ਕੈਪਟਨ ਵੱਲੋਂ ਘਰੇਲੂ ਇਕਾਂਤਵਾਸ ਦੌਰਾਨ ਸਵੈ-ਦੇਖਭਾਲ ਲਈ ‘ਕੋਵਿਡ ਕੇਅਰ ਵੱਟਸਐਪ ਚੈਟਬੋਟ’ ਦੀ ਸ਼ੁਰੂਆਤ

  • ਭੋਜਨ ਹੈਲਪਲਾਈਨ ਦੀ ਪ੍ਰਗਤੀ ਦਾ ਕੀਤੀ ਸਮੀਖਿਆ, ਪ੍ਰਭਾਵਿਤ ਪਰਿਵਾਰਾਂ ਤੱਕ ਭੋਜਨ ਪਹੁੰਚਾਉਣ ਵਿੱਚ ਪੁਲਿਸ ਦੇ ਯਤਨਾਂ ਦੀ ਕੀਤੀ ਸ਼ਲਾਘਾ

ਚੰਡੀਗੜ੍ਹ, 20 ਮਈ 2021 – ‘ਮਿਸ਼ਨ ਫਤਹਿ’ ਦੇ ਹਿੱਸੇ ਵਜੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕੋਵਿਡ ਮਰੀਜ਼ਾਂ ਲਈ ਘਰੇਲੂ ਇਕਾਂਤਵਾਸ ਦੌਰਾਨ ਸਵੈ-ਦੇਖਭਾਲ, ਬੈੱਡਾਂ ਦੀ ਉਪਲਬਧਤਾ ਅਤੇ ਟੀਕਾਕਰਨ ਕੇਂਦਰਾਂ ਬਾਰੇ ਜਾਣਕਾਰੀ ਆਦਿ ਲਈ ‘ਪੰਜਾਬ ਕੋਵਿਡ ਕੇਅਰ ਵੱਟਸਐਪ ਚੈਟਬੋਟ’ ਦੀ ਸ਼ੁਰੂਆਤ ਕੀਤੀ।

ਘਰੇਲੂ ਇਕਾਂਤਵਾਸ ਵਾਲੇ ਮਰੀਜ਼ ਆਪਣੀ ਸਿਹਤ ਸਬੰਧੀ ਜਾਣਕਾਰੀ ਐਪ ਵਿੱਚ ਅਪਲੋਡ ਕਰ ਸਕਦੇ ਹਨ ਅਤੇ ਇਸ ਦੀ ਨਿਗਰਾਨੀ ਮਾਹਿਰ ਕਰਨਗੇ ਜੋ ਉਨ੍ਹਾਂ ਨੂੰ ਇਲਾਜ ਦੌਰਾਨ ਸਲਾਹ ਦੇਣਗੇ। ਇਹ ਐਪ 3 ਭਾਸ਼ਾਵਾਂ – ਅੰਗਰੇਜ਼ੀ, ਪੰਜਾਬੀ ਅਤੇ ਹਿੰਦੀ ਵਿੱਚ ਉਪਲਬਧ ਹੈ।

ਕੋਵਿਡ ਸਥਿਤੀ ਸਬੰਧੀ ਇਕ ਉੱਚ ਪੱਧਰੀ ਵਰਚੁਅਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਹਾਲ ਹੀ ਵਿਚ ਸ਼ੁਰੂ ਕੀਤੀ ਭੋਜਨ ਹੈਲਪਲਾਈਨ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਜਿਸ ਤਹਿਤ ਸਿਰਫ ਇਕ ਹਫ਼ਤੇ ਵਿਚ ਪੰਜਾਬ ਪੁਲਿਸ ਦੁਆਰਾ 3000 ਤੋਂ ਵੱਧ ਫੂਡ ਪੈਕੇਟ ਕੋਵਿਡ ਪ੍ਰਭਾਵਿਤ ਪਰਿਵਾਰਾਂ ਦੇ ਘਰ ਪਹੁੰਚਾਏ ਗਏ। ਇਨ੍ਹਾਂ ਵਿਚ 2721 ਪਕਾਏ ਗਏ ਅਤੇ 280 ਅਣ-ਪੱਕੇ ਖਾਣੇ ਦੇ ਪੈਕਟ ਸ਼ਾਮਲ ਸਨ।

ਇਸ ਪਹਿਲ ਵਿਚ ਪੰਜਾਬ ਪੁਲਿਸ ਦੀ ਭੂਮਿਕਾ ਦੀ ਸ਼ਲਾਘਾ ਕਰਦਿਆਂ ਮੁੱਖ ਮੰਤਰੀ ਨੇ ਇਹ ਯਕੀਨੀ ਬਣਾਉਣ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ ਕਿ ਇਸ ਮੁਸ਼ਕਲ ਸਮੇਂ ਦੌਰਾਨ ਸੂਬੇ ਵਿਚ ਕੋਈ ਵੀ ਨਾਗਰਿਕ ਭੁੱਖੇ ਨਾ ਸੌਂਵੇ ਅਤੇ ਉਹਨਾਂ ਸਾਰੇ ਪੀੜਤ ਨਾਗਰਿਕਾਂ ਨੂੰ 112 ਜਾਂ 181 ਡਾਇਲ ਕਰਕੇ ਮੁਫ਼ਤ ਖਾਣਾ ਪ੍ਰਾਪਤ ਕਰਨ ਦੀ ਅਪੀਲ ਕੀਤੀ।

ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਸਕੀਮ ਦੀ ਸ਼ੁਰੂਆਤ ਦੇ ਪਹਿਲੇ ਹੀ ਦਿਨ ਪੁਲਿਸ ਵਿਭਾਗ ਵੱਲੋਂ ਕੋਵਿਡ ਕੰਟੀਨਾਂ ਦੀ ਸਥਾਪਨਾ 24 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਕੀਤੀ ਗਈ ਸੀ ਅਤੇ ਇਸ ਸਕੀਮ ਦੇ ਪਹਿਲੇ ਹੀ ਦਿਨ 120 ਤੋਂ ਵੱਧ ਪਕਾਏ/ਅਣਪੱਕੇ ਖਾਣੇ ਦੇ ਪੈਕੇਟ ਵੰਡੇ ਗਏ ਸਨ। ਉਨ੍ਹਾਂ ਅੱਗੇ ਕਿਹਾ ਕਿ 14 ਮਈ ਤੋਂ 20 ਮਈ, 2021 ਤੱਕ ਭੋਜਨ ਹੈਲਪਲਾਈਨ ਨੰਬਰਾਂ ‘ਤੇ ਖਾਣੇ ਦੀਆਂ ਬੇਨਤੀਆਂ ਲਈ ਕੁੱਲ 385 ਕਾਲਾਂ ਆਈਆਂ ਸਨ।

ਇਕ ਉਦਾਹਰਣ ਦਾ ਹਵਾਲਾ ਦਿੰਦੇ ਹੋਏ ਉਹਨਾਂ ਦੱਸਿਆ ਕਿ ਪਠਾਨਕੋਟ ਪੁਲਿਸ ਨੂੰ ਝੁੱਗੀਆਂ ਵਿੱਚ ਰਹਿਣ ਵਾਲੀ ਇੱਕ ਮਹਿਲਾ ਦਾ ਫੋਨ ਆਇਆ ਜਿਸ ਨੇ ਕਿਹਾ ਕਿ ਉਨ੍ਹਾਂ ਕੋਲ ਰਾਸ਼ਣ ਖਰੀਦਣ ਲਈ ਪੈਸੇ ਨਹੀਂ ਹਨ ਜਿਸ ‘ਤੇ ਕਾਰਵਾਈ ਕਰਦਿਆਂ ਪੁਲਿਸ ਟੀਮ ਨੇ ਤੁਰੰਤ ਉਸ ਖੇਤਰ ਵਿੱਚ ਰਹਿਣ ਵਾਲੇ 25 ਮੈਂਬਰਾਂ ਨੂੰ ਰਾਸ਼ਨ ਦਿੱਤਾ।

ਹੁਸ਼ਿਆਰਪੁਰ ਦੇ ਟਾਂਡਾ ਖੇਤਰ ਵਿੱਚ ਦਿਹਾੜੀਦਾਰ ਮਜ਼ਦੂਰਾਂ ਦੇ ਇੱਕ ਪਰਿਵਾਰ ਦੀ ਬੇਨਤੀ ਤੋਂ ਬਾਅਦ ਡੀਐਸਪੀ ਗੁਰਪ੍ਰੀਤ ਸਿੰਘ ਨੇ ਪ੍ਰਭਾਵਿਤ ਪਰਿਵਾਰ ਨੂੰ ਨਿੱਜੀ ਤੌਰ ‘ਤੇ ਫਲ, ਦੁੱਧ ਅਤੇ ਰੋਟੀ ਸਮੇਤ ਨਾਸ਼ਤਾ ਪਹੁੰਚਾਇਆ। ਸਥਾਨਕ ਸਰਪੰਚ ਨੂੰ ਵੀ ਉਨ੍ਹਾਂ ਦੀ ਸਥਿਤੀ ਬਾਰੇ ਪਤਾ ਲੱਗਾ ਅਤੇ ਫਿਰ ਉਹ ਸਵੈਇੱਛਤ ਤੌਰ ‘ਤੇ ਪਰਿਵਾਰ ਦੀ ਦੇਖਭਾਲ ਕਰਨ ਲਈ ਆਇਆ।

ਅੰਮ੍ਰਿਤਸਰ ਦੀ ਇਕ 40 ਸਾਲਾ ਮਹਿਲਾ ਜਿਸ ਦੇ ਪਤੀ, ਪੁੱਤਰ ਅਤੇ ਧੀ ਕੋਵਿਡ-19 ਪਾਜ਼ੇਟਿਵ ਪਾਏ ਗਏ ਹਨ, ਨੂੰ ਵੀ ਪੁਲਿਸ ਨੇ ਸਹਾਇਤਾ ਦਿੱਤੀ ਅਤੇ ਪੁਲਿਸ ਨੇ ਡਲੀਵਰੀ ਦੌਰਾਨ ਪ੍ਰਭਾਵਿਤ ਪਰਿਵਾਰਾਂ ਦੀ ਤੰਦਰੁਸਤੀ ਅਤੇ ਕਿਸੇ ਹੋਰ ਜ਼ਰੂਰੀ ਜ਼ਰੂਰਤਾਂ ਬਾਰੇ ਵੀ ਪੁੱਛਗਿੱਛ ਕੀਤੀ।

ਡੀਜੀਪੀ ਨੇ ਦੱਸਿਆ ਕਿ ਹੁਣ ਤੱਕ ਸਭ ਤੋਂ ਵੱਧ ਕਾਲਾਂ ਅੰਮ੍ਰਿਤਸਰ ਸਿਟੀ, ਲੁਧਿਆਣਾ ਸਿਟੀ, ਪਟਿਆਲਾ ਅਤੇ ਬਠਿੰਡਾ ਤੋਂ ਆਈਆਂ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕੈਪਟਨ ਵੱਲੋਂ ਕੋਰੋਨਾ ਖਿਲਾਫ ਤਨਦੇਹੀ ਨਾਲ ਤਿਆਰੀਆਂ ਵਿਚ ਜੁਟ ਜਾਣ ਅਤੇ ਜੂਨ ਦੇ ਅਖੀਰ ਤੱਕ ਡਾਕਟਰਾਂ ਨੂੰ ਸਿਖਲਾਈ ਦੇਣ ਦੇ ਹੁਕਮ

ਪੰਜਾਬ ਸਰਕਾਰ ਕੋਵਿਡ ਟੀਕਿਆਂ ਦੀ ਸਿੱਧੀ ਖਰੀਦ ਲਈ ਵਿਸ਼ਵ ਪੱਧਰੀ ਨਿਰਮਾਤਾਵਾਂ ਨਾਲ ਕਰੇਗੀ ਸੰਪਰਕ