… ਆਪਣੀਆਂ ਨਾਕਾਮੀਆਂ ਲੋਕਾਂ ਦੇ ਸਿਰ ਪਾਉਣ ਦੀ ਥਾਂ ਕੈਪਟਨ ਉਨ੍ਹਾਂ ਉੱਤੇ ਗੰਭੀਰਤਾ ਨਾਲ ਕਰੇ ਚਰਚਾ
… ਫ਼ਹਿਤ ਕਿੱਟਾਂ, ਆਕਸੀਜਨ, ਅਤੇ ਦਵਾਈਆਂ ਦੀ ਅਣਹੋਂਦ ਨਾਲ ਜੂਝ ਰਹੇ ਨੇ ਪੰਜਾਬ ਦੇ ਲੋਕ
… ਵੱਡੇ ਦਾਅਵਿਆਂ ਦੀ ਥਾਂ ਘਰਾਂ ਵਿੱਚ ਬੈਠੇ ਗਰੀਬ ਲੋਕਾਂ, ਦੁਕਾਨਦਾਰਾਂ ਅਤੇ ਮਜ਼ਦੂਰਾਂ ਦੀ ਵਿੱਤੀ ਸਹਾਇਤਾ ਕਰੇ ਸਰਕਾਰ
ਚੰਡੀਗੜ੍ਹ, 18 ਮਈ 2021 – ਕੈਪਟਨ ਅਮਰਿੰਦਰ ਸਿੰਘ ਦੁਆਰਾ ਆਪਣੀ ਗੂੜ੍ਹੀ ਨੀਂਦ ਵਿੱਚੋਂ ਜਾਗਦਿਆ ਕਰੋਨਾ ਨਾਲ ਜੂਝ ਰਹੇ ਲੋਕਾਂ ਦੇ ਝੂਠੇ ਮਸੀਹਾ ਬਣਨ ਦੇ ਮਨਸੂਬੇ ਨਾਲ ਪੰਜਾਬ ਦੇ ਸਰਪੰਚਾਂ ਨਾਲ ਸੰਵਾਦ ਰਚਾਉਣ ਦੇ ਪਾਖੰਡ ਉੱਤੇ ਪਲਟਵਾਰ ਕਰਦਿਆਂ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਵਿਧਾਇਕ ਅਤੇ ਕਿਸਾਨ ਵਿੰਗ ਪੰਜਾਬ ਦੇ ਪ੍ਰਧਾਨ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੇਵਲ ‘ਮਨ ਕੀ ਬਾਤ’ ਕਰਨ ਦੀ ਥਾਂ ਕੋਰੋਨਾ ਮਾਮਲਿਆਂ ’ਚ ਫ਼ੇਲ ਹੋਣ ’ਤੇ ਪੰਜਾਬ ਦੇ ਲੋਕਾਂ ਕੋਲੋਂ ਮੁਆਫ਼ੀ ਮੰਗਣ ਅਤੇ ਵੱਡੇ ਦਾਅਵੇ ਕਰਨ ਦੀ ਥਾਂ ਘਰਾਂ ਵਿੱਚ ਬੈਠੇ ਗਰੀਬ ਲੋਕਾਂ, ਦੁਕਾਨਦਾਰਾਂ ਅਤੇ ਮਜ਼ਦੂਰਾਂ ਦੀ ਵਿੱਤੀ ਸਹਾਇਤਾ ਕਰਨ ਦੇ ਆਦੇਸ਼ ਜਾਰੀ ਕਰਨ।
ਮੰਗਲਵਾਰ ਨੂੰ ਪਾਰਟੀ ਦੇ ਮੁੱਖ ਦਫ਼ਤਰ ਤੋਂ ਜਾਰੀ ਇੱਕ ਬਿਆਨ ਰਾਹੀਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕੈਪਟਨ ਅਮਰਿੰਦਰ ਸਿੰਘ ’ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਨੇ ਸਾਢੇ 4 ਸਾਲ ਦੀ ਸੱਤਾ ਦੌਰਾਨ ਪਹਿਲੀ ਵਾਰ ਸਰਪੰਚਾਂ ਨਾਲ ਆਪਣੇ ਫਾਰਮ ਹਾਊਸ ਤੋਂ ਗੱਲਬਾਤ ਕੀਤੀ ਹੈ। ਜਿਸ ਤੋਂ ਪਤਾ ਚੱਲਦਾ ਹੈ ਕਿ ਕੋਰੋਨਾ ਮਹਾਮਾਰੀ ਨਾਲ ਨਜਿੱਠਣ ਵਿੱਚ ਪੂਰੀ ਤਰ੍ਹਾਂ ਫ਼ੇਲ ਹੋਣ ਤੋਂ ਕੈਪਟਨ ਅਮਰਿੰਦਰ ਸਿੰਘ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ‘ਮਨ ਕੀ ਬਾਤ’ ਕਰਨ ਦੇ ਰਾਹ ’ਤੇ ਤੁਰ ਪਏ ਹਨ। ਜੋ ਇੱਕ ਡਰਾਮੇ ਤੋਂ ਜ਼ਿਆਦਾ ਕੁੱਝ ਵੀ ਨਹੀਂ ਹੈ।
ਕੈਪਟਨ ਸਰਕਾਰ ਦੀ ਅਲੋਚਨਾ ਕਰਦਿਆਂ ਸੰਧਵਾਂ ਨੇ ਕਿਹਾ ਕਿ ਸੂਬੇ ਦੇ ਸਰਕਾਰੀ ਹਸਪਤਾਲਾਂ ਦੀਆਂ ਵਿਚਲੀਆਂ ਮਾੜੀਆਂ ਸਿਹਤ ਸਹੂਲਤਾਂ ਦਾ ਆਲਮ ਇਹ ਹੈ ਕਿ ਲੋਕ ਫ਼ਹਿਤ ਕਿੱਟਾਂ, ਆਕਸੀਜਨ, ਅਤੇ ਦਵਾਈਆਂ ਦੀ ਅਣਹੋਂਦ ਨਾਲ ਜੂਝ ਰਹੇ ਹਨ। ਸੂਬਾ ਸਰਕਾਰ ਨੇ ਸੁਚੱਜੇ ਪ੍ਰਬੰਧ ਤਾਂ ਕੀ ਕਰਨੇ ਸੀ ਕੇਂਦਰ ਸਰਕਾਰ ਵੱਲੋਂ ਭੇਜੇ ਗਏ ਵੈਂਟੀਲੇਟਰ ਖ਼ਰਾਬ ਪਏ ਹਨ। ਉਨ੍ਹਾਂ ਕਿਹਾ ਆਮ ਲੋਕਾਂ ਦੀਆਂ ਜਾਨਾਂ ਬਚਾਉਣ ਦਾ ਸਕਰਾਰ ਕੋਲ ਕੋਈ ਪ੍ਰਬੰਧ ਨਹੀਂ। ਦੂਜੇ ਪਾਸੇ ਕਾਂਗਰਸੀ ਅਤੇ ਅਕਾਲੀ ਆਗੂਆਂ ਦੀ ਸ਼ਹਿ ਪ੍ਰਾਪਤ ਪ੍ਰਾਈਵੇਟ ਹਸਪਤਾਲਾਂ ਦੇ ਮਾਲਕ ਕੋਰੋਨਾ ਪੀੜਤਾਂ ਦਾ ਇਲਾਜ ਦੇ ਨਾਂ ’ਤੇ ਆਰਥਿਕ ਸ਼ੋਸਣ ਕਰ ਰਹੇ ਹਨ, ਇਸੇ ਲਈ ਕੈਪਟਨ ਸਰਕਾਰ ਇਨਾਂ ਹਸਪਤਾਲਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕਰ ਰਹੀ।
ਵਿਧਾਇਕ ਸੰਧਵਾਂ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਨਾਲ ਨਜਿੱਠਣ ਦੀ ਜ਼ਿੰਮੇਵਾਰੀ ਸੂਬੇ ਦੇ ਲੋਕਾਂ ’ਤੇ ਸਿਰ ਪਾਉਣ ਦੀ ਥਾਂ ਕੈਪਟਨ ਸਰਕਾਰ ਆਪਣੀਆਂ ਨਾਕਾਮੀਆਂ ਉਤੇ ਚਰਚਾ ਕਰੇ ਅਤੇ ਅਸਫ਼ਲਤਾ ਲਈ ਲੋਕਾਂ ਕੋਲੋ ਮੁਆਫ਼ੀ ਮੰਗੇ। ਉਨ੍ਹਾਂ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਸਰਕਾਰੀ ਹਸਪਤਾਲਾਂ ਵਿੱਚਲੇ ਮਾੜੇ ਪ੍ਰਬੰਧਾਂ ਦੀ ਜਾਂਚ ਕਰਵਾਈ ਜਾਵੇ ਅਤੇ ਸੂਬੇ ’ਚ ਸਿਹਤ ਸੇਵਾਵਾਂ ਨੂੰ ਚੰਗਾ ਬਣਾਉਣ ਲਈ ਤੁਰੰਤ ਵੱਡੀ ਸੰਖਿਆਂ ਵਿੱਚ ਡਾਕਟਰਾਂ ਅਤੇ ਮੈਡੀਕਲ ਸਟਾਫ਼ ਦੀ ਭਰਤੀ ਕੀਤੀ ਜਾਵੇ।