ਚੰਡੀਗੜ੍ਹ, 8 ਮਈ 2021 – ਨਵਜੋਤ ਸਿੱਧੂ ਨੇ ਇਕ ਵਾਰ ਫਿਰ ਬੇਅਦਬੀ ਦੇ ਮਾਮਲੇ ‘ਤੇ ਕੈਪਟਨ ਉੱਤੇ ਸਿੱਧੇ ਨਿਸ਼ਾਨੇ ਲਾਉਂਦਿਆਂ ਕੋਟਕਪੂਰਾ ਫਾਇਰਿੰਗ ਕੇਸ ਵਿਚ ਬਣਾਈ ਨਵੀਂ ਐਸ.ਆਈ. ਟੀ. ਦੇ ਮਾਮਲੇ ‘ਚ ਕੈਪਟਨ ਅਮਰਿੰਦਰ ਸਿੰਘ ਨੂੰ ਹੀ ਕਟਹਿਰੇ ‘ਚ ਖੜ੍ਹਾ ਕਰ ਦਿੱਤਾ ਹੈ ।
ਸਿੱਧੂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਲਿਖਿਆ ਹੈ ਕਿ ਗ੍ਰਹਿ ਮੰਤਰੀ ਦੀ ਨਾਕਾਬਲੀਅਤ ਕਰ ਕੇ ਸਰਕਾਰ ਹਾਈਕੋਰਟ ਦੇ ਹੁਕਮ ਮੰਨਣ ਲਈ ਮਜਬੂਰ ਹੈ | ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਬਣਾਈ ਗਈ ਨਵੀਂ ਸਿੱਟ ‘ਤੇ ਪ੍ਰਤੀਕਿਰਿਆ ਦਿੰਦਿਆਂ ਨਵਜੋਤ ਸਿੱਧੂ ਨੇ ਆਪਣੇ ਸੋਸ਼ਲ ਅਕਾਉਂਟ ‘ਤੇ ਲਿਖਿਆ ਹੈ ਕਿ ਨਵੀਂ ਸਿੱਟ ਨੂੰ 6 ਮਹੀਨੇ ਹੋਰ ਦੇਣ ਦਾ ਮਤਲਬ ਹੈ ਸਰਕਾਰ ਦੇ ਸਭ ਤੋਂ ਵੱਡੇ ਚੋਣ ਵਾਅਦੇ ਨੂੰ ਬਦਕਿਸਮਤੀ ਨਾਲ ਆਉਣ ਵਾਲੀਆਂ ਚੋਣਾਂ ਦੀ ਆਚਾਰ ਸੰਹਿਤਾ ਲਾਗੂ ਹੋਣ ਤੱਕ ਹੋਰ ਲਟਕਾਉਣਾ। ਕਿੰਨੇ ਹੀ ਇਨਕੁਆਰੀ ਕਮਿਸ਼ਨਾਂ, ਐਸ.ਆਈ.ਟੀਜ਼ ਅਤੇ 6 ਸਾਲ ਬੀਤਣ ਤੋਂ ਬਾਅਦ, ਸਬੂਤ ਕਮਜ਼ੋਰ ਹੋ ਗਏ ਹਨ ਜਦੋਂ ਕਿ ਦੋਸ਼ੀਆਂ ਦੀ ਸਿਆਣਪ ਚ ਵਾਧਾ ਹੋ ਰਿਹਾ ਹੈ ਅਤੇ ਉਸੇ ਮਾਮਲੇ ‘ਤੇ ਦੁਹਰਾਉਣ ਵਾਲੀਆਂ ਜਾਂਚਾਂ ਕਾਰਨ ਆਪਣਾ ਬਚਾਅ ਮਜ਼ਬੂਤ ਬਣਾ ਰਹੇ ਨੇ।”