ਨਵੀਂ ਦਿੱਲੀ, 20 ਮਈ 2021 – ਇਸਤਰੀ ਅਕਾਲੀ ਦਲ ਦਿੱਲੀ ਇਕਾਈ ਦੀ ਪ੍ਰਧਾਨ ਬੀਬੀ ਰਣਜੀਤ ਕੌਰ ਵੱਲੋਂ ਘਰ-ਘਰ ਰਾਸ਼ਨ ਸਕੀਮ ਸ਼ੁਰੂ ਕੀਤੀ ਗਈ ਹੈ। ਦਿੱਲੀ ਦੇ ਸੰਤਗੜ ਇਲਾਕੇ ਤੋਂ ਇਸ ਦੀ ਸ਼ੁਰੂਆਤ ਕੀਤੀ ਗਈ। ਇਸ ਵਿਚ ਦਲ ਦੀਆਂ ਮਹਿਲਾਵਾਂ ਲੋੜਵੰਦਾਂ ਨੂੰ ਘਰ-ਘਰ ਜਾ ਕੇ ਰਾਸ਼ਨ ਦੀ ਕਿਟ ਵੰਡ ਰਹੀਆਂ ਹਨ।
ਬੀਬੀ ਰਣਜੀਤ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਹਾਮਾਰੀ ਦੇ ਇਸ ਦੌਰ ਵਿੱਚ ਕਈ ਪਰਿਵਾਰ ਅਜਿਹੇ ਹਨ ਜਿਨ੍ਹਾਂ ਨੂੰ ਦੋ ਵਖ਼ਤ ਦੀ ਰੋਟੀ ਵੀ ਨਸੀਬ ਨਹੀਂ ਹੋ ਰਹੀ ਕਿਉਂਕਿ ਲਾਕਡਾਊਨ ਦੇ ਚੱਲਦੇ ਕੰਮਕਾਜ ਪੂਰੀ ਤਰ੍ਹਾਂ ਠੱਪ ਹੈ ਅਤੇ ਉਹ ਆਪਣਾ ਹਾਲ ਕਿਸੇ ਤੋਂ ਵੀ ਬਿਆਨ ਨਹੀਂ ਕਰ ਪਾ ਰਹੇ ਹਨ ਇਨ੍ਹਾਂ ਪਰਿਵਾਰਾਂ ਦੀ ਪੱਛਾਣ ਕਰਕੇ ਰਾਸ਼ਨ ਦੀ ਕਿਟ ਪਹੁੰਚਾਈ ਜਾ ਰਹੀ ਹੈ ਜਿਸ ਵਿਚ ਮਹੀਨੇ ਦਾ ਰਾਸ਼ਨ – ਆਟਾ, ਚਾਵਲ, ਚਾਹਪੱਤੀ, ਚੀਨੀ, ਮਸਾਲੇ, ਰਿਫ਼ਾਇੰਡ, ਸਾਬਣ, ਪੇਸਟ ਆਦਿ ਪੈਕ ਕੀਤੇ ਗਏ ਹਨ।
ਬੀਬੀ ਰਣਜੀਤ ਕੌਰ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਇਹ ਉਹਨਾਂ ਦੇ ਆਪਣੇ ਯਤਨਾਂ ਸਦਕਾ ਕੀਤਾ ਜਾ ਰਿਹਾ ਹੈ ਜਿਸ ਵਿਚ ਉਨ੍ਹਾਂ ਦੇ ਆਪਣੇ ਸਹਿਯੋਗੀ ਮਿੱਤਰ ਅਤੇ ਇਸਤਰੀ ਅਕਾਲੀ ਦਲ ਦੀਆਂ ਮਹਿਲਾਵਾਂ ਦੀ ਮਦਦ ਮਿਲ ਰਹੀ ਹੈ ਅਤੇ ਇਸ ਮੁਹਿੰਮ ਨੂੰ ਆਉਣ ਵਾਲੇ ਦਿਨਾਂ ਵਿੱਚ ਦਿੱਲੀ ਦੇ ਕਈ ਹਿੱਸਿਆਂ ਵਿੱਚ ਵੀ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਲੰਗਰ ਸੇਵਾ ਵੀ ਚਲਾਈ ਜਾ ਰਹੀ ਹੈ ਜਿਸ ਵਿਚ ਮਹਿਲਾਵਾਂ ਵੱਲੋਂ ਘਰਾਂ ਤੋਂ ਲੰਗਰ ਤਿਆਰ ਕਰਕੇ ਉਨ੍ਹਾਂ ਲੋੜਵੰਦ ਪਰਿਵਾਰਾਂ ਤੱਕ ਪਹੁੰਚਾਇਆ ਜਾ ਰਿਹਾ ਹੈ ਜਿਨ੍ਹਾਂ ਦਾ ਪੂਰਾ ਪਰਿਵਾਰ ਕੋਰੋਨਾ ਨਾਲ ਪੀੜਤ ਹੈ ਅਤੇ ਖਾਣਾ ਬਣਾਉਣ ਵਾਲਾ ਵੀ ਕੋਈ ਨਹੀਂ ਹੈ ਉਨ੍ਹਾਂ ਤੱਕ ਲੰਗਰ ਪਹੁੰਚਾਇਆ ਜਾ ਰਿਹਾ ਹੈ ਅਤੇ ਗੁਰਦੁਆਰਾ ਸੰਤਗੜ੍ਹ ਵਿੱਚ ਆਕਸੀਜ਼ਨ ਦੇ ਲੰਗਰ ਦੀ ਸੇਵਾ ਵੀ ਚਲਾਈ ਜਾ ਰਹੀ ਹੈ।