- ਯੋਗੀ ਨੂੰ ਪੰਜਾਬ ਦੇ ਮਾਮਲਿਆਂ ਤੋਂ ਦੂਰ ਰਹਿਣ ਅਤੇ ਉਤਰ ਪ੍ਰਦੇਸ਼ ਵਿੱਚ ਆਪਣੇ ਲੋਕਾਂ ਦੀ ਜਾਨ ਬਚਾਉਣ ‘ਤੇ ਧਿਆਨ ਕੇਂਦਰਿਤ ਕਰਨ ਲਈ ਆਖਿਆ
ਚੰਡੀਗੜ੍ਹ, 15 ਮਈ 2021 – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨਿਚਰਵਾਰ ਨੂੰ ਯੋਗੀ ਅਦਿੱਤਿਆਨਾਥ ਵੱਲੋਂ ਪੰਜਾਬ ਵਿੱਚ ਮਲੇਰਕੋਟਲਾ ਨੂੰ 23ਵਾਂ ਜ਼ਿਲਾ ਐਲਾਨਣ ਉਤੇ ਕੀਤੇ ਭੜਕਾਊ ਟਵੀਟ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਇਸ ਨੂੰ ਭਾਜਪਾ ਦੀ ਵੰਡ-ਪਾਊ ਨੀਤੀ ਦੇ ਹਿੱਸੇ ਵਜੋਂ ਸ਼ਾਂਤਮਈ ਸੂਬੇ ਵਿੱਚ ਫਿਰਕੂ ਬਿਖੇੜਾ ਖੜ੍ਹਾ ਕਰਨ ਦੀ ਸ਼ਰਮਨਾਕ ਕੋਸ਼ਿਸ਼ ਕਰਾਰ ਦਿੱਤਾ।
ਉਤਰ ਪ੍ਰਦੇਸ਼ ਵਿੱਚ ਯੋਗੀ ਅਦਿੱਤਿਆਨਾਥ ਦੀ ਸਰਕਾਰ ਵੱਲੋਂ ਉਤਸ਼ਾਹਤ ਕੀਤੀਆਂ ਜਾ ਰਹੀਆਂ ਵੰਡ-ਪਾਊ ਨੀਤੀਆਂ ਦੇ ਮੁਕਾਬਲੇ ਪੰਜਾਬ ਵਿੱਚ ਫਿਰਕੂ ਸਦਭਾਵਨਾ ਦੀ ਗੱਲ ਆਖਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਯੋਗੀ ਅਦਿਤਿਆਨਾਥ ਨੂੰ ਪੰਜਾਬ ਦੇ ਮਾਮਲਿਆਂ ਤੋਂ ਦੂਰ ਹੀ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਉਤਰ ਪ੍ਰਦੇਸ਼ ਦੀ ਭਾਜਪਾ ਦੀ ਵੰਡ-ਪਾਊ ਤੇ ਵਿਨਾਸ਼ਕਾਰੀ ਸਰਕਾਰ ਨਾਲੋਂ ਕਿਤੇ ਵਧੀਆ ਮਾਹੌਲ ਹੈ ਜਦੋਂ ਕਿ ਉਤਰ ਪ੍ਰਦੇਸ਼ ਵਿੱਚ ਪਿਛਲੇ ਚਾਰ ਸਾਲਾਂ ਤੋਂ ਵੱਧ ਸਮੇਂ ਤੋਂ ਭਾਜਪਾ ਸਰਕਾਰ ਨੇ ਫਿਰਕੂ ਵਿਵਾਦਾਂ ਨੂੰ ਸਰਗਰਮੀ ਨਾਲ ਅੱਗੇ ਵਧਾਇਆ ਹੈ।
ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਟਵੀਟ ਜਿਸ ਵਿੱਚ ਮਲੇਰਕੋਟਲਾ ਨੂੰ ਜ਼ਿਲੇ ਦਾ ਦਰਜਾ ਦੇਣ ਨੂੰ ‘ਕਾਂਗਰਸ ਦੀ ਫੁੱਟ-ਪਾਊ ਨੀਤੀ ਦਾ ਪ੍ਰਤੀਕ’ ਦੱਸਿਆ ਸੀ, ਉਤੇ ਸਖਤ ਪ੍ਰਤੀਕਿਰਿਆ ਦਿੰਦਿਆਂ ਮੁੱਖ ਮੰਤਰੀ ਨੇ ਪੁੱਛਿਆ, ”ਉਹ (ਯੋਗੀ ਅਦਿਤਿਆਨਾਥ) ਕੀ ਜਾਣਦਾ ਹੈ ਪੰਜਾਬ ਦੇ ਸਿਧਾਂਤਾਂ ਜਾਂ ਮਲੇਰਕੋਟਲਾ ਦੇ ਇਤਿਹਾਸ ਬਾਰੇ, ਜਿਸ ਦਾ ਸਿੱਖ ਧਰਮ ਅਤੇ ਗੁਰੂ ਸਾਹਿਬਾਨ ਨਾਲ ਰਿਸ਼ਤਾ ਹਰੇਕ ਪੰਜਾਬੀ ਜਾਣਦਾ ਹੈ। ਅਤੇ ਉਹ ਭਾਰਤੀ ਸੰਵਿਧਾਨ ਨੂੰ ਕੀ ਸਮਝਦਾ ਹੈ ਜਿਹੜਾ ਕਿ ਉਤਰ ਪ੍ਰਦੇਸ਼ ਵਿੱਚ ਉਸ ਦੀ ਹੀ ਸਰਕਾਰ ਵੱਲੋਂ ਰੋਜ਼ ਹੀ ਬੇਰਹਿਮੀ ਨਾਲ ਕੁਚਲਿਆ ਜਾਂਦਾ ਹੈ।”
ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਦੀ ਟਿੱਪਣੀ ਉਤੇ ਚੁਟਕੀ ਲੈਂਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਯੋਗੀ ਅਦਿੱਤਿਆਨਾਥ ਸਰਕਾਰ ਅਤੇ ਭਾਜਪਾ ਦੇ ਫਿਰਕੂ ਨਫਰਤ ਫੈਲਾਉਣ ਦੇ ਟਰੈਕ ਰਿਕਾਰਡ ਨੂੰ ਦੇਖਦਿਆਂ ਅਜਿਹੀਆਂ ਟਿੱਪਣੀਆਂ ਸਰਾਸਰ ਬੇਤੁਕੀਆਂ ਤੇ ਬੋਲੜੀਆਂ ਹਨ। ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਖਾਸ ਕਰ ਕੇ ਉਤਰ ਪ੍ਰਦੇਸ਼ ਵਿੱਚ ਯੋਗੀ ਅਦਿਤਿਆਨਾਥ ਦੀਆਂ ਵੰਡ-ਪਾਊ ਨੀਤੀਆਂ ਨੂੰ ਸਾਰੀ ਦੁਨੀਆਂ ਜਾਣਦੀ ਹੈ। ਉਤਰ ਪ੍ਰਦੇਸ਼ ਵਿੱਚ ਮੁਗਲ ਸਰਾਏ ਦਾ ਨਾਮ ਪੰਡਿਤ ਦੀਨ ਦਿਆਲ ਉਪਾਧਿਆ ਨਗਰ, ਅਲਾਹਬਾਦ ਦਾ ਨਾਮ ਪ੍ਰਯਾਗਰਾਜ ਅਤੇ ਫੈਜ਼ਾਬਾਦ ਦਾ ਨਾਮ ਅਯੋਧਿਆ ਬਦਲਣ ਸਮੇਤ ਵੱਖ-ਵੱਖ ਸ਼ਹਿਰਾਂ ਦੇ ਨਾਮ ਬਦਲਣ ਵੱਲ ਇਸ਼ਾਰਾ ਕਰਦਿਆਂ ਉਨ੍ਹਾਂ ਨੇ ਇਸ ਸਭ ਨੂੰ ਯੋਗੀ ਸਰਕਾਰ ਵੱਲੋਂ ਇਤਿਹਾਸ ਨੂੰ ਮੁੜ ਲਿਖਣ ਦੀ ਕੋਸ਼ਿਸ਼ ਕਰਾਰ ਦਿੱਤਾ ਜਿਸ ਨੂੰ ਭਾਰਤ ਦੇ ਸ਼ਾਂਤੀ ਪਸੰਦ ਲੋਕ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ।
ਮੀਡੀਆ ਰਿਪੋਰਟਾਂ ਦਾ ਹਵਾਲਾ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਯਾਦ ਕੀਤਾ ਕਿ ਉਤਰ ਪ੍ਰਦੇਸ਼ ਲਵ ਜੇਹਾਦ ਕਾਨੂੰਨਾਂ ਨੂੰ ਪ੍ਰਵਾਨ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਸੀ ਅਤੇ ਯੋਗੀ ਅਦਿੱਤਿਆਨਾਥ ਦੀ ਤਾਜ ਮਹਿਲ ਪ੍ਰਤੀ ਖੁੱਲ੍ਹੀ ਨਫ਼ਰਤ (ਜਿਸ ਨੂੰ ਉਹ ਮੁਗਲਾਂ ਦੀ ਵਿਰਾਸਤ ਵਜੋਂ ਵੇਖਦਾ ਹੈ) ਕੌਮਾਂਤਰੀ ਮੀਡੀਆ ਵਿੱਚ ਅਲੋਚਨਾ ਦਾ ਵਿਸ਼ਾ ਰਿਹਾ ਹੈ। ਦਰਅਸਲ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਕਥਿਤ ਤੌਰ ‘ਤੇ ਹਿੰਦੂ ਯੁਵਾ ਵਾਹਨੀ ਦੇ ਸੰਸਥਾਪਕ ਹਨ ਜੋ ਗਊ ਰੱਖਿਆ ਦੇ ਨਾਂਅ ‘ਤੇ ਹਿੰਸਾ ਫੈਲਾਉਣ ਲਈ ਜ਼ਿੰਮੇਵਾਰ ਸੰਸਥਾ ਸੀ ਜਿਸ ਦੇ ਨਤੀਜੇ ਵਜੋਂ ਆਪਣੇ ਹੀ ਰਾਜ ਵਿੱਚ ਮੁਸਲਮਾਨਾਂ ਨੂੰ ਅੱਤਿਆਚਾਰ ਸਹਿਣਾ ਪਿਆ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਸਪੱਸ਼ਟ ਹੈ ਕਿ ਉਤਰ ਪ੍ਰਦੇਸ਼ ਸਰਕਾਰ ਦੇ ਮੁਖੀ ਦਾ ਮਲੇਰਕੋਟਲਾ ਬਾਰੇ ਟਵੀਟ ਇਕ ਭੜਕਾਊ ਸੰਕੇਤ ਤੋਂ ਇਲਾਵਾ ਹੋਰ ਕੁਝ ਨਹੀਂ ਸੀ, ਜਿਸ ਦਾ ਉਦੇਸ਼ ਪੰਜਾਬ ਵਿਚ ਸੰਪੂਰਨ ਇਕਜੁੱਟਤਾ ਨਾਲ ਰਹਿ ਰਹੇ ਭਾਈਚਾਰਿਆਂ ਵਿਚ ਟਕਰਾਅ ਪੈਦਾ ਕਰਨਾ ਸੀ। ਉਨ੍ਹਾਂ ਨੇ ਇਸ ਨੂੰ ਭਾਜਪਾ ਦੇ ਪੱਖ ਤੋਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਵਿਚ ਬਦਅਮਨੀ ਫੈਲਾਉਣ ਦੀ ਸਾਜਿਸ਼ ਕਰਾਰ ਦਿੱਤਾ ਜਿਨ੍ਹਾਂ ਵਿੱਚ ਸਿਰਫ ਕੁਝ ਮਹੀਨੇ ਬਾਕੀ ਹਨ। ਉਨ੍ਹਾਂ ਕਿਹਾ ਕਿ ਪਰ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਇਹ ਭੁੱਲ ਗਏ ਹਨ ਕਿ ਉਨ੍ਹਾਂ ਦੇ ਆਪਣੇ ਰਾਜ ਵੀ ਉਸੇ ਸਮੇਂ ਚੋਣਾਂ ਹੋਣ ਜਾ ਰਹੀਆਂ ਹਨ ਅਤੇ ਜੋ ਹਾਲ ਹੀ ਵਿਚ ਹੋਈਆਂ ਪੰਚਾਇਤੀ ਚੋਣਾਂ ਦੇ ਨਤੀਜੇ ਕੋਈ ਸੰਕੇਤ ਦਿੰਦੇ ਹਨ ਤਾਂ ਇੱਥੇ ਭਾਜਪਾ ਦੇ ਸਿਆਸੀ ਹਾਲਾਤ ਹੈਰਾਨ ਕਰਨ ਵਾਲੇ ਹਨ।
ਯੋਗੀ ਅਦਿੱਤਿਆਨਾਥ ਨੂੰ ਆਪਣਾ ਧਿਆਨ ਖੁਦ ਦੇ ਸੂਬੇ ਨੂੰ ਬਚਾਉਣ ‘ਤੇ ਲਗਾਉਣਾ ਚਾਹੀਦਾ ਹੈ ਜਿਥੇ ਕੋਵਿਡ ਦੇ ਹਾਲਾਤ ਸਪੱਸ਼ਟ ਤੌਰ ‘ਤੇ ਕਾਬੂ ਤੋਂ ਬਾਹਰ ਹਨ ਜਿੱਥੇ ਮਹਾਂਮਾਰੀ ਤੋਂ ਪੀੜਤ ਲੋਕਾਂ ਦੀਆਂ ਲਾਸ਼ਾਂ ਨਦੀਆਂ ਵਿੱਚ ਸੁੱਟੀਆਂ ਮਿਲ ਰਹੀਆਂ ਹਨ ਅਤੇ ਇਸ ਤਰ੍ਹਾਂ ਉਨ੍ਹਾਂ ਨੂੰ ਮਾਣ ਸਤਿਕਾਰ ਨਾਲ ਅੰਤਿਮ ਸਸਕਾਰ/ਦਫ਼ਨਾਉਣ ਦੀਆਂ ਰਸਮਾਂ ਤੋਂ ਵਾਂਝੇ ਰੱਖਿਆ ਜਾ ਰਿਹਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ”ਇਕ ਮੁੱਖ ਮੰਤਰੀ ਜਿਹੜਾ ਆਪਣੇ ਸੂਬੇ ਦੇ ਲੋਕਾਂ ਦੇ ਬੁਨਿਆਦੀ ਮਨੁੱਖੀ ਅਧਿਕਾਰਾਂ ਦੀ ਰੱਖਿਆ ਵੀ ਨਹੀਂ ਕਰ ਸਕਦਾ ਜਿੱਥੇ ਉਨ੍ਹਾਂ ਨਾਲ ਅਜਿਹੇ ਸ਼ਰਮਨਾਕ ਵਤੀਰੇ ਅਤੇ ਅਪਮਾਨ ਨਾਲ ਪੇਸ਼ ਆਉਣ ਦੀ ਆਗਿਆ ਦਿੱਤੀ ਜਾਂਦੀ ਹੈ, ਤਾਂ ਅਜਿਹੇ ਮੁੱਖ ਮੰਤਰੀ ਨੂੰ ਆਪਣੇ ਅਹੁਦੇ ‘ਤੇ ਬਣੇ ਰਹਿਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੈ।”