੁੱਖ ਪ੍ਰਸ਼ਾਸਕ ਪ੍ਰਦੀਪ ਕੁਮਾਰ ਅਗਰਵਾਲ ਅਤੇ ਰੋਜ਼ਗਾਰ ਉਤਪਤੀ ਵਿਭਾਗ ਦੇ ਡਾਇਰੈਕਟਰ ਜਨਰਲ ਹਰਪ੍ਰੀਤ ਸਿੰਘ ਸੂਦਨ ਸ਼ਾਮਲ ਸਨ।