ਜਲਾਲਾਬਾਦ, 15 ਮਈ 2021 – ਬੀਤੀ 12 ਮਈ ਨੂੰ ਮੁਕਤਸਰ-ਜਲਾਲਾਬਾਦ ਰੋਡ ‘ਤੇ ਦਿਨ ਦਿਹਾੜੇ ਕੋਟਕ ਮਹਿੰਦਰਾ ਬੈਂਕ ਦੇ ਮੁਲਾਜ਼ਮਾਂ ਤੋਂ 45 ਲੱਖ ਰੁਪਏ ਖੋਹਣ ਦੀ
ਵਾਰਦਾਤ ਨੂੰ ਪੁਲੀਸ ਨੇ 72 ਘੰਟਿਆਂ ਦੇ ਦਰਮਿਆਨ ਹੱਲ ਕਰਨ ਦਾ ਦਾਅਵਾ ਕੀਤਾ ਹੈ। ਥਾਣਾ ਅਮੀਰ ਖਾਸ ਪੁਲੀਸ ਨੇ ਇਸ ਸਬੰਧ ਵਿੱਚ ਤਿੰਨ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ, ਜਿਨ੍ਹਾਂ ਵਿਚੋਂ ਦੋ ਨੂੰ ਕਾਬੂ ਕਰ ਲਿਆ ਗਿਆ ਹੈ ਜਦਕਿ ਇਕ ਆਰੋਪੀ ਫਰਾਰ ਦੱਸਿਆ ਜਾ ਰਿਹਾ ਹੈ ।
ਅੱਜ ਸਥਾਨਕ ਨਗਰ ਕੌਂਸਲ ਦਫਤਰ ਵਿਖੇ ਪ੍ਰੈੱਸ ਕਾਨਫਰੰਸ ਕਰਦਿਆਂ ਡੀ ਆਈ ਜੀ ਫਿਰੋਜ਼ਪੁਰ ਹਰਦਿਆਲ ਸਿੰਘ ਮਾਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਵਾਰਦਾਤ ਨੂੰ ਅੰਜਾਮ ਦੇਣ ਵਿਚ ਬੈਂਕ ਦਾ ਡਿਪਟੀ ਮੈਨੇਜਰ ਗੁਰਪ੍ਰਤਾਪ ਸਿੰਘ, ਡਾ ਪਰਮਜੀਤ ਸਿੰਘ ਵਾਸੀ ਪ੍ਰਭਾਤ ਸਿੰਘ ਵਾਲਾ ਉਤਾਡ਼ ਅਤੇ ਗੁਰਪ੍ਰੀਤ ਸਿੰਘ ਉਰਫ ਗੋਪੀ ਵਾਸੀ ਹੱਸਤੇ ਕੇ ਥਾਣਾ ਸਦਰ ਫਿਰੋਜ਼ਪੁਰ ਸ਼ਾਮਲ ਹਨ, ਜਿਨ੍ਹਾਂ ਵਿਚੋਂ ਦੋ ਮੁਲਜ਼ਮਾਂ ਗੁਰਪ੍ਰਤਾਪ ਸਿੰਘ ਅਤੇ ਡਾ ਪਰਮਜੀਤ ਸਿੰਘ ਨੂੰ ਕਾਬੂ ਕਰ ਲਿਆ ਗਿਆ ਹੈ ਜਦਕਿ ਗੁਰਪ੍ਰੀਤ ਸਿੰਘ ਉਰਫ ਗੋਪੀ ਅਜੇ ਤੱਕ ਫ਼ਰਾਰ ਹੈ।
ਡੀ ਆਈ ਜੀ ਹਰਦਿਆਲ ਸਿੰਘ ਮਾਨ ਨੇ ਦੱਸਿਆ ਕਿ ਦੋਸ਼ੀਆਂ ਤੋਂ 45 ਲੱਖ ਰੁਪਏ ਦੀ ਸਾਰੀ ਦੀ ਸਾਰੀ ਨਕਦੀ, ਇਕ ਰਿਵਾਲਵਰ ਬੱਤੀ ਬੋਰ ਸਮੇਤ ਜ਼ਿੰਦਾ ਕਾਰਤੂਸ ਬਰਾਮਦ ਕਰ ਲਏ ਗਏ ਹਨ। ਐਸ ਐਸ ਪੀ ਫਾਜ਼ਿਲਕਾ ਦੀਪਕ ਹਿਲੌਰੀ ਨੇ ਦੱਸਿਆ ਕਿ ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਗੁਰਪ੍ਰਤਾਪ ਸਿੰਘ ਡਿਪਟੀ ਮੈਨੇਜਰ ਕੋਟਕ ਮਹਿੰਦਰਾ ਬੈਂਕ ਅਤੇ ਦੋਸ਼ੀ ਡਾਕਟਰ ਪਰਮਜੀਤ ਸਿੰਘ ਆਪਸ ਵਿੱਚ ਕਲਾਸ ਮੇਟ ਹਨ।