ਚੰਡੀਗੜ੍ਹ, 8 ਮਈ 2021 – ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਅਨੁਸਾਰ ਪੰਜਾਬ ਸਰਕਾਰ ਵੱਲੋਂ ਅੱਜ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਦਾ ਗਠਨ ਕੀਤਾ ਗਿਆ ਜਿਸ ਵਿੱਚ ਸੀਨੀਅਰ ਆਈ.ਪੀ.ਐਸ. ਅਧਿਕਾਰੀ ਸ਼ਾਮਲ ਕੀਤੇ ਗਏ ਹਨ। ਅਦਾਲਤ ਦੇ ਆਦੇਸ਼ਾਂ ਅਨੁਸਾਰ ਟੀਮ ਨੂੰ ਕੋਟਕਪੂਰਾ ਗੋਲੀਬਾਰੀ ਕਾਂਡ ਦੀ ਜਾਂਚ ਨੂੰ ਤਰਜੀਹੀ ਆਧਾਰ ‘ਤੇ ਛੇ ਮਹੀਨਿਆਂ ਵਿੱਚ ਮੁਕੰਮਲ ਕਰਨ ਲਈ ਨਿਰਦੇਸ਼ ਦਿੱਤੇ ਗਏ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਨਵੀਂ ਗਠਿਤ ਐਸ.ਆਈ.ਟੀ. ਵਿੱਚ ਏਡੀਜੀਪੀ/ਵਿਜੀਲੈਂਸ ਬਿਊਰੋ ਐਲ.ਕੇ. ਯਾਦਵ, ਪੁਲਿਸ ਕਮਿਸ਼ਨਰ ਲੁਧਿਆਣਾ ਰਾਕੇਸ਼ ਅਗਰਵਾਲ ਅਤੇ ਡੀਆਈਜੀ ਫਰੀਦਕੋਟ ਰੇਂਜ ਸੁਰਜੀਤ ਸਿੰਘ ਸ਼ਾਮਲ ਹਨ ਜੋ ਕੋਟਕਪੂਰਾ ਗੋਲੀਬਾਰੀ ਦੀਆਂ ਘਟਨਾਵਾਂ ਦੇ ਸਬੰਧ ਵਿਚ ਦਰਜ ਦੋ ਐਫਆਈਆਰਜ਼ (ਮਿਤੀ 14 ਅਕਤੂਬਰ 2015 ਅਤੇ 7 ਅਗਸਤ, 2018) ਦੀ ਜਾਂਚ ਕਰਨਗੇ। ਗ੍ਰਹਿ ਵਿਭਾਗ ਵੱਲੋਂ ਜਾਰੀ ਕੀਤੇ ਗਏ ਆਦੇਸ਼ਾਂ ਦੇ ਅਨੁਸਾਰ ਐਸ.ਆਈ.ਟੀ. ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਨਿਰਦੇਸ਼ਾਂ ਦੀ ਪੂਰੀ ਪਾਲਣਾ ਨੂੰ ਯਕੀਨੀ ਬਣਾਏਗੀ ਜਿਸ ਵਿੱਚ ਕਿਹਾ ਗਿਆ ਹੈ ਕਿ ਇਸ ਜਾਂਚ ਵਿੱਚ ਕੋਈ ਵੀ ਅੰਦਰੂਨੀ ਜਾਂ ਬਾਹਰੀ ਤੌਰ ‘ਤੇ ਦਖਲ ਨਹੀਂ ਦਿੱਤਾ ਜਾਣਾ ਚਾਹੀਦਾ।
ਇਸ ਆਦੇਸ਼ ਵਿਚ ਸਪੱਸ਼ਟ ਤੌਰ ‘ਤੇ ਕਿਹਾ ਗਿਆ ਹੈ ਕਿ ਐਸ.ਆਈ.ਟੀ. ਸਾਂਝੇ ਤੌਰ ‘ਤੇ ਕੰਮ ਕਰੇਗੀ ਅਤੇ ਇਸਦੇ ਸਾਰੇ ਮੈਂਬਰ ਤਫ਼ਤੀਸ਼ ਦੀ ਸਾਰੀ ਕਾਰਵਾਈ ਅਤੇ ਅੰਤਮ ਰਿਪੋਰਟ ‘ਤੇ ਆਪਣੇ ਦਸਤਖਤ ਕਰਨਗੇ। ਇਸ ਦੇ ਨਾਲ ਹੀ ਆਦੇਸ਼ ਵਿਚ ਕਿਹਾ ਗਿਆ ਹੈ ਕਿ ਐਸ.ਆਈ.ਟੀ. ਦੇ ਮੈਂਬਰਾਂ ਨੂੰ ਵੀ ਗਵਾਹ ਜਾਂਚ ਅਧਿਕਾਰੀ ਵਜੋਂ ਸੂਚੀ ਵਿਚ ਸ਼ਾਮਲ ਕੀਤਾ ਜਾਵੇਗਾ।
ਆਦੇਸ਼ ਵਿੱਚ ਅੱਗੇ ਕਿਹਾ ਗਿਆ ਹੈ ਕਿ ਕਾਨੂੰਨ ਮੁਤਾਬਕ ਐਸ.ਆਈ.ਟੀ. ਜਾਂਚ ਸਬੰਧੀ ਸੂਬੇ ਦੀ ਕਿਸੇ ਵੀ ਕਾਰਜਕਾਰੀ ਜਾਂ ਪੁਲਿਸ ਅਥਾਰਟੀ ਨੂੰ ਰਿਪੋਰਟ ਨਹੀਂ ਕਰੇਗੀ ਅਤੇ ਸਿਰਫ਼ ਸਬੰਧਤ ਮੈਜਿਸਟਰੇਟ ਨੂੰ ਹੀ ਰਿਪੋਰਟ ਕਰੇਗੀ। ਐਸ.ਆਈ.ਟੀ. ਦੇ ਮੈਂਬਰਾਂ ਨੂੰ ਜਾਂਚ ਦਾ ਕੋਈ ਹਿੱਸਾ ਲੀਕ ਨਾ ਕਰਨ ਅਤੇ ਜਾਂਚ ਦੇ ਵੱਖ-ਵੱਖ ਪਹਿਲੂਆਂ ਬਾਰੇ ਮੀਡੀਆ ਨਾਲ ਗੱਲਬਾਤ ਨਾ ਕਰਨ ਸਬੰਧੀ ਹਦਾਇਤ ਕੀਤੀ ਗਈ ਹੈ। ਇਸ ਤੋਂ ਇਲਾਵਾ, ਐਸ.ਆਈ.ਟੀ. ਦੇ ਮੈਂਬਰ ਚੱਲ ਰਹੀ ਜਾਂਚ ਬਾਰੇ ਕਿਸੇ ਵੱਲੋਂ ਪ੍ਰਗਟ ਕੀਤੇ ਕਿਸੇ ਸ਼ੱਕ ਜਾਂ ਰਾਏ ਦਾ ਸਿੱਧਾ ਜਾਂ ਅਸਿੱਧੇ ਤੌਰ ‘ਤੇ ਜਵਾਬ ਨਹੀਂ ਦੇਣਗੇ।
ਬੁਲਾਰੇ ਨੇ ਕਿਹਾ ਕਿ ਐਸ.ਆਈ.ਟੀ. ਨੂੰ ਜਾਂਚ ਦੇ ਉਦੇਸ਼ ਨਾਲ ਦੂਜੇ ਵਿਅਕਤੀਆਂ ਅਤੇ ਮਾਹਰਾਂ ਦੀ ਸਹਾਇਤਾ ਲੈਣ ਦਾ ਅਧਿਕਾਰ ਦਿੱਤਾ ਗਿਆ ਹੈ।