ਕੋਵਿਡ ਮਰੀਜਾਂ ਦੀ ਸੰਭਾਲ ਲਈ ਸਰਕਾਰੀ ਮੈਡੀਕਲ ਕਾਲਜਾਂ ਦੇ ਹਸਪਤਾਲਾਂ ‘ਚ 25 ਫੀਸਦੀ ਬੈਡ ਸਮਰੱਥਾ ਵਧਾਈ ਜਾ ਰਹੀ ਹੈ-ਓ.ਪੀ. ਸੋਨੀ

  • ਗੰਭੀਰ ਮਰੀਜਾਂ ਦੇ ਦੇਰੀ ਨਾਲ ਆਉਣ ਕਰਕੇ ਮੌਤ ਦਰ ਵਧੀ-ਓ.ਪੀ. ਸੋਨੀ
  • ਪੰਜਾਬ ‘ਚ ਮੈਡੀਕਲ ਕਾਲਜਾਂ ‘ਚ ਹੁਣ ਤੱਕ 60 ਲੱਖ ਤੋਂ ਵਧੇਰੇ ਕੋਵਿਡ ਟੈਸਟ ਕੀਤੇ
  • ਪੰਜਾਬ ਦੇ ਤਿੰਨੇ ਮੈਡੀਕਲ ਕਾਲਜਾਂ ਦੇ ਹਸਪਤਾਲਾਂ ‘ਚ ਗੰਭੀਰ ਕੋਵਿਡ ਮਰੀਜਾਂ ਦੇ ਇਲਾਜ ਤੇ ਸੰਭਾਲ ਲਈ ਢੁਕਵੇਂ ਪ੍ਰਬੰਧ
  • ਰਾਜਿੰਦਰਾ ਹਸਪਤਾਲ ਦੇ ਇਲਾਜ ਪ੍ਰਬੰਧਾਂ ਦਾ ਜਾਇਜ਼ਾ, ਹਸਪਤਾਲ ਪ੍ਰਬੰਧਨ ਨੂੰ ਹੋਰ ਵੀ ਚੌਕਸ ਹੋਣ ਦੇ ਆਦੇਸ਼
  • ਕੋਵਿਡ ਤੋਂ ਬਚਾਅ ਲਈ ਮੀਡੀਆ ਪਾਸੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਸਹਿਯੋਗ ਦੀ ਮੰਗ

ਪਟਿਆਲਾ, 6 ਮਈ 2021 – ਪੰਜਾਬ ਦੇ ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਸ੍ਰੀ ਓ.ਪੀ. ਸੋਨੀ ਨੇ ਅੱਜ ਇੱਥੇ ਕਿਹਾ ਕਿ ਕੋਵਿਡ-19 ਦੀ ਦੂਜੀ ਲਹਿਰ ਤੋਂ ਕੀਮਤੀ ਮਨੁੱਖੀ ਜਾਨਾਂ ਨੂੰ ਬਚਾਉਣ ਲਈ ਪੰਜਾਬ ‘ਚ ਸਰਕਾਰੀ ਮੈਡੀਕਲ ਕਾਲਜਾਂ ਦੇ ਹਸਪਤਾਲਾਂ ‘ਚ ਬੈਡ ਸਮਰੱਥਾ 25 ਫੀਸਦੀ ਤੱਕ ਵਧਾਈ ਜਾ ਰਹੀ ਹੈ। ਸ੍ਰੀ ਸੋਨੀ ਅੱਜ ਇੱਥੇ ਸਰਕਾਰੀ ਮੈਡੀਕਲ ਕਾਲਜ ਵਿਖੇ ਰਾਜਿੰਦਰਾ ਹਸਪਤਾਲ ‘ਚ ਕੋਵਿਡ ਮਰੀਜਾਂ ਦੀ ਸਾਂਭ ਤੇ ਇਲਾਜ ਪ੍ਰਬੰਧਾਂ ਦਾ ਜਾਇਜ਼ਾ ਲੈਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਦੇ ਨਾਲ ਨਗਰ ਨਿਗਮ ਦੇ ਮੇਅਰ ਸ੍ਰੀ ਸੰਜੀਵ ਸ਼ਰਮਾ ਬਿੱਟੂ ਅਤੇ ਪ੍ਰਮੁੱਖ ਸਕੱਤਰ ਸ੍ਰੀ ਡੀ.ਕੇ. ਤਿਵਾੜੀ ਵੀ ਮੌਜੂਦ ਸਨ।

ਓ.ਪੀ. ਸੋਨੀ ਨੇ ਦੱਸਿਆ ਕਿ ਕੋਵਿਡ ਦੀ ਪੂਰੇ ਦੇਸ਼ ਭਰ ‘ਚ ਪੈਦਾ ਹੋਈ ਗੰਭੀਰ ਸਥਿਤੀ ਦੇ ਮੱਦੇਨਜ਼ਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ‘ਚ ਕੋਵਿਡ ਇਲਾਜ ਲਈ ਸਰਕਾਰੀ ਮੈਡੀਕਲ ਕਾਲਜਾਂ ਦੇ ਹਸਪਤਾਲਾਂ, ਜ਼ਿਲ੍ਹਾ ਹਸਪਤਾਲਾਂ ਸਮੇਤ ਬਠਿੰਡਾ ਤੇ ਮੋਹਾਲੀ ਦੇ ਆਰਜੀ ਹਸਪਤਾਲਾਂ ‘ਚ 2000 ਕੋਵਿਡ ਬੈਡ ਸਮਰੱਥਾ ਵਧਾਉਣ ਦੇ ਆਦੇਸ਼ ਦਿੱਤੇ ਹਨ, ਜਿਸ ਨੂੰ ਜਲਦੀ ਮੁਕੰਮਲ ਕਰ ਲਏ ਜਾਣ ਦੀ ਪੂਰੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਹਾਲਾਤ ਦੀ ਗੰਭੀਰਤਾ ਨੂੰ ਦੇਖਦੇ ਹੋਏ ਲੋਕਾਂ ਦੀ ਸਮੇਂ ਸਿਰ ਟੈਸਟਿੰਗ ਅਤੇ ਹਸਪਤਾਲ ਜਲਦੀ ਦਾਖਲ ਹੋਣਾ ਲਾਜਮੀ ਹੈ। ਪ੍ਰੰਤੂ ਲੋਕ ਦੇਰੀ ਕਰਕੇ ਉਸ ਸਮੇਂ ਹਸਪਤਾਲ ਆਉਂਦੇ ਹਨ ਜਦੋਂ ਮਰੀਜ ਦੀ ਹਾਲਤ ਬਹੁਤ ਜਿਆਦਾ ਗੰਭੀਰ ਹੋ ਜਾਂਦੀ ਹੈ, ਜਿਸ ਕਰਕੇ ਸਰਕਾਰੀ ਰਾਜਿੰਦਰਾ ਹਸਪਤਾਲ ‘ਚ ਮਰੀਜਾਂ ਦੀ ਮੌਤ ਦਰ ਦਾ ਅੰਕੜਾ ਵੱਧ ਹੈ।

ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਨੇ ਅੱਗੇ ਦੱਸਿਆ ਕਿ ਰਾਜਿੰਦਰਾ ਹਸਪਤਾਲ ਵਿਖੇ ਆਕਸੀਜਨ ਦੀ ਪਾਇਪ ਲੱਗੇ ਹੋਏ ਲੈਵਲ-2 ਦੇ 125 ਬੈਡ ਵਧਾਏ ਜਾ ਰਹੇ ਹਨ ਜਦਕਿ 125 ਬੈਡ ਪੋਸਟ ਕੋਵਿਡ ਕੇਅਰ ਲਈ ਵਧਾਏ ਜਾਣਗੇ। ਇਸਤੋਂ ਇਲਾਵਾ ਆਕਸੀਜਨ ਦੀ ਨਿਰਵਿਘਨ ਸਪਲਾਈ ਲਈ ਦੋ ਮੈਨੀਫੋਲਡ ਲਾਏ ਜਾਣਗੇ ਅਤੇ 20,000 ਲਿਟਰ ਸਮਰੱਥਾ ਵਾਲਾ ਆਕਸੀਜਨ ਟੈਂਕ ਵੀ ਲੱਗੇਗਾ। ਸ੍ਰੀ ਸੋਨੀ ਨੇ ਹੋਰ ਦੱਸਿਆ ਕਿ 30 ਆਕਸੀਜਨ ਜਨਰੇਟਰ ਪਹੁੰਚ ਗਏ ਹਨ ਅਤੇ ਹਸਪਤਾਲ ਦੀ ਮੰਗ ਮੁਤਾਬਕ 1000-1000 ਸਿਲੰਡਰ ਵੱਡੇ ਤੇ ਛੋਟੇ ਵੀ ਜਲਦੀ ਖਰੀਦੇ ਜਾ ਰਹੇ ਹਨ। ਇਸ ਦੇ ਨਾਲ ਹੀ 200 ਨਰਸਿੰਗ ਅਮਲੇ ਤੇ 200 ਦਰਜਾ ਚਾਰ ਅਮਲੇ ਦੀ ਭਰਤੀ ਕੀਤੀ ਜਾ ਰਹੀ ਹੈ। ਸੇਵਾ ਮੁਕਤ ਫੈਕਲਟੀ ਦੀਆਂ ਸੇਵਾਵਾਂ ਲੈਣ ਸਮੇਤ ਸੇਵਾ ਮੁਕਤ ਹੋਣ ਵਾਲੇ ਹੋਰ ਅਮਲੇ ਦੀ ਥਾਂ ਨਵੀਂ ਭਰਤੀ ਨੂੰ ਵੀ ਮਨਜੂਰੀ ਦਿੱਤੀ ਗਈ ਹੈ।

ਸੋਨੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੋਵਿਡ ਵਿਰੁੱਧ ਲੜੀ ਜਾ ਰਹੀ ਜੰਗ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹਰ ਪੱਧਰ ‘ਤੇ ਬੜੀ ਬਾਰੀਕੀ ਨਾਲ ਨਜ਼ਰ ਰੱਖ ਰਹੇ ਹਨ ਅਤੇ ਮੁੱਖ ਮੰਤਰੀ ਦੇ ਆਦੇਸ਼ਾਂ ‘ਤੇ ਪੰਜਾਬ ‘ਚ ਆਪਣੇ ਵਸਨੀਕ ਮਰੀਜਾਂ ਤੋਂ ਇਲਾਵਾ ਦਿੱਲੀ ਤੇ ਬਾਹਰਲੇ ਰਾਜਾਂ ਤੋਂ ਆਉਣ ਵਾਲੇ ਮਰੀਜਾਂ ਨੂੰ ਵੀ ਇਲਾਜ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।

ਉਨ੍ਹਾਂ ਨੇ ਇੱਕ ਹੋਰ ਸਵਾਲ ਦੇ ਜਵਾਬ ‘ਚ ਦੱਸਿਆ ਰਾਜਿੰਦਰਾ ਹਸਪਤਾਲ ‘ਚ ਕੋਵਿਡ ਮਰੀਜਾਂ ਦੀ ਸੰਭਾਂਲ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਅਤੇ ਜਿੱਥੇ ਕਿਤੇ ਕੋਈ ਕਮੀ ਪੇਸ਼ੀ ਹੈ, ਉਸਨੂੰ ਦੂਰ ਕਰ ਲਿਆ ਜਾਵੇਗਾ ਅਤੇ ਹਸਪਤਾਲ ਪ੍ਰਬੰਧਨ ਨੂੰ ਹੋਰ ਵੀ ਚੌਕਸ ਰਹਿਣ ਦੇ ਆਦੇਸ਼ ਦਿੱਤੇ ਗਏ ਹਨ। ਇਸ ਤੋਂ ਇਲਾਵਾ ਕੋਵਿਡ ਵਾਰਡ ‘ਚ ਸੀ.ਸੀ.ਟੀ.ਵੀ. ਕੈਮਰੇ ਲਗਾਕੇ ਕੰਟਰੋਲ ਰੂਮ ‘ਚ ਮੋਨੀਟਰ ਲਗਾਇਆ ਜਾ ਰਿਹਾ ਹੈ। ਉਨ੍ਹਾਂ ਹਸਪਤਾਲ ‘ਚ ਖਾਣੇ ਬਾਰੇ ਦੱਸਿਆ ਕਿ ਮਰੀਜਾਂ ਨੂੰ ਲੋੜੀਂਦੀ ਖੁਰਾਕ ਦੇਣ ਸਮੇਤ ਆਂਡੇ ਤੇ ਦੁੱਧ ਵੀ ਮੁਹੱਈਆ ਕਰਵਾਇਆ ਜਾਵੇਗਾ।

ਸੋਨੀ ਨੇ ਕਿਹਾ ਕਿ ਪੰਜਾਬ ਦੇ ਤਿੰਨੋ ਮੈਡੀਕਲ ਕਾਲਜ ਕੋਵਿਡ ਵਿਰੁੱਧ ਜੰਗ ‘ਚ ਅਹਿਮ ਯੋਗਦਾਨ ਪਾ ਰਹੇ ਹਨ ਅਤੇ ਲੈਵਲ-2 ਅਤੇ ਲੈਵਲ-3 (ਗੰਭੀਰ ਅਤੇ ਹੋਰ ਬਿਮਾਰੀਆਂ ਨਾਲ ਗ੍ਰਸਤ) ਮਰੀਜਾਂ ਦਾ ਬੜੀ ਹੀ ਤਨਦੇਹੀ ਨਾਲ ਇਲਾਜ ਕਰ ਰਹੇ ਹਨ ਅਤੇ ਹੁਣ ਤੱਕ 60 ਲੱਖ ਤੋਂ ਵਧੇਰੇ ਕੋਵਿਡ ਟੈਸਟ ਕੀਤੇ ਜਾ ਚੁੱਕੇ ਹਨ।

ਓ.ਪੀ. ਸੋਨੀ ਨੇ ਰਾਜਿੰਦਰਾ ਹਸਪਤਾਲ ਦੇ ਡਾਕਟਰਾਂ, ਨਰਸਿੰਗ ਤੇ ਹੋਰ ਅਮਲੇ ਦੀ ਪ੍ਰਸ਼ੰਸਾ ਵੀ ਕੀਤੀ। ਉਨ੍ਹਾਂ ਨੇ ਕਿਹਾ ਕਿ ਕੋਵਿਡ ਵਿੱਚ ਮੌਤ ਦਾ ਵੱਡਾ ਕਾਰਨ ਮਰੀਜਾਂ ਦਾ ਦੇਰੀ ਨਾਲ ਹਸਪਤਾਲਾਂ ‘ਚ ਪੁੱਜਣਾ ਅਤੇ ਹੋਰ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋਣਾ ਸਾਹਮਣੇ ਆਇਆ ਹੈ, ਇਸ ਲਈ ਕੋਵਿਡ ਜੰਗ ‘ਚ ਲੋਕਾਂ ਨੂੰ ਜਾਗਰੂਕ ਕਰਨ ਲਈ ਮੀਡੀਆ ਵੀ ਸਰਕਾਰ ਦਾ ਸਾਥ ਦੇਵੇ। ਇਸ ਮੌਕੇ ਨਗਰ ਨਿਗਮ ਦੇ ਮੇਅਰ ਸ੍ਰੀ ਸੰਜੀਵ ਸ਼ਰਮਾ ਬਿੱਟੂ ਨੇ ਹਸਪਤਾਲ ‘ਚ ਮਰੀਜਾਂ ਦੀ ਸੰਭਾਂਲ ਲਈ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਪੂਰੇ ਕਰਵਾਉਣ ਲਈ ਨਗਰ ਨਿਗਮ ਦੇ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ।

ਇਸ ਮੌਕੇ ਰਾਜਿੰਦਰਾ ਕੋਵਿਡ ਇੰਚਾਰਜ ਸੁਰਭੀ ਮਲਿਕ, ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਰਾਜਨ ਸਿੰਗਲਾ, ਵਾਈਸ ਪ੍ਰਿੰਸੀਪਲ ਡਾ. ਆਰ.ਪੀ.ਐਸ. ਸਿਬੀਆ, ਮੈਡੀਕਲ ਸੁਪਰਡੈਂਟ ਡਾ. ਐਚ.ਐਸ. ਰੇਖੀ, ਓ.ਐਸ.ਡੀ. ਸੰਜੀਵ ਸ਼ਰਮਾ, ਡਾ. ਵਿਨੋਦ ਡੰਗਵਾਲ, ਡਾ. ਵਿਸ਼ਾਲ ਚੋਪੜਾ, ਡਾ. ਅਮਨਦੀਪ ਸਿੰਘ ਬਖ਼ਸ਼ੀ ਅਤੇ ਹੋਰ ਡਾਕਟਰ ਮੌਜੂਦ ਸਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਸਰਕਾਰ ਨੇ ਘਰ-ਘਰ ਰੁਜ਼ਗਾਰ ਅਤੇ ਕਾਰੋਬਾਰ ਮਿਸ਼ਨ ਤਹਿਤ 16.29 ਲੱਖ ਰੁਜ਼ਾਗਰ ਦੇ ਦਿੱਤੇ ਮੌਕੇ – ਚੰਨੀ

ਪੰਜਾਬ ਸਰਕਾਰ ਵਲੋਂ ਵਿਦੇਸ਼ਾਂ ਤੋਂ ਸੂਬੇ ਵਿੱਚ ਆਈ ਕਿਸੇ ਵੀ ਕੋਵਿਡ ਰਾਹਤ ਨੂੰ ਟੈਕਸ ਤੋਂ ਛੋਟ ਦੇਣ ਲਈ ਦੋ ਨੋਡਲ ਅਫ਼ਸਰ ਲਾਏ ਗਏ