ਕੈਪਟਨ ਨੇ ਵਿੱਤ ਵਿਭਾਗ ਨੂੰ ਖੇਡ ਯੂਨੀਵਰਸਿਟੀ ਦੇ ਪਹਿਲੇ ਪੜਾਅ ਦੀ ਉਸਾਰੀ ਲਈ 60 ਕਰੋੜ ਰੁਪਏ ਜਾਰੀ ਕਰਨ ਅਤੇ ਬਜਟ ਦੀ ਅਲਾਟਮੈਂਟ ਵਧਾਉਣ ਲਈ ਦਿੱਤੇ ਨਿਰਦੇਸ਼

  • ਲੋਕ ਨਿਰਮਾਣ ਤੇ ਖੇਡ ਵਿਭਾਗ ਨੂੰ ਪ੍ਰਾਜੈਕਟ ਦੇ ਪਹਿਲਾ ਮੁਕੰਮਲ ਕਰਨ ਲਈ ਹੋਰ ਤਾਲਮੇਲ ਬਿਠਾਉਣ ਲਈ ਵੀ ਆਖਿਆ

ਚੰਡੀਗੜ੍ਹ, 11 ਮਈ 2021 – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਵਿੱਤ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਮਹਾਰਾਜਾ ਭੁਪਿੰਦਰਾ ਸਿੰਘ ਪੰਜਾਬ ਖੇਡ ਯੂਨੀਵਰਸਿਟੀ, ਪਟਿਆਲਾ ਕੈਂਪਸ ਦੀ ਪਹਿਲੇ ਪੜਾਅ ਦੀ ਉਸਾਰੀ ਲਈ ਮਨਜ਼ੂਰ ਕੀਤੀ 60 ਕਰੋੜ ਰੁਪਏ ਦੀ ਰਾਸ਼ੀ ਤੁਰੰਤ ਜਾਰੀ ਕੀਤੀ ਜਾਵੇ।
ਉਨ੍ਹਾਂ ਵਿੱਤ ਵਿਭਾਗ ਨੂੰ ਇਸ ਵੱਕਾਰੀ ਸੰਸਥਾ ਲਈ ਇਸ ਸਾਲ ਦੇ ਬਜਟ ਵਿੱਚ ਐਲਾਨੀ ਰਾਸ਼ੀ ਵਧਾਉਣ ਲਈ ਵੀ ਆਖਦਿਆਂ ਕਿਹਾ ਕਿ ਯੂਨੀਵਰਸਿਟੀ ਲਈ ਅਲਾਟ ਕੀਤੇ 15 ਕਰੋੜ ਰੁਪਏ ਬਹੁਤ ਘੱਟ ਹਨ।

ਸੂਬੇ ਦੀ ਪਹਿਲੀ ਖੇਡ ਯੂਨੀਵਰਸਿਟੀ ਦੀ ਪ੍ਰਗਤੀ ਦੀ ਵਰਚੁਅਲ ਸਮੀਖਿਆ ਕਰਦਿਆਂ ਮੁੱਖ ਮੰਤਰੀ ਨੇ ਲੋਕ ਨਿਰਮਾਣ ਮੰਤਰੀ ਵਿਜੇ ਇੰਦਰ ਸਿੰਗਲਾ ਨੂੰ ਵੀ ਆਖਿਆ ਕਿ ਕੈਂਪਸ ਦੀ ਉਸਾਰੀ ਲਈ ਇਕ ਚੀਫ ਇੰਜਨੀਅਰ ਦੀ ਡਿਊਟੀ ਲਗਾਉਂਦਿਆਂ ਉਸ ਨੂੰ ਕਿਸੇ ਚੰਗੇ ਬਾਹਰੀ ਕੰਸਲਟੈਂਟ ਨਾਲ ਵਿਚਾਰ ਵਟਾਂਦਰਾ ਕਰਕੇ ਪ੍ਰਾਜੈਕਟ ਨੂੰ ਤੇਜ਼ੀ ਨਾਲ ਮੁਕੰਮਲ ਕਰਨਾ ਯਕੀਨੀ ਬਣਾਇਆ ਜਾਵੇ।

ਉਨ੍ਹਾਂ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਵੀ ਯੂਨੀਵਰਸਿਟੀ ਦੇ ਕੰਮ ਵਿੱਚ ਤੇਜ਼ੀ ਲਿਆਉ ਲਈ ਲੋਕ ਨਿਰਮਾਣ ਵਿਭਾਗ ਨਾਲ ਤਾਲਮੇਲ ਵਾਸਤੇ ਤਿੰਨ ਮੈਂਬਰੀ ਕਮੇਟੀ ਬਣਾਉਣ ਲਈ ਆਖਿਆ। ਖੇਡ ਯੂਨੀਵਰਸਿਟੀ 2019 ਤੋਂ ਕਿਸੇ ਹੋਰ ਕੈਂਪਸ ਤੋਂ ਕੰਮ ਕਰ ਰਹੀ ਹੈ।
ਖੇਡ ਯੂਨੀਵਰਸਿਟੀ ਲਈ ਵਿਸ਼ਵ ਪੱਧਰੀ ਪਾਠਕ੍ਰਮ ਯਕੀਨੀ ਬਣਾਉਣ ਲਈ ਮੁੱਖ ਮੰਤਰੀ ਨੇ ਬਰਤਾਨੀਆ ਦੀ ਲਫਬਰੌਫ ਯੂਨੀਵਰਸਿਟੀ ਨਾਲ ਸੰਸਥਾਗਤ ਸਹਿਯੋਗ ਬਣਾਉਣ ਲਈ ਆਪਸੀ ਸਹਿਮਤੀ ਦੇ ਸਮਝੌਤੇ (ਐਮ.ਓ.ਯੂ.) ਦੇ ਖਰੜੇ ਨੂੰ ਵੀ ਪ੍ਰਵਾਨਗੀ ਦਿੱਤੀ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਪੰਜਾਬ ਨੂੰ ਖੇਡ ਧੁਰੇ ਵਜੋਂ ਵਿਕਸਤ ਹੁੰਦਾ ਦੇਖਣਾ ਚਾਹੁੰਦੇ ਹਨ। ਉਨ੍ਹਾਂ ਵਿਭਾਗ ਨੂੰ ਕੈਂਪਸ ਦੇ ਕੰਮ ਵਿੱਚ ਤੇਜ਼ੀ ਲਿਆਉਣ ਲਈ ਕਿਹਾ।
ਖੇਡ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਲੈਫਟੀਨੈਂਟ ਜਨਰਲ (ਸੇਵਾ ਮੁਕਤ) ਜੇ.ਐਸ.ਚੀਮਾ ਨੇ ਮੀਟਿੰਗ ਵਿੱਚ ਦੱਸਿਆ ਕਿ ਪਟਿਆਲਾ-ਭਾਦਸੋਂ ਰੋਡ ‘ਤੇ ਯੂਨੀਵਰਸਿਟੀ ਦੀ ਉਸਾਰੀ ਦਾ ਕੰਮ ਮੌਜੂਦਾ ਸਮੇਂ ਪੂਰੇ ਜੰਗੀ ਪੱਧਰ ਉਤੇ ਚੱਲ ਰਿਹਾ ਹੈ। ਕੈਂਪਸ 100 ਏਕੜ ਦੇ ਕਰੀਬ ਰਕਬੇ ਵਿੱਚ ਫੈਲਿਆ ਹੋਇਆ। ਮੀਟਿੰਗ ਵਿੱਚ ਦੱਸਿਆ ਗਿਆ ਕਿ ਮੌਜੂਦਾ ਸਮੇਂ 2019-20 ਸੈਸ਼ਨ ਲਈ ਦਾਖਲੇ ਕੀਤੇ ਜਾ ਚੁੱਕੇ ਹਨ ਅਤੇ 130 ਵਿਦਿਆਰਥੀਆਂ ਨੇ ਦਾਖਲਾ ਲਿਆ। ਇਸ ਸਾਲ ਦੇ ਬਜਟ ਵਿੱਚ 76 ਪੋਸਟਾਂ ਮਨਜ਼ੂਰ ਕੀਤੀਆਂ ਗਈਆਂ ਹਨ।

ਮੌਜੂਦਾ ਸਮੇਂ ਯੂਨੀਵਰਸਿਟੀ ਦੇ ਤਿੰਨ ਕਾਂਸਟੀਚਿਊਟ ਕਾਲਜ ਹਨ ਜਿਹੜੇ ਕਿ ਪ੍ਰੋ.ਗੁਰਸੇਵਕ ਸਿੰਘ ਸਰਕਾਰੀ ਕਾਲਫ ਆਫ ਫਿਜੀਕਲ ਐਜੂਕੇਸ਼ਨ, ਪਟਿਆਲਾ, ਸਰਕਾਰੀ ਆਰਟ ਐਂਡ ਸਪੋਰਟਸ ਕਾਲਜ, ਜਲੰਧਰ ਅਤੇ ਸਰਕਾਰੀ ਕਾਲਜ ਕਾਲਾ ਅਫਗਾਨਾ (ਗੁਰਦਾਸਪੁਰ) ਹਨ। ਅਗਲੇ ਦੋ ਸਾਲਾਂ ਲਈ ਬੀ.ਪੀ.ਈ.ਐਸ., ਬੀ.ਏ., ਪੀ.ਜੀ.ਡੀ.ਯੋਗਾ, ਬੀ.ਐਸ. (ਸਪੋਰਟਸ ਟੈਕਨਾਲੋਜੀ) ਤੇ ਪੀ.ਜੀ.ਡੀ.ਕੋਚਿੰਗ ਲਈ ਕੋਰਸ ਯੋਜਨਾਬੱਧ ਕੀਤੇ ਗਏ ਹਨ।

ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਨੇ ਆਪਣੀ ਮਹੱਤਵਪੂਰਨ ਯੋਜਨਾ ਵਜੋਂ ਖੇਡ ਸਾਇੰਸ, ਖੇਡ ਤਕਨਾਲੋਜੀ, ਖੇਡ ਪ੍ਰਬੰਧਨ ਅਤੇ ਖੇਡ ਕੋਚਿੰਗ ਦੇ ਖੇਤਰ ਵਿੱਚ ਸਿੱਖਿਆ ਨੂੰ ਹੁਲਾਰਾ ਦੇਣ ਲਈ ਇਸ ਵੱਕਾਰੀ ਖੇਡ ਯੂਨੀਵਰਸਿਟੀ ਦਾ ਨੀਂਹ ਪੱਥਰ 25 ਅਕਤੂਬਰ, 2020 ਨੂੰ ਰੱਖਿਆ ਸੀ। ਇਥੇ ਸਰੀਰਕ ਸਿੱਖਿਆ ਤੇ ਖੇਡ ਸਾਇੰਸ ਦੇ ਖੇਤਰ ਵਿੱਚ ਹੋਰਨਾਂ ਸੰਸਥਾਵਾਂ ਨੂੰ ਪੇਸ਼ੇਵਰ ਤੇ ਅਕਾਦਮਿਕ ਅਗਵਾਈ ਦੇਣ ਦੇ ਨਾਲ ਉਚ ਪੱਧਰੀ ਬੁਨਿਆਦੀ ਢਾਂਚੇ ਨਾਲ ਖੇਡਾਂ ਨਾਲ ਸਬੰਧਤ ਸਿੱਖਿਆ, ਸਿਖਲਾਈ ਤੇ ਖੋਜ ਖੇਤਰਾਂ ਉਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ।

ਯੂਨੀਵਰਸਿਟੀ ਖੋਜ ਅਤੇ ਪਸਾਰ ਲਈ ਸਾਰੀਆਂ ਖੇਡਾਂ ਦੇ ਉਘੇ ਅਤੇ ਹੁਨਰਮੰਦ ਖਿਡਾਰੀਆਂ ਲਈ ਸੈਂਟਰ ਆਫ ਐਕਸੀਲੈਂਸ ਵਜੋਂ ਵੀ ਕੰਮ ਕਰੇਗੀ। ਇਹ ਖੇਡਾਂ ਦੀ ਤਕਨਾਲੋਜੀ ਦੇ ਖੇਤਰ ਅਤੇ ਸਾਰੀਆਂ ਖੇਡਾਂ ਲਈ ਉਚ ਪ੍ਰਦਰਸ਼ਨ ਸਿਖਲਾਈ ਵਿੱਚ ਵੱਖ-ਵੱਖ ਪੱਧਰਾਂ ‘ਤੇ ਗਿਆਨ ਦੇ ਹੁਨਰ ਅਤੇ ਯੋਗਤਾਵਾਂ ਦੇ ਵਿਕਾਸ ਲਈ ਸਮਰੱਥਾ ਪੈਦਾ ਕਰੇਗੀ।
ਮੀਟਿੰਗ ਵਿੱਚ ਖੇਡ ਮੰਤਰੀ ਤੇ ਲੋਕ ਨਿਰਮਾਣ ਮੰਤਰੀ ਤੋਂ ਇਲਾਵਾ ਮੁੱਖ ਮੰਤਰੀ ਦੇ ਸੀਨੀਅਰ ਸਲਾਹਕਾਰ ਲੈਫਟੀਨੈਂਟ ਜਨਰਲ (ਸੇਵਾ ਮੁਕਤ) ਟੀ.ਐਸ.ਸ਼ੇਰਗਿੱਲ, ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ, ਮੁੱਖ ਸਕੱਤਰ ਵਿਨੀ ਮਹਾਜਨ, ਪ੍ਰਮੁੱਖ ਸਕੱਤਰ ਖੇਡਾਂ ਰਾਜ ਕਮਲ ਚੌਧਰੀ, ਪ੍ਰਮੁੱਖ ਸਕੱਤਰ ਖੇਡਾਂ ਕੇ.ਏ.ਪੀ. ਸਿਨਹਾ ਤੇ ਪ੍ਰਮੁੱਖ ਸਕੱਤਰ ਲੋਕ ਨਿਰਮਾਣ ਵਿਕਾਸ ਪ੍ਰਤਾਪ ਸ਼ਾਮਲ ਹੋਏ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਡੀ ਸੀ ਪਟਿਆਲਾ ਨੇ ਪੀ.ਪੀ.ਈ. ਕਿਟ ਪਾਕੇ ਕੇ ਰਾਜਿੰਦਰਾ ਹਸਪਤਾਲ ਦੇ ਕੋਵਿਡ ਵਾਰਡ ਦਾ ਖ਼ੁਦ ਲਿਆ ਜਾਇਜ਼ਾ, ਮਰੀਜ਼ਾਂ ਨਾਲ ਕੀਤੀ ਮੁਲਾਕਾਤ

ਕੈਪਟਨ ਵੱਲੋਂ ‘ਬਸੇਰਾ’ ਸਕੀਮ ਨੂੰ ਤੇਜ਼ੀ ਨਾਲ ਅਮਲ ਵਿਚ ਲਿਆਉਣ ਦੇ ਹੁਕਮ