ਪੰਜਾਬ ਪੁਲਿਸ ਵੱਲੋ ਗੈਂਗਸਟਰ ਗੈਵੀ ਦੇ ਪੰਜ ਸਾਥੀ ਗ੍ਰਿਫ਼ਤਾਰ, ਹੈਰੋਇਨ, 3 ਪਿਸਟਲ ਅਤੇ 3 ਵਾਹਨ ਬਰਾਮਦ

  • ਗੈਂਗਸਟਰ ਗੈਵੀ ਨੇ ਖੁਲਾਸਾ ਕੀਤਾ ਕਿ ਉਹ ਜਾਅਲੀ ਪਾਸਪੋਰਟ ਹਾਸਲ ਕਰਨ ਵਿਚ ਕਾਮਯਾਬ ਹੋ ਗਿਆ ਸੀ ਅਤੇ ਪੁਰਤਗਾਲ ਵਿਚ ਵੱਸਣ ਦੀ ਯੋਜਨਾ ਬਣਾ ਰਿਹਾ ਸੀ: ਡੀਜੀਪੀ ਪੰਜਾਬ
  • ਪਾਕਿਸਤਾਨ ਅਧਾਰਤ ਤਸਕਰ ਭਾਰਤ ਵਿੱਚ ਹੈਰੋਇਨ ਅਤੇ ਹਥਿਆਰਾਂ ਦੀ ਤਸਕਰੀ ਲਈ ਲਈ ਗੈਂਗਸਟਰਾਂ ਦੀ ਵਰਤੋਂ ਕਰ ਰਹੇ ਹਨ

ਚੰਡੀਗੜ੍ਹ, 8 ਮਈ 2021 – ਗੈਂਗਸਟਰ-ਕਮ-ਨਸ਼ਾ ਤਸਕਰ ਗੈਵੀ ਵੱਲੋਂ ਕੀਤੇ ਖੁਲਾਸੇ ‘ਤੇ ਕਾਰਵਾਈ ਕਰਦਿਆਂ ਪੰਜਾਬ ਪੁਲਿਸ ਨੇ ਅੱਜ ਉਸ ਦੇ ਪੰਜ ਸਾਥੀਆਂ ਦੀ ਗ੍ਰਿਫਤਾਰੀ ਕਰਕੇ ਉਸ ਦੇ ਸਾਰੇ ਮਡਿਊਲ ਦਾ ਪਰਦਾਫਾਸ਼ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਲੋੜੀਂਦੇ ਗੈਂਗਸਟਰ ਜੈਪਾਲ ਦੇ ਕਰੀਬੀ ਸਹਿਯੋਗੀ ਗੈਵੀ ਸਿੰਘ ਉਰਫ਼ ਵਿਜੈ ਉਰਫ਼ ਗਿਆਨੀ ਨੂੰ 26 ਅਪ੍ਰੈਲ, 2021 ਨੂੰ ਝਾਰਖੰਡ ਦੇ ਸਰਾਏ ਕਿਲ੍ਹਾ ਖਰਸਾਵਾ ਜ਼ਿਲ੍ਹੇ ਤੋਂ ਪੰਜਾਬ ਪੁਲਿਸ ਦੇ ਸੰਗਠਿਤ ਅਪਰਾਧ ਕੰਟਰੋਲ ਯੂਨਿਟ (ਓ.ਸੀ.ਸੀ.ਯੂ.) ਅਤੇ ਐਸ.ਏ.ਐਸ. ਨਗਰ ਪੁਲਿਸ ਵੱਲੋਂ ਇੱਕ ਸਾਂਝੇ ਅਭਿਆਨ ਦੌਰਾਨ ਗ੍ਰਿਫਤਾਰ ਕੀਤਾ ਗਿਆ ਸੀ।

ਗ੍ਰਿਫ਼ਤਾਰ ਕੀਤੇ ਵਿਅਕਤੀਆਂ ਦੀ ਪਛਾਣ ਕਰਨਬੀਰ ਸਿੰਘ ਵਾਸੀ ਪਿੰਡ ਅਕਬਰਪੁਰਾ, ਹਰਮਨਜੀਤ ਸਿੰਘ ਵਾਸੀ ਪਿੰਡ ਜੋਹਲਾ, ਗੁਰਜਸਪ੍ਰੀਤ ਸਿੰਘ ਵਾਸੀ ਪਿੰਡ ਬਠਲ ਭਾਈ ਕੇ ਅਤੇ ਰਵਿੰਦਰ ਇਕਬਾਲ ਸਿੰਘ ਵਾਸੀ ਹੰਸਲਾਵਾਲਾ (ਇਹ ਸਾਰੇ ਪਿੰਡ ਜ਼ਿਲ੍ਹਾ ਤਰਨ ਤਾਰਨ ਨਾਲ ਸਬੰਧਤ ਹਨ) ਅਤੇ ਸੈਮੂਅਲ ਉਰਫ਼ ਸੈਮ ਵਾਸੀ ਫਿਰੋਜ਼ਪੁਰ ਵਜੋਂ ਕੀਤੀ ਗਈ ਹੈ। ਸਾਰੇ ਮੁਲਜ਼ਮਾਂ ਖਿਲਾਫ਼ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕਈ ਅਪਰਾਧਿਕ ਕੇਸ ਦਰਜ ਹਨ।

ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ), ਪੰਜਾਬ ਸ੍ਰੀ ਦਿਨਕਰ ਗੁਪਤਾ ਨੇ ਦੱਸਿਆ ਕਿ ਪੁਲਿਸ ਨੇ ਖਰੜ ਦੇ ਅਰਬਨ ਹੋਮਜ਼-2 ਵਿਖੇ ਸਥਿਤ ਗੈਵੀ ਦੇ ਕਿਰਾਏ ਦੇ ਫਲੈਟ ਤੋਂ 1.25 ਕਿੱਲੋ ਹੈਰੋਇਨ ਬਰਾਮਦ ਕੀਤੀ ਹੈ। ਇਸ ਤੋਂ ਇਲਾਵਾ ਉਸ ਦੇ ਵੱਖ-ਵੱਖ ਟਿਕਾਣਿਆਂ ਤੋਂ 3 ਪਿਸਟਲਾਂ ਜਿਹਨਾਂ ਵਿੱਚੋਂ ਇੱਖ .30 ਕੈਲੀਬਰ ਚੀਨੀ ਪਿਸਟਲ ਅਤੇ ਦੋ .32 ਕੈਲੀਬਰ ਪਿਸਟਲ ਅਤੇ 23 ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਟੋਇਟਾ ਫਾਰਚੂਨਰ, ਮਹਿੰਦਰਾ ਸਕਾਰਪੀਓ ਅਤੇ ਹੁੰਡਈ ਵਰਨਾ ਸਮੇਤ ਤਿੰਨ ਵਾਹਨ ਵੀ ਬਰਾਮਦ ਕੀਤੇ ਗਏ ਹਨ ਜੋ ਕਿ ਨਸ਼ਿਆਂ ਦੀ ਤਸਕਰੀ ਲਈ ਵਰਤੇ ਜਾਂਦੇ ਸਨ।

ਉਹਨਾਂ ਦੱਸਿਆ ਸੈਮੂਅਲ, ਜੋ ਕਿ ਜਮਸ਼ੇਦਪੁਰ ਵਿੱਚ ਗੈਵੀ ਦੇ ਨਾਲ ਰਹਿ ਰਿਹਾ ਸੀ, ਗੈਵੀ ਦੀ ਗ੍ਰਿਫਤਾਰੀ ਤੋਂ ਪਹਿਲਾਂ ਦਿੱਲੀ ਫਰਾਰ ਹੋਣ ਵਿੱਚ ਸਫ਼ਲ ਹੋ ਗਿਆ ਸੀ। ਉਹਨਾਂ ਅੱਗੇ ਦੱਸਿਆ ਕਿ ਸੈਮੂਅਲ ਪਾਕਿਸਤਾਨ ਤੋਂ ਲਿਆਂਦੀ ਹੈਰੋਇਨ ਦੀ ਵੰਡ ਕਰਨ ਦਾ ਕੰਮ ਸੰਭਾਲ ਰਿਹਾ ਸੀ।

ਡੀਜੀਪੀ ਨੇ ਕਿਹਾ ਕਿ ਚੱਲ ਰਹੀ ਜਾਂਚ ਦੌਰਾਨ ਗੈਵੀ ਨੇ ਖੁਲਾਸਾ ਕੀਤਾ ਕਿ ਉਸ ਨੇ ਪਿਛਲੇ ਢਾਈ ਸਾਲਾਂ ਦੌਰਾਨ ਪਾਕਿਸਤਾਨ ਤੋਂ ਹਥਿਆਰਾਂ ਸਮੇਤ 500 ਕਿੱਲੋ ਤੋਂ ਵੱਧ ਹੈਰੋਇਨ ਦੀ ਤਸਕਰੀ ਕੀਤੀ ਹੈ। ਇਹਨਾਂ ਹਥਿਆਰਾਂ ਅਤੇ ਹੈਰੋਇਨ ਦੀ ਸਪਲਾਈ ਪੰਜਾਬ, ਦਿੱਲੀ ਅਤੇ ਜੰਮੂ ਕਸ਼ਮੀਰ ਦੇ ਸੂਬਿਆਂ ਵਿੱਚ ਕੀਤੀ ਜਾਂਦੀ ਸੀ।

ਗੈਵੀ ਨੇ ਦੱਸਿਆ ਕਿ ਭਾਰਤ-ਪਾਕਿ ਸਰਹੱਦ ‘ਤੇ ਇਕ ਸਮੱਗਲਿੰਗ ਬੁਨਿਆਦੀ ਢਾਂਚਾ ਮੌਜੂਦ ਹੈ ਜਿਸ ਰਾਹੀਂ ਬਹੁਤ ਸਾਰੇ ਪਾਕਿਸਤਾਨੀ ਤਸਕਰ ਭਾਰਤ ਵਿਚ ਹਥਿਆਰਾਂ ਅਤੇ ਨਸ਼ਿਆਂ ਦੀ ਤਸਕਰੀ ਕਰਦੇ ਹਨ। ਗੈਵੀ ਵੱਲੋਂ ਹਵਾਲਾ ਰੂਟ ਜਾਂ ਫਿਰ ਨਵੀਂ ਦਿੱਲੀ ਸਥਿਤ ਆਯਾਤ/ਨਿਰਯਾਤ ਕੰਪਨੀਆਂ ਰਾਹੀਂ ਭਾਰਤ, ਪਾਕਿਸਤਾਨ ਅਤੇ ਅਫਗਾਨਿਸਤਾਨ ਵਿੱਚ ਸਥਿਤ ਵਿਅਕਤੀਆਂ ਅਤੇ ਸੰਸਥਾਵਾਂ ਦੇ ਨਾਲ ਵੱਡੀ ਗਿਣਤੀ ਵਿੱਚ ਵਿੱਤੀ ਲੈਣ-ਦੇਣ ਵੀ ਕੀਤਾ ਜਾਂਦਾ ਸੀ ਜਿਸ ਦੀ ਡੂੰਘੀ ਜਾਂਚ ਕੀਤੀ ਜਾ ਰਹੀ ਹੈ।

ਡੀਜੀਪੀ ਦਿਨਕਰ ਗੁਪਤਾ ਨੇ ਕਿਹਾ, “ਗੈਵੀ ਨੇ ਇਹ ਵੀ ਕਬੂਲਿਆ ਹੈ ਕਿ ਉਸ ਨੇ ਇਕ ਟਰੈਵਲ ਏਜੰਟ ਤੋਂ ਫ਼ਰਜੀ ਵੇਰਵਿਆਂ ਨਾਲ ਜਾਅਲੀ ਭਾਰਤੀ ਪਾਸਪੋਰਟ ਹਾਸਲ ਕੀਤਾ ਸੀ ਅਤੇ ਉਹ ਪੁਰਤਗਾਲ ਵਿਚ ਵੱਸਣ ਦੀ ਯੋਜਨਾ ਬਣਾ ਰਿਹਾ ਸੀ।”

ਡੀਜੀਪੀ ਨੇ ਕਿਹਾ ਕਿ ਗੈਵੀ ਦੇ ਬੈਂਕ ਖਾਤਿਆਂ ਅਤੇ ਜਾਇਦਾਦਾਂ ਦੀ ਪਛਾਣ ਕਰ ਲਈ ਗਈ ਹੈ ਅਤੇ ਇਹ ਜਾਣਕਾਰੀ ਅਗਲੀ ਕਾਰਵਾਈ ਲਈ ਸਬੰਧਤ ਏਜੰਸੀਆਂ ਨਾਲ ਸਾਂਝੀ ਕੀਤੀ ਜਾ ਚੁੱਕੀ ਹੈ। ਗੈਂਗਸਟਰ ਗੈਵੀ ਦੇ ਹੋਰ ਸਾਥੀਆਂ ਦੀ ਵੀ ਪਛਾਣ ਕੀਤੀ ਗਈ ਹੈ ਅਤੇ ਪੰਜਾਬ ਪੁਲਿਸ ਨੇ ਇਸ ਮਾਮਲੇ ਵਿਚ ਸਾਰੇ ਮੁਲਜ਼ਮ ਵਿਅਕਤੀਆਂ ਨੂੰ ਫੜਨ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਅਦਾਕਾਰਾ ਕੰਗਨਾ ਰਨੌਤ ਨੂੰ ਹੋਇਆ ਕੋਰੋਨਾ

ਸਿੱਧੂ ਨੇ ਮੁੜ ਕੈਪਟਨ ਨੂੰ ਖੜ੍ਹਾ ਕੀਤਾ ਕਟਹਿਰੇ ‘ਚ, ਪੜ੍ਹੋ ਕੀ ਕਿਹਾ ?