ਅਫ਼ਗਾਨਿਸਤਾਨ ਦੇ 20 ਹਜ਼ਾਰ ਸ਼ਰਨਾਰਥੀਆਂ ਨੂੰ ਰਾਸ਼ਨ ਦੇਵੇਗਾ ਸਰਬੱਤ ਦਾ ਭਲਾ ਟਰੱਸਟ

  • ਈਦ ਤੋਂ ਪਹਿਲਾਂ ਪਹੁੰਚ ਜਾਵੇਗਾ ਪਹਿਲੇ ਮਹੀਨੇ ਦਾ ਰਾਸ਼ਨ : ਡਾ. ਓਬਰਾਏ
  • ਭੁੱਖੇ ਦੇ ਢਿੱਡ ‘ਚ ਦਾਣੇ ਪਾਉਣ ਤੋਂ ਵੱਡਾ ਕੋਈ ਪਰਉਪਕਾਰ ਨਹੀਂ : ਅੰਬੈਸਡਰ ਫ਼ਰੀਦ ਮਾਮੰਦਜ਼ਈ

ਅੰਮ੍ਰਿਤਸਰ,6 ਮਈ 2021 – ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦੇ ਫ਼ਲਸਫ਼ੇ ਕਿਰਤ ਕਰੋ ਤੇ ਵੰਡ ਛਕੋ ਨੂੰ ਸਹੀ ਅਰਥਾਂ ‘ਚ ਆਪਣੀ ਜ਼ਿੰਦਗੀ ‘ਚ ਲਾਗੂ ਕਰਕੇ ਬਿਨਾਂ ਕਿਸੇ ਸਵਾਰਥ ਦੇ ਦਿਨ-ਰਾਤ ਦੀਨ ਦੁਖੀਆਂ ਦੀ ਸੇਵਾ ‘ਚ ਜੁਟੇ ਦੁਬਈ ਦੇ ਉੱਘੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਟਰੱਸਟ ਦੇ ਬਾਨੀ ਡਾ.ਐੱਸ.ਪੀ.ਸਿੰਘ ਓਬਰਾਏ ਵੱਲੋਂ ਕਰੋਨਾ ਮਹਾਂਮਾਰੀ ਦੌਰਾਨ ਪ੍ਰਭਾਵਿਤ ਹੋਏ ਲੋੜਵੰਦ ਪਰਿਵਾਰਾਂ ਨੂੰ ਸੁੱਕਾ ਰਾਸ਼ਨ ਵੰਡਣ ਦੀ ਵਿੱਢੀ ਗਈ ਮੁਹਿੰਮ ਤਹਿਤ ਹੁਣ ਅਫ਼ਗਾਨਿਸਤਾਨ ਤੋਂ ਉੱਜੜ ਕੇ ਭਾਰਤ ਆਏ 20 ਹਜ਼ਾਰ ਦੇ ਕਰੀਬ ਸ਼ਰਨਾਰਥੀਆਂ ਨੂੰ ਤਿੰਨ ਮਹੀਨਿਆਂ ਲਈ ਸੁੱਕਾ ਰਾਸ਼ਨ ਅਤੇ ਮੈਡੀਕਲ ਨਾਲ ਸਬੰਧਤ ਸਾਮਾਨ ਦੇਣ ਦਾ ਫ਼ੈਸਲਾ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਟਰੱਸਟ ਦੇ ਮੁਖੀ ਡਾ.ਐਸ.ਪੀ. ਸਿੰਘ ਓਬਰਾਏ ਨੇ ਦੱਸਿਆ ਕਿ ਦਿੱਲੀ ਦੀ ਸਮਾਜ ਸੇਵਿਕਾ ਨਵਿਤਾ ਸ੍ਰੀਕਾਂਤ ਰਾਹੀਂ ਅਫ਼ਗਾਨਿਸਤਾਨ ਦੀ ਅੰਬੈਸੀ ਨੇ ਉਨ੍ਹਾਂ ਨਾਲ ਸੰਪਰਕ ਕਰ ਕੇ ਉਨ੍ਹਾਂ ਨੂੰ ਜਾਣੂ ਕਰਵਾਇਆ ਹੈ ਕਿ ਅਫ਼ਗ਼ਾਨਿਸਤਾਨ ਤੋਂ ਉੱਜੜ ਕੇ ਭਾਰਤ ਆਏ ਕਰੀਬ 20 ਹਜ਼ਾਰ ਸ਼ਰਨਾਰਥੀਆਂ ਦੀ ਕੋਰੋਨਾ ਮਹਾਂਮਾਰੀ ਕਾਰਨ ਪੈਦਾ ਹੋਏ ਹਾਲਾਤਾਂ ‘ਚ ਤਰਸਯੋਗ ਹਾਲਤ ਬਣੀ ਹੋਈ ਹੈ ਅਤੇ ਕੋਈ ਕੰਮਕਾਰ ਨਾ ਹੋਣ ਕਾਰਨ ਉਨ੍ਹਾਂ ਨੂੰ ਇਸ ਵੇਲੇ ਰਾਸ਼ਨ ਅਤੇ ਮੈਡੀਕਲ ਨਾਲ ਸਬੰਧਤ ਸਾਮਾਨ ਦੀ ਸਖ਼ਤ ਜ਼ਰੂਰਤ ਹੈ। ਉਨ੍ਹਾਂ ਦੱਸਿਆ ਕਿ ਅੰਬੈਸੀ ਦੀ ਇਸ ਮੰਗ ਨੂੰ ਤੁਰੰਤ ਪੂਰਿਆਂ ਕਰਦਿਆਂ ਉਨ੍ਹਾਂ ਨੇ ਫ਼ੈਸਲਾ ਕੀਤਾ ਹੈ ਉਕਤ ਸਾਰੇ ਸ਼ਰਨਾਰਥੀਆਂ ਨੂੰ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਤਿੰਨ ਮਹੀਨੇ ਤੱਕ ਸੁੱਕਾ ਰਾਸ਼ਨ ਅਤੇ ਲੋੜੀਂਦਾ ਮੈਡੀਕਲ ਨਾਲ ਸਬੰਧਤ ਸਾਮਾਨ ਮੁਹਈਆ ਕਰਵਾਇਆ ਜਾਵੇਗਾ।

ਡਾ.ਓਬਰਾਏ ਨੇ ਦੱਸਿਆ ਕਿ ਇਸ ਸਬੰਧੀ ਅੱਜ ਅਫ਼ਗਾਨਿਸਤਾਨ ਦੇ ਅੰਬੈਸਡਰ ਫ਼ਰੀਦ ਮਾਮੰਦਜ਼ਈ ਨਾਲ ਹੋਈ ਜੂਮ ਮੀਟਿੰਗ ਦੌਰਾਨ ਉਨ੍ਹਾਂ ਨੂੰ ਦੱਸਿਆ ਗਿਆ ਹੈ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਦਿੱਲੀ, ਪੂਨਾ,ਹੈਦਰਾਬਾਦ ਅਤੇ ਕਲਕੱਤਾ ਆਦਿ ਸ਼ਹਿਰਾਂ ‘ਚ ਰਹਿ ਰਹੇ ਸਾਰੇ ਸ਼ਰਨਾਰਥੀਆਂ ਨੂੰ ਹਰ ਮਹੀਨੇ 30 ਕਿੱਲੋ ਸੁੱਕਾ ਰਾਸ਼ਨ ਦਿੱਤਾ ਜਾਵੇਗਾ। ਰਾਸ਼ਨ ਦੀ ਇੱਕ ਕਿੱਟ ‘ਚ 15 ਕਿੱਲੋ ਆਟਾ,5 ਕਿੱਲੋ ਚਾਵਲ,3 ਕਿੱਲੋ ਦਾਲ,3 ਕਿਲੋ ਖੰਡ, 2 ਕਿੱਲੋ ਨਿਊਟਰੀ ਅਤੇ 2 ਲੀਟਰ ਖਾਣਾ ਬਣਾਉਣ ਵਾਲਾ ਤੇਲ ਸ਼ਾਮਿਲ ਹੋਵੇਗਾ। ਉਨ੍ਹਾਂ ਦੱਸਿਆ ਕਿ ਸਮੁੱਚੇ ਰਾਸ਼ਨ ਤੋਂ ਮੈਡੀਕਲ ਦੇ ਸਾਮਾਨ ਤੇ ਟਰੱਸਟ ਦਾ ਕੁੱਲ 2 ਕਰੋਡ਼ ਰੁਪਏ ਖਰਚ ਆਵੇਗਾ। ਉਨ੍ਹਾਂ ਇਹ ਵੀ ਦੱਸਿਆ ਹੈ ਕਿ ਪਹਿਲੇ ਮਹੀਨੇ ਦਾ ਰਾਸ਼ਨ ਈਦ ਤੋਂ ਪਹਿਲਾਂ-ਪਹਿਲਾਂ ਪ੍ਰਭਾਵਿਤ ਸ਼ਰਨਾਰਥੀਆਂ ਕੋਲ ਪਹੁੰਚ ਜਾਵੇਗਾ ਜਦ ਕਿ ਲੋੜੀਂਦਾ ਮੈਡੀਕਲ ਦਾ ਸਾਮਾਨ ਕੱਲ੍ਹ ਹੀ ਪੁੱਜਦਾ ਕਰ ਦਿੱਤਾ ਜਾਵੇਗਾ। ਡਾ.ਓਬਰਾਏ ਨੇ ਦੱਸਿਆ ਕਿ ਉਨ੍ਹਾਂ ਨੇ ਅੰਬੈਸੀ ਨੂੰ ਇਹ ਵੀ ਵਿਸਵਾਸ਼ ਦਿਵਾਇਆ ਹੈ ਕਿ ਜੇਕਰ ਭਵਿੱਖ ‘ਚ ਵੀ ਕੋਈ ਅਜਿਹੀ ਜ਼ਰੂਰਤ ਪੈਂਦੀ ਹੈ ਤਾਂ ਟਰੱਸਟ ਉਨ੍ਹਾਂ ਦਾ ਸਾਥ ਦੇਵੇਗਾ।

ਜ਼ਿਕਰਯੋਗ ਹੈ ਕਿ ਮੀਟਿੰਗ ਦੌਰਾਨ ਡਾ.ਓਬਰਾਏ ਵੱਲੋਂ ਅਫਗਾਨਿਸਤਾਨ ਦੇ ਸ਼ਰਨਾਰਥੀਆਂ ਤੋਂ ਇਲਾਵਾ ਪੂਰੀ ਦੁਨੀਆਂ ਅੰਦਰ ਲੋੜਵੰਦ ਲੋਕਾਂ ਲਈ ਕੀਤੇ ਜਾ ਰਹੇ ਪਰਉਪਕਾਰਾਂ ਲਈ ਉਨ੍ਹਾਂ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਅੰਬੈਸਡਰ ਫ਼ਰੀਦ ਮਾਮੰਦਜ਼ਈ ਨੇ ਕਿਹਾ ਕਿ ਕਿਸੇ ਭੁੱਖੇ ਦੇ ਢਿੱਡ ‘ਚ ਦਾਣਾ ਪਾਉਣਾ ਸਭ ਤੋਂ ਵੱਡਾ ਪਰਉਪਕਾਰ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮਹੌਲ ਠੀਕ ਹੋਣ ਉਪਰੰਤ ਪਟਿਆਲੇ ਆ ਕੇ ਡਾ.ਓਬਰਾਏ ਨੂੰ ਨਿੱਜੀ ਤੌਰ ਤੇ ਮਿਲਣਾ ਉਨ੍ਹਾਂ ਦੀ ਦਿਲੀ ਇੱਛਾ ਹੈ।
ਇਸ ਮੀਟਿੰਗ ਦੌਰਾਨ ਉਪਰੋਕਤ ਤੋਂ ਇਲਾਵਾ ਟਰੱਸਟ ਦੇ ਮੈਂਬਰ ਰਵਿੰਦਰ ਸਿੰਘ ਰੌਬਿਨ ਵੀ ਮੌਜੂਦ ਸਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕਾਮੇਡੀਅਨ ਸੁਗੰਧਾ ਮਿਸ਼ਰਾ ਦੇ ਖ਼ਿਲਾਫ਼ ਕੇਸ ਹੋਇਆ ਦਰਜ,ਪੜ੍ਹੋ ਕਿਉਂ ?

ਪੰਜਾਬ ਨੇ ਗ਼ੈਰ -ਸਰਕਾਰੀ ਸੰਗਠਨਾਂ ਰਾਹੀਂ ਲੋੜਵੰਦਾਂ ਦੀ ਸਹਾਇਤਾ ਲਈ 10 ਕਰੋੜ ਰੁਪਏ ਅਲਾਟ ਕੀਤੇ: ਮੁੱਖ ਸਕੱਤਰ