ਚੰਡੀਗੜ੍ਹ, 4 ਮਈ 2021 – ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਪ੍ਰਸਿੱਧ ਸਿੱਖਿਆ ਸ਼ਾਸਤਰੀ ਰਸ਼ਪਾਲ ਮਲਹੋਤਰਾ (84 ) ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ, ਜੋ ਸੈਂਟਰ ਫਾਰ ਰਿਸਰਚ ਇਨ ਰੂਰਲ ਐਂਡ ਇੰਡਸਟ੍ਰੀਅਲ ਡਿਵੈਲਪਮੈਂਟ (ਸੀ.ਆਰ.ਆਰ.ਆਈ.ਡੀ) ਦੇ ਸੰਸਥਾਪਕ ਸਨ।
ਉਹ ਪਿਛਲੇ ਇੱਕ ਹਫਤੇ ਤੋਂ ਵੀ ਵੱਧ ਸਮੇਂ ਤੋਂ ਕੋਵਿਡ ਨਾਲ ਜੂਝ ਰਹੇ ਸਨ ਪਰ ਕਰੋਨਾ ਵਿਰੁੱਧ ਇਹ ਜੰਗ ਉਹ ਹਾਰ ਗਏ ਅਤੇ ਅੱਜ ਸਵੇਰੇ ਇੱਥੇ ਇੱਕ ਨਿੱਜੀ ਹਸਪਤਾਲ ਵਿੱਚ ਉਹਨਾਂ ਦੀ ਮੌਤ ਹੋ ਗਈ । ਉਹ ਆਪਣੇ ਪਿੱਛੇ ਪਤਨੀ, ਇੱਕ ਬੇਟਾ ਅਤੇ ਇੱਕ ਬੇਟੀ ਛੱਡ ਗਏ ਹਨ।
ਤ੍ਰਿਪਤ ਬਾਜਵਾ ਨੇ ਕਿਹਾ ਕਿ ਰਸ਼ਪਾਲ ਮਲਹੋਤਰਾ ਇੱਕ ਮਹਾਨ ਸਿੱਖਿਆ ਸ਼ਾਸਤਰੀ, ਦਾਰਸ਼ਨਿਕ ਅਤੇ ਆਪਣੇ ਆਪ ਵਿੱਚ ਇੱਕ ਮੁਕੰਮਲ ਸੰਸਥਾ ਸਨ। ਉਹਨਾਂ ਦੀ ਦੂਰਅੰਦੇਸ਼ ਸੋਚ, ਜਨਤਕ ਨੀਤੀਆਂ ਦੇ ਖੇਤਰ ਵਿੱਚ ਬੌਧਿਕ ਗਤੀਵਿਧੀਆਂ , ਸ਼ਾਂਤੀ ਅਤੇ ਸਦਭਾਵਨਾ ਨਾਲ ਵਿਕਾਸ ਕਰਨ ਕਰਕੇ ਉਹਨਾਂ ਨੇ ਕੌਮਾਂਤਰੀ ਪ੍ਰਸਿੱਧੀ ਅਤੇ ਮਾਨਤਾ ਪ੍ਰਾਪਤ ਕੀਤੀ।ਰਸ਼ਪਾਲ ਮਲਹੋਤਰਾ ਨੂੰ ਪੰਚਾਇਤੀ ਰਾਜ ਪ੍ਰਣਾਲੀ ਦੇ ਮਜਬੂਤੀਕਰਨ ਅਤੇ ਪਾਵਰ ਸਟ੍ਰਕਚਰ ਦੇ ਵਿਕੇਂਦਰੀਕਰਨ ਵਿੱਚ ਬੇਮਿਸਾਲ ਯੋਗਦਾਨ ਪਾਉਣ ਲਈ ਹਮੇਸ਼ਾਂ ਯਾਦ ਰੱਖਿਆ ਜਾਵੇਗਾ।
ਪੇਂਡੂ ਵਿਕਾਸ ਮੰਤਰੀ ਨੇ ਇਸ ਦੁੱਖ ਦੀ ਘੜੀ ਵਿੱਚ ਪਰਿਵਾਰਕ ਮੈਂਬਰਾਂ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ ਅਤੇ ਵਿਛੜੀ ਰੂਹ ਨੂੰ ਆਪਣੇ ਚਰਨਾ ਵਿੱਚ ਨਿਵਾਦ ਦੇਣ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ।