ਚੰਡੀਗੜ੍ਹ, 7 ਮਈ 2021 – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਮੈਡੀਕਲ ਸਿੱਖਿਆ ਮੰਤਰੀ ਓ.ਪੀ. ਸੋਨੀ ਨੂੰ ਹਦਾਇਤ ਕੀਤੀ ਕਿ ਉਹ ਬਠਿੰਡਾ ਸਿਵਲ ਹਸਪਤਾਲ ਵਿੱਚ ਕੈਂਸਰ ਦੇ ਮਰੀਜ਼ਾਂ ਨੂੰ ਕੀਮੋਥੈਰੇਪੀ ਮੁਹੱਈਆ ਕਰਾਉਣ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਉਣ ਜਦੋਂਕਿ ਜ਼ਿਲ੍ਹੇ ਦੇ ਕੈਂਸਰ ਹਸਪਤਾਲ ਨੂੰ ਕੋਵਿਡ ਮਰੀਜ਼ਾਂ ਲਈ ਐਲ 3 ਸਹੂਲਤ ਵਜੋਂ ਵਰਤਣਾ ਜਾਰੀ ਰੱਖਿਆ ਜਾਵੇ।
ਇਹ ਨਿਰਦੇਸ਼ ਕੋਵਿਡ ਸਮੀਖਿਆ ਮੀਟਿੰਗ ਦੌਰਾਨ ਸਿਹਤ ਮੰਤਰੀ ਵੱਲੋਂ ਕੈਂਸਰ ਹਸਪਤਾਲ ਨੂੰ ਪ੍ਰਸ਼ਾਸਨ ਵੱਲੋਂ ਕੋਵਿਡ ਸਹੂਲਤ ਵਜੋਂ ਵਰਤਣ ਕਾਰਨ ਕੈਂਸਰ ਦੇ ਮਰੀਜ਼ਾਂ ਨੂੰ ਹੋਣ ਵਾਲੀਆਂ ਸਮੱਸਿਆਵਾਂ ਬਾਰੇ ਚਿੰਤਾ ਜ਼ਾਹਰ ਕਰਨ ਉਪਰੰਤ ਜਾਰੀ ਕੀਤਾ ਗਿਆ।
ਮੁੱਖ ਸਕੱਤਰ ਵੱਲੋਂ ਬਠਿੰਡਾ ਵਿੱਚ ਕੋਈ ਹੋਰ ਐਲ 3 ਸਹੂਲਤ ਨਾ ਹੋਣ ਦੀ ਸੂਰਤ ਵਿੱਚ ਕੈਂਸਰ ਹਸਪਤਾਲ ਨੂੰ ਕੋਵਿਡ ਸਹੂਲਤ ਵਜੋਂ ਵਰਤਣ ਲਈ ਲਏ ਗਏ ਫੈਸਲੇ ਦੀ ਹਮਾਇਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕੈਂਸਰ ਦੇ ਜਿੰਨਾ ਮਰੀਜ਼ਾਂ ਨੂੰ ਨਿਯਮਤ ਤੌਰ ‘ਤੇ ਦਰਦ ਪ੍ਰਬੰਧਨ ਦੀ ਲੋੜ ਹੁੰਦੀ ਹੈ ਉਨ੍ਹਾਂ ਲਈ ਕੁਝ ਬਦਲਵੇਂ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ।
ਇਸ ਤੋਂ ਪਹਿਲਾਂ ਮੁੱਖ ਸਕੱਤਰ ਵਿਨੀ ਮਹਾਜਨ ਨੇ ਕਿਹਾ ਕਿ ਕੈਂਸਰ ਹਸਪਤਾਲ ਦੇ 25 ਬੈੱਡ ਕੋਵਿਡ-19 ਮਰੀਜ਼ਾਂ ਲਈ ਵਰਤੇ ਜਾ ਰਹੇ ਹਨ ਕਿਉਂਕਿ ਬਠਿੰਡਾ ਏਮਜ਼ ਐੱਲ 3 ਦੇ ਇਲਾਜ ਲਈ ਉਪਲਬਧ ਨਹੀਂ ਹੈ ਅਤੇ ਦੱਖਣੀ ਪੰਜਾਬ ਦੇ ਮਰੀਜ਼ਾਂ ਨੂੰ ਇਲਾਜ ਲਈ ਅਜਿਹੀ ਕੋਈ ਹੋਰ ਸਹੂਲਤ ਉਪਲਬਧ ਨਾ ਹੋਣ ਕਰਕੇ ਗੰਭੀਰ ਮਰੀਜ਼ਾਂ ਨੂੰ ਇਲਾਜ ਲਈ ਲੁਧਿਆਣਾ ਜਾਂ ਪਟਿਆਲਾ ਵਿਖੇ ਜਾਣਾ ਪੈਂਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇੱਥੇ ਕੈਂਸਰ ਦੇ 40 ਮਰੀਜ਼ ਹਨ ਜੋ ਕੈਂਸਰ ਹਸਪਤਾਲ ਜਾਂਦੇ ਹਨ ਅਤੇ ਇੱਕ ਵੱਖਰੇ ਆਉਣ ਅਤੇ ਬਾਹਰ ਜਾਣ ਦੇ ਰਾਸਤੇ ਨਾਲ ਵੱਖਰੇ ਖੇਤਰ ਵਿੱਚ ਇਲਾਜ ਕਰਵਾਉਂਦੇ ਹਨ ਜਿਸ ਨਾਲ ਉਨ੍ਹਾਂ ਨੂੰ ਕੋਵਿਡ ਸਬੰਧੀ ਕੋਈ ਖਤਰਾ ਨਹੀਂ ਹੁੰਦਾ।
ਮੁੱਖ ਮੰਤਰੀ ਨੇ ਹਦਾਇਤ ਕੀਤੀ ਕਿ ਸਿਵਲ ਹਸਪਤਾਲ ਵਿਖੇ ਕੈਂਸਰ ਦੇ ਮਰੀਜ਼ਾਂ ਨੂੰ ਇਹ ਇਲਾਜ ਮੁਹੱਈਆ ਕਰਵਾਉਣ ਲਈ ਕਦਮ ਚੁੱਕੇ ਜਾਣੇ ਚਾਹੀਦੇ ਹਨ ਤਾਂ ਜੋ ਐਲ 3 ਕੋਵਿਡ ਮਰੀਜ਼ਾਂ ਲਈ ਵਧੇਰੇ ਬੈੱਡ ਉਪਲਬਧ ਹੋ ਸਕਣ।