…. ਕਾਂਗਰਸ ਸਰਕਾਰ ਦੇ ਆਗੂ ਸੱਤਾ ਦੀ ਲੜਾਈ ਛੱਡ ਕੇ ਕੋਰੋਨਾ ਮਹਾਮਾਰੀ ਨਾਲ ਨਜਿੱਠਣ ਲਈ ਯਤਨ ਕਰਨ: ਮੀਤ ਹੇਅਰ
ਚੰਡੀਗੜ੍ਹ, 7 ਮਈ 2021 – ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਕਾਫ਼ਲੇ ਵਿੱਚ ਅੱਜ ਹੋਰ ਵਾਧਾ ਹੋਇਆ ਜਦੋਂ ਕਾਂਗਰਸ ਪਾਰਟੀ ਦੇ ਸਾਬਕਾ ਮੰਤਰੀ ਦੇ ਬੇਟੇ ਸਮੇਤ ਭਾਜਪਾ ਦੀ ਗੁਰਦਾਸਪੁਰ ਤੋਂ ਜ਼ਿਲ੍ਹਾ ਜਨਰਲ ਸਕੱਤਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਨੌਜਵਾਨ ਵਿੰਗ ਦੇ ਸੂਬਾ ਪ੍ਰਧਾਨ ਗੁਰਮੀਤ ਸਿੰਘ ਮੀਤ ਹੇਅਰ ਅਤੇ ਪਾਰਟੀ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਨੇ ਇਨ੍ਹਾਂ ਆਗੂਆਂ ਦਾ ਪਾਰਟੀ ’ਚ ਸਵਾਗਤ ਕੀਤਾ।
ਵਿਧਾਇਕ ਮੀਤ ਹੇਅਰ ਨੇ ਕਿਹਾ ਕਿ ਦਿੱਲੀ ਵਿਚਲੀ ਅਰਵਿੰਦਰ ਕੇਜਰੀਵਾਲ ਸਰਕਾਰ ਦੀਆਂ ਨੀਤੀਆਂ ਅਤੇ ਕੰਮਾਂ ਤੋਂ ਪੰਜਾਬ ਦੇ ਲੋਕ ਬਹੁਤ ਪ੍ਰਭਾਵਿਤ ਹਨ ਅਤੇ ਉਹ ਵੀ ਚਾਹੁੰਦੇ ਹਨ ਕਿ ਪੰਜਾਬ ਵਿੱਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਕੇਜਰੀਵਾਲ ਸਰਕਾਰ ਨੇ ਦਿੱਲੀ ਦੇ ਲੋਕਾਂ ਦੀ ਜਾਨ ਬਚਾਉਣ ਲਈ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਖ਼ਿਲਾਫ਼ ਆਦਲਤ ਵਿੱਚ ਵੀ ਲੜਾਈ ਲੜੀ ਹੈ।
ਕੇਜਰੀਵਾਲ ਨੇ ਦੁਕਾਨਦਾਰਾਂ, ਟੈਕਸੀ, ਆਟੋ ਚਾਲਕਾਂ ਸਮੇਤ ਆਮ ਮਜਦੂਰਾਂ ਨੂੰ ਵੀ ਵਿੱਤੀ ਅਤੇ ਰਾਸ਼ਣ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਰੇਤ ਮਾਫੀਆ, ਸ਼ਰਾਬ ਮਾਫੀਆ, ਟਰਾਂਸਪੋਰਟ ਮਾਫੀਆ ਸਮੇਤ ਕੇਬਲ ਮਾਫੀਆ ਤੋਂ ਪ੍ਰਸ਼ਾਨ ਹੋ ਚੁਕੇ ਹਨ ਅਤੇ ਉਹ ਇਸ ਮਾਫੀਆ ਰਾਜ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਨ। ਵਿਧਾਇਕ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਗਵਾਈ ਵਾਲੀ ਕਾਂਗਰਸ ਸਰਕਾਰ ਦੇ ਆਗੂਆਂ ਨੂੰ ਸੱਤਾ ਦੀ ਲੜਾਈ ਛੱਡ ਕੇ ਕੋਰੋਨਾ ਮਹਾਮਾਰੀ ਨਾਲ ਨਜਿੱਠਣ ਲਈ ਯਤਨ ਕਰਨੇ ਚਾਹੀਦੇ ਹਨ।
ਮੀਤ ਹੇਅਰ ਨੇ ਦੱਸਿਆ ਕਿ ਰਾਜਾਸਾਂਸੀ ਤੋਂ ਜੈਦੀਪ ਸਿੰਘ ਸੰਧੂ, ਜੋ ਕਿ ਪੰਜਾਬ ਦੇ ਸਾਬਕਾ ਮੰਤਰੀ ਪਰਮਿੰਦਰ ਸਿੰਘ ਸੰਧੂ ਦੇ ਬੇਟੇ ਅਤੇ ਰਾਜਾਸਾਂਸੀ ’ਚ ਯੂਥ ਕਾਂਗਰਸ ਦੇ ਉਪ ਪ੍ਰਧਾਨ ਸਨ ਅੱਜ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਏ ਹਨ। ਇਨ੍ਹਾਂ ਤੋਂ ਇਲਾਵਾ ਮੈਡਮ ਰਿੰਕੀ ਨੈਬ, ਜਿਹੜੇ ਗੁਰਦਾਸਪੁਰ ਵਿੱਚ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਸਕੱਤਰ ਹਨ ਆਮ ਆਦਮੀ ਪਾਰਟੀ ਦੇ ਪਰਿਵਾਰ ’ਚ ਸ਼ਾਮਲ ਹੋਏ ਹਨ। ਉਨ੍ਹਾਂ ਕਿਹਾ ਕਿ ਪਾਰਟੀ ’ਚ ਸ਼ਾਮਲ ਹੋਏ ਆਗੂਆਂ ਨੇ ਹਰ ਤਰ੍ਹਾਂ ਆਪ ਦਾ ਸਾਥ ਦੇਣ ਦਾ ਵਾਅਦਾ ਕਰਦਿਆਂ ਕਿ 2022 ਵਿੱਚ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਜਾਵੇਗੀ।
ਆਪ ਦੇ ਸੂਬਾਈ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਨੇ ਕਿਹਾ ਸੂਬੇ ’ਚ ਵਧਦੀ ਮਹਿੰਗਾਈ, ਬਿਜਲੀ ਤੇ ਪਾਣੀ ਦੇ ਬਿਲਾਂ ਨੇ ਆਮ ਆਦਮੀ ਦਾ ਲੱਕ ਤੋੜ ਦਿੱਤਾ ਹੈ, ਪਰ ਕੈਪਟਨ ਸਰਕਾਰ ਦੇ ਮੰਤਰੀ ਆਪਣੀਆਂ ਜੇਬਾਂ ਭਰਨ ਵਿੱਚ ਲੱਗੇ ਹੋਏ ਹਨ। ਗੁਰੂ ਗਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ’ਚ ਪੰਜਾਬ ਦੇ ਲੋਕਾਂ ਨੂੰ ਇਨਸਾਫ਼ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਪਾਰਟੀ ’ਚ ਸ਼ਾਮਲ ਹੋਏ ਆਗੂਆਂ ਨੂੰ ਪਾਰਟੀ ਵਿੱਚ ਬਣਦਾ ਮਾਨ ਸਨਮਾਨ ਦਿੱਤਾ ਜਾਵੇਗਾ, ਕਿਉਂਕਿ ਇਹ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ।