ਬਠਿੰਡਾ,13 ਮਈ 2021 – ਬਠਿੰਡਾ ਜ਼ਿਲ੍ਹੇ ਦੇ ਪਿੰਡ ਬਾਠ ਵਿੱਚ ਇੱਕ ਵਿਧਵਾ ਔਰਤ ਨਾਲ ਬਲਾਤਕਾਰ ਕਰਨ ਦੇ ਮਾਮਲੇ ’ਚ ਬਰਖਾਸਤ ਸੀ ਆਈ ਏ ਸਟਾਫ ਵਨ ’ਚ ਦੇ ਏ ਐਸ ਆਈ ਗੁਰਵਿੰਦਰ ਸਿੰਘ ਨੇ ਖੁਦਕਸ਼ੀ ਦੀ ਕੋਸ਼ਿਸ਼ ਕੀਤੀ ਹੈ। ਹਾਲਾਂਕਿ ਥਾਣਾ ਨਥਾਣਾ ਪੁਲਿਸ ਉਸ ਨੂੰ ਫੌਰੀ ਤੌਰ ਤੇ ਸਥਾਨਕ ਹਸਪਤਾਲ ਲੈ ਗਈ ਜਿੱਥੋਂ ਮੁਢਲੀ ਸਹਾਇਤ ਉਪਰੰਤ ਥਾਣੇ ਵਾਪਿਸ ਲਿਆਂਦਾ।
ਪ੍ਰਾਪਤ ਜਾਣਕਾਰੀ ਅਨੁਸਾਰ ਜਦੋਂ ਇਸ ਏ ਐਸ ਆਈ ਨੂੰ ਆਪਣੇ ਖਿਲਾਫ ਜਬਰਜਨਾਹ ਦੇ ਦੋਸ਼ਾਂ ਤਹਿਤ ਮੁਕੱਦਮਾ ਦਰਜ ਹੋਣ ਬਾਰੇ ਜਾਣਕਾਰੀ ਮਿਲੀ ਤਾਂ ਉਸ ਨੇ ਥਾਣੇ ਦੀ ਹਵਾਲਾਤ ’ਚ ਕਿਸੇ ਤੇਜ਼ਧਾਰ ਵਸਤੂ ਨਾਲ ਆਪਣੇ ਸ਼ਰੀਰ ਦੀਆਂ ਦੋ ਥਾਵਾਂ ਤੇ ਵਾਰ ਕੀਤੇ ਜਿਸ ਨਾਲ ਉਹ ਜ਼ਖਮੀ ਹੋ ਗਿਆ। ਪਤਾ ਲੱਗਦਿਆਂ ਹੀ ਪੁਲਿਸ ਮੁਲਾਜ਼ਮਾਂ ਨੇ ਏ ਐਸ ਆਈ ਗੁਰਿਵਿੰਦਰ ਸਿੰਘ ਨੂੰ ਕਾਬੂ ਕਰ ਲਿਆ ਅਤੇ ਫੌਰੀ ਤੌਰ ਤੇ ਹਸਪਤਾਲ ਲੈ ਗਏ ਜਿੱਥੇ ਉਸ ਨੂੰ ਮੁਢਲੀ ਸਹਾਇਤਾ ਦਿੱਤੀ ਗਈ ਹੈ।
ਥਾਣਾ ਨਥਾਣਾ ਦੇ ਮੁੱਖ ਥਾਣਾ ਅਫਸਰ ਨਰਿੰਦਰ ਕੁਮਾਰ ਨੇ ਦੱਸਿਆ ਕੇ ਮੁਲਜ਼ਮ ਥਾਣੇਦਾਰ ਨੇ ਬਲੇਡ ਮਾਰ ਕੇ ਆਤਮਹੱਤਿਆ ਦੀ ਕੋਸ਼ਿਸ਼ ਕੀਤੀ ਸੀ ਜਿਸ ਨੂੰ ਵਕਤ ਰਹਿੰਦਿਆਂ ਕਾਬੂ ਕਰਕੇ ਬਚਾ ਲਿਆ ਹੈ।

ਬਠਿੰਡਾ ਵਿਖੇ ਸੀ. ਆਈ. ਏ. ਸਟਾਫ਼ ਵਿਚ ਤਾਇਨਾਤ ਥਾਣੇਦਾਰ ਨੇ ਇਕ ਨੌਜਵਾਨ ‘ਤੇ ਐਨ.ਡੀ.ਪੀ.ਐਸ. ਦਾ ਮਾਮਲਾ ਦਰਜ ਕਰਨ ਤੋਂ ਬਾਅਦ ਤੰਗ ਪ੍ਰੇਸ਼ਾਨ ਕਰ ਕੇ ਮਹਿਲਾ ਨਾਲ ਨਾਜਾਇਜ਼ ਸਬੰਧ ਬਣਾਏ। ਜ਼ਿਕਰਯੋਗ ਹੈ ਕਿ ਕੱਲ੍ਹ ਉਸ ਨੂੰ ਮਹਿਲਾ ਦੇ ਘਰ ਵਿਚ ਰੰਗੇ ਹੱਥੀਂ ਫੜ ਕੇ ਪੁਲਿਸ ਦੇ ਹਵਾਲੇ ਕੀਤਾ। ਮਹਿਲਾ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਇਸ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਏ.ਐਸ.ਆਈ. ‘ਤੇ ਪੈਸੇ ਲੈਣ ਦੇ ਵੀ ਦੋਸ਼ ਲੱਗੇ ਹਨ।
