ਟੀਕਿਆਂ ਦੀ ਘਾਟ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਕੋਵੈਕਸ ਸੰਸਥਾਨ ਨਾਲ ਜੁੜਨ ਦਾ ਫੈਸਲਾ

  • ਕੈਬਨਿਟ ਵੱਲੋਂ 18-44 ਉਮਰ ਦੇ ਉਦਯੋਗਿਕ ਕਾਮਿਆਂ ਲਈ ਕੋਵੈਕਸਿਨ ਦੀ ਖਰੀਦ ਨੂੰ ਮਨਜ਼ੂਰੀ

ਚੰਡੀਗੜ੍ਹ, 13 ਮਈ 2021 – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਵੀਰਵਾਰ ਨੂੰ ਕੋਵੈਕਸ ਸੰਸਥਾਨ ਨਾਲ ਜੁੜਨ ਦਾ ਫੈਸਲਾ ਕੀਤਾ ਤਾਂ ਜੋ ਵਧੀਆ ਕੀਮਤ ਉੱਤੇ ਕੋਵਿਡ ਦੇ ਟੀਕਿਆਂ ਦੀ ਖਰੀਦ ਲਈ ਆਲਮੀ ਪੱਧਰ ਉੱਤੇ ਪਹੁੰਚ ਬਣਾਈ ਜਾ ਸਕੇ। ਇਸ ਤਰ੍ਹਾਂ ਪੰਜਾਬ ਇਹ ਨਿਵੇਕਲੀ ਪਹਿਲ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ ਜਿਸ ਦਾ ਮਕਸਦ ਕੋਵਿਡ ਦੀ ਦੂਜੀ ਮਾਰੂ ਲਹਿਰ ਦੌਰਾਨ ਟੀਕਿਆਂ ਦੀ ਘਾਟ ਦੀ ਸਮੱਸਿਆ ਦਾ ਹੱਲ ਕਰਨਾ ਹੈ।

ਇਹ ਫੈਸਲਾ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਕੀਤਾ ਗਿਆ ਜਿਸ ਮੌਕੇ ਉਦਯੋਗਿਕ ਕਾਮਿਆਂ ਲਈ ਕੋਵੈਕਸਿਨ ਖਰੀਦਣ ਦੇ ਫੈਸਲੇ ਨੂੰ ਵੀ ਮਨਜ਼ੂਰੀ ਦਿੱਤੀ ਗਈ, ਜਿਨ੍ਹਾਂ ਦੇ ਟੀਕਾਕਰਨ ਦਾ ਖਰਚਾ ਚੁੱਕਣ ਲਈ ਉਦਯੋਗ ਜਗਤ ਨੇ ਹਾਮੀ ਭਰੀ ਹੈ। ਸੂਬਾ ਸਰਕਾਰ ਨੇ ਅਜੇ ਤੱਕ 18-44 ਉਮਰ ਵਰਗ ਲਈ ਸਿਰਫ ਕੋਵੀਸ਼ੀਲਡ ਟੀਕੇ ਦਾ ਹੀ ਆਰਡਰ ਦਿੱਤਾ ਹੈ ਪਰ ਮੌਜੂਦਾ ਫੈਸਲੇ ਨਾਲ ਕੋਵੈਕਸਿਨ ਦੇ ਆਰਡਰ ਦੇਣ ਦਾ ਰਾਹ ਵੀ ਪੱਧਰਾ ਹੋ ਗਿਆ ਹੈ।

ਸੂਬੇ ਵਿਚ ਟੀਕਾਕਰਨ ਦੀ ਮੌਜੂਦਾ ਸਥਿਤੀ ਅਤੇ ਉਪਲਬੱਧਤਾ ਦੀ ਸਮੀਖਿਆ ਕਰਦੇ ਹੋਏ ਮੰਤਰੀ ਮੰਡਲ ਨੇ ਕਿਹਾ ਕਿ ਇਸ ਟੀਕੇ ਦਾ ਆਲਮੀ ਪੱਧਰ ਉੱਤੇ ਪ੍ਰਬੰਧ ਕੀਤਾ ਜਾਣਾ ਜ਼ਰੂਰੀ ਸੀ। ਮੰਤਰੀ ਮੰਡਲ ਨੇ ਫੈਸਲਾ ਕੀਤਾ ਕਿ ਕਿਉਂ ਜੋ ਕੋਵੈਕਸ ਸੰਸਥਾਨ ਵੱਲੋਂ ਵਧੀਆ ਕੀਮਤਾਂ ਦੀ ਪੇਸ਼ਕਸ਼ ਕੀਤੀ ਜਾਂਦੀ ਹੈ ਇਸ ਲਈ ਸੂਬੇ ਨੂੰ ਕੌਮਾਂਤਰੀ ਬਾਜ਼ਾਰ ਤੋਂ ਟੀਕੇ ਖਰੀਦਣ ਲਈ ਇਸ ਸੰਸਥਾਨ ਨਾਲ ਜੁੜਨਾ ਚਾਹੀਦਾ ਹੈ। ਕੋਵੈਕਸ ਨਾਲ ਜੁੜਨ ਦਾ ਸੁਝਾਅ ਮੰਤਰੀ ਮੰਡਲ ਨੂੰ ਡਾ. ਗਗਨਦੀਪ ਕੰਗ ਨੇ ਦਿੱਤਾ ਜੋ ਟੀਕਾਕਰਨ ਸਬੰਧੀ ਪੰਜਾਬ ਦੇ ਮਾਹਿਰਾਂ ਦੇ ਸਮੂਹ ਦੀ ਮੁਖੀ ਹਨ।

ਕੋਵਿਡ-19 ਵੈਕਸੀਨਜ਼ ਗਲੋਬਲ ਐਕਸੈਸ ਜਿਸ ਨੂੰ ਕੋਵੈਕਸ ਵੀ ਕਿਹਾ ਜਾਂਦਾ ਹੈ, ਇਹ ਵਿਸ਼ਵ ਵਿਆਪੀ ਉਪਰਾਲਾ ਹੈ ਜਿਸ ਦਾ ਮਕਸਦ ਗਵੀ, ਦ ਵੈਕਸੀਨ ਐਲਾਇੰਸ, ਜੋ ਕਿ ਮਹਾਂਮਾਰੀਆਂ ਨਾਲ ਨਜਿੱਠਣ ਦੀ ਨਿਵੇਕਲੇ ਢੰਗ ਨਾਲ ਤਿਆਰੀ ਕਰਨ ਲਈ ਇਕ ਸੰਗਠਨ ਹੈ ਅਤੇ ਵਿਸ਼ਵ ਸਿਹਤ ਸੰਗਠਨ ਦੇ ਨਿਰਦੇਸ਼ਾਂ ਅਨੁਸਾਰ ਕੋਵਿਡ-19 ਟੀਕਿਆਂ ਤੱਕ ਸਭ ਦੀ ਇਕ ਸਮਾਨ ਪਹੁੰਚ ਬਣਾਉਣਾ ਹੈ।

ਇਸ ਮੌਕੇ ਸਿਹਤ ਸਕੱਤਰ ਹੁਸਨ ਲਾਲ ਨੇ ਮੰਤਰੀ ਮੰਡਲ ਨੂੰ ਜਾਣਕਾਰੀ ਦਿੱਤੀ ਕਿ ਸੂਬਾ ਸਰਕਾਰ ਵੱਲੋਂ ਆਰਡਰ ਕੀਤੀਆਂ ਗਈਆਂ ਕੋਵੀਸ਼ੀਲਡ ਦੀਆਂ 30 ਲੱਖ ਖੁਰਾਕਾਂ ਵਿਚੋਂ ਸੀਰਮ ਇੰਸਟੀਚਿਊਟ ਆਫ ਇੰਡੀਆ ਨੇ ਅਜੇ ਤੱਕ4.29 ਲੱਖ ਦੀ ਹੀ ਪੁਸ਼ਟੀ ਕੀਤੀ ਹੈ, ਜਿਨ੍ਹਾਂ ਵਿਚੋਂ 1 ਲੱਖ ਖੁਰਾਕਾਂ ਸੂਬੇ ਨੂੰ ਹਾਸਲ ਹੋ ਚੁੱਕੀਆਂ ਹਨ। ਉਨ੍ਹਾਂ ਅੱਗੇ ਖੁਲਾਸਾ ਕੀਤਾ ਕਿ ਕੇਂਦਰ ਸਰਕਾਰ ਨਾਲ ਸਬੰਧਤ ਕੁਝ ਅਦਾਰੇ ਅਤੇ ਉਦਯੋਗਿਕ ਸੰਸਥਾਨ ਆਪਣੇ ਕਾਮਿਆਂ ਦਾ ਛੇਤੀ ਟੀਕਾਕਰਨ ਕੀਤੇ ਜਾਣ ਦੀ ਬੇਨਤੀ ਕਰ ਰਹੇ ਹਨ। ਟੀਕਿਆਂ ਦੀ ਥੁੜ੍ਹ ਨੂੰ ਵੇਖਦੇ ਹੋਏ ਉਨ੍ਹਾਂ ਇਹ ਦੱਸਿਆ ਕਿ ਕੁਝ ਸੂਬਿਆਂ ਵੱਲੋਂ ਇਨ੍ਹਾਂ ਟੀਕਿਆਂ ਦੀ ਦਰਾਮਦ ਲਈ ਟੈਂਡਰ ਮੰਗੇ ਜਾ ਰਹੇ ਹਨ।

ਸਿਹਤ ਸਕੱਤਰ ਨੇ ਕੈਬਨਿਟ ਨੂੰ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ 45 ਸਾਲ ਤੋਂ ਵੱਧ ਗਰੁੱਪ ਲਈ ਕੋਵੀਸ਼ੀਲਡ ਵੈਕਸੀਨ ਦੀਆਂ 1,63,710 ਖੁਰਾਕਾਂ ਦੀ ਆਖਰੀ ਖੇਪ 9 ਮਈ ਨੂੰ ਪਹੁੰਚੀ ਸੀ ਜਿਸ ਦੀ ਕੁੱਲ ਗਿਣਤੀ 42,48,560 ਹੈ। 3,45,000 ਖੁਰਾਕਾਂ ਰੱਖਿਆ ਸੈਨਾਵਾਂ ਨੂੰ ਦਿੱਤੀਆਂ ਗਈਆਂ ਹਨ ਜਦੋਂ ਕਿ ਟੀਕਾਕਰਨ ਦੀ ਕੁੱਲ ਗਿਣਤੀ 39,03,560 ਹੈ।
45 ਸਾਲ ਤੋਂ ਵੱਧ ਵਰਗ ਲਈ ਕੋਵੈਕਸਿਨ ਦੀਆਂ 75000 ਖੁਰਾਕਾਂ ਦੀ ਆਖਰੀ ਖੇਪ 6 ਮਈ 2021 ਨੂੰ ਪਹੁੰਚੀ ਸੀ ਜਿਸ ਦੀ ਕੁੱਲ ਗਿਣਤੀ 4,09,080 ਹੈ ਜਿਨ੍ਹਾਂ ਵਿੱਚੋਂ ਅੱਜ ਤੱਕ 3,52,080 ਦੀ ਵਰਤੋਂ ਹੋ ਗਈ ਹੈ ਅਤੇ ਹੁਣ ਸਿਰਫ 57000 ਬਚੀਆਂ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕੈਪਟਨ ਵੱਲੋਂ ਹਰੇਕ ਰਜਿਸਟਰਡ ਉਸਾਰੀ ਕਾਮੇ ਨੂੰ 3000 ਰੁਪਏ ਗੁਜ਼ਾਰਾ ਭੱਤਾ ਦੇਣ ਦਾ ਐਲਾਨ

ਕੈਪਟਨ ਸੂਬੇ ਦੇ ਸਾਰੇ ਬਲਾਕਾਂ ਵਿਚ ਮਿੰਨੀ ਕੋਰੋਨਾ ਕੇਅਰ ਸੈਂਟਰ ਸਥਾਪਿਤ ਕਰੇ – ਸੁਖਬੀਰ ਬਾਦਲ