- ਅਮਿਤਾਭ ਬੱਚਨ ਦੇ ਨਾਂ ‘ਤੇ ਦਿੱਲੀ ਕਮੇਟੀ ਵੱਲੋਂ ਨਿਭਾਈਆਂ ਜਾ ਰਹੀਆਂ ਮਨੁੱਖਤਾ ਲਈ ਸੇਵਾਵਾਂ ਵਿੱਚ ਵਿਘਨ ਪਾਉਣ ਵਾਲਿਆਂ ਖਿਲਾਫ ਕਾਰਵਾਈ ਮੰਗੀ
ਨਵੀਂ ਦਿੱਲੀ, 20 ਮਈ 2021 – ਇੰਦਰਾ ਗਾਂਧੀ ਤੋਂ ਸ੍ਰੀ ਅਕਾਲ ਤਖਤ ਸਾਹਿਬ ‘ਤੇ ਹਮਲਾ ਕਰਨ ਦਾ ਬਦਲਾ ਲੈਣ ਵਾਲੇ ਸ਼ਹੀਦ ਭਾਈ ਕੇਹਰ ਸਿੰਘ ਦੇ ਸਪੁੱਤਰ ਸਰਦਾਰ ਚਰਨਜੀਤ ਸਿੰਘ ਨੇ ਜਥੇਦਾਰ ਅਕਾਲ ਤਖਤ ਸਾਹਿਬ ਜੀ ਗਿਆਨੀ ਹਰਪ੍ਰੀਤ ਸਿੰਘ ਨੁੰ ਪੱਤਰ ਲਿਖ ਕੇ ਅਮਿਤਾਭ ਬੱਚਨ ਦੇ ਨਾਂ ‘ਤੇ ਮਨੁੱਖਤਾ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਵਿਚ ਵਿਘਨ ਪਾਉਣ ਵਾਲਿਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।
ਜਥੇਦਾਰ ਅਕਾਲ ਤਖਤ ਨੁੰ ਲਿਖੇ ਇਕ ਪੱਤਰ ਵਿਚ ਚਰਨਜੀਤ ਸਿੰਘ ਨੇ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਕੋਰੋਨਾ ਕਾਲ ਵਿਚ ਕੀਮਤੀ ਮਨੁੱਖੀ ਜਾਨਾਂ ਬਚਾਉਣ ਲਈ ਲਾਮਿਸਾਲ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ। ਇਹਨਾਂ ਸੇਵਾਵਾਂ ਤੋਂ ਕਮੇਟੀ ਦੇ ਵਿਰੋਧੀ ਖਾਸ ਤੌਰ ‘ਤੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ ਕੇ ਪਤਾ ਨਹੀਂ ਕਿਸ ਗੱਲੋਂ ਔਖੇ ਹਨ। ਉਹਨਾਂ ਕਿਹਾ ਕਿ ਮਨਜੀਤ ਸਿੰਘ ਜੀ ਕੇ ਵੱਲੋਂ ਜਾਣ ਬੁੱਝ ਕੇ ਇਹਨਾਂ ਸੇਵਾਵਾਂ ਵਿਚ ਵਿਘਨ ਪਾਇਆ ਜਾ ਰਿਹਾ ਹੈ ਤੇ ਅਮਿਤਾਭ ਬੱਚਨ ਵੱਲੋਂ ਗੁਰੂ ਤੇਗ ਬਹਾਦਰ ਕੋਰੋਨਾ ਕੇਅਰ ਸੈਂਟਰ ਵਾਸਤੇ ਦਿੱਤੇ 2 ਕਰੋੜ ਰੁਪਏ ‘ਤੇ ਇਤਰਾਜ਼ ਕੀਤਾ ਜਾ ਰਿਹਾ ਹੈ।
ਉਹਨਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਹਿਸ ਤੋਂ ਪਹਿਲਾਂ ਕਦੇ ਵੀ ਅਮਿਤਾਭ ਬੱਚਨ ਦੇ ਮਾਮਲੇ ਵਿਚ ਅਜਿਹਾ ਬਿਆਨ ਨਹੀਂ ਆਇਆ ਸੀ। ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਇਹ ਹੈ ਕਿ ਜਾਗੋ ਪਾਰਟੀ ਪ੍ਰਧਾਨ ਮਨਜੀਤ ਸਿੰਘ ਜੀ ਕੇ ਵੱਲੋਂ ਜਿਸ ਦੁਖੀਆ ਦੀ ਵਰਤੋਂ ਇਸ ਸਭ ਵਾਸਤੇ ਕੀਤੀ ਜਾ ਰਹੀ ਹੈ, ਉਹ ਸਾਰਾ ਦਿਨ ਜੂਝਾ ਖੇਡਦਾ ਹੈ ਜਿਸਦੀਆਂ ਤਸਵੀਰਾਂ ਸ਼ਿਕਾਇਤਾਂ ਦੇ ਨਾਲ ਨੱਥੀ ਕੀਤੀਆਂ ਗਈਆਂ ਹਨ।

ਉਹਨਾਂ ਕਿਹਾ ਕਿ ਦਿੱਲੀ ਕਮੇਟੀ ਦੇ ਪ੍ਰਧਾਨ ਤੇ ਸਕੱਤਰ ‘ਤੇ ਲਾਏ ਗਏ ਦੋਸ਼ ਬੇਬੁਨਿਆਦ ਹਨ ਕਿਉਂਕਿ ਅਮਿਤਾਭ ਬੱਚਨ ਨੇ ਭੇਟਾ ਆਨ ਲਾਈਨ ਭੇਜੀ ਹੈ ਅਤੇ ਗੁਰੂ ਘਰ ਵਿਚ ਕਈ ਵੀ ਤਨ ਮਨ ਧੰਨ ਨਾਲ ਸੇਵਾ ਵਿਚ ਯੋਗਦਾਨ ਪਾ ਸਕਦਾ ਹੈ।
ਚਰਨਜੀਤ ਸਿੰਘ ਨੇ ਸਿੰਘ ਸਾਹਿਬ ਨੂੰ ਅਪੀਲ ਕੀਤੀ ਕਿ ਇਸ ਮਾਮਲੇ ‘ਤੇ ਤਵੱਜੋ ਦੇ ਕੇ ਦਿੱਲੀ ਕਮੇਟੀ ਵੱਲੋਂ ਕੀਤੀਆਂ ਜਾ ਰਹੀਆਂ ਸੇਵਾਵਾਂ ਵਿਚ ਵਿਘਨ ਪਾਉਣ ਦੀ ਕੋਸ਼ਿਸ਼ ਕਰ ਰਹੇ ਕੌਮ ਦੇ ਦੋਖੀਆਂ ਖਿਲਾਫ ਉਚਿਤ ਕਾਰਵਾਈ ਕੀਤੀ ਜਾਵੇ।
