ਫਰਿਜ਼ਨੋ (ਕੈਲੀਫੋਰਨੀਆ), 20 ਮਈ 2021 – ਅਮਰੀਕਾ ਵਿੱਚ ਰਿਚਰਡ ਪ੍ਰਾਇਰ ਅਤੇ ਡੇਵ ਚੈੱਪਲ ਸਮੇਤ ਪ੍ਰਸਿੱਧ ਕਾਮੇਡੀ ਕਲਾਕਾਰਾਂ ਨਾਲ ਮਿਲ ਕੇ ਕੰਮ ਕਰਨ ਵਾਲੇ ਕਾਮੇਡੀਅਨ ਅਤੇ ਅਦਾਕਾਰ ਪਾਲ ਮੂਨੀ ਦੀ ਬੁੱਧਵਾਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਉਹ 79 ਸਾਲਾਂ ਦੀ ਉਮਰ ਭੋਗ ਕੇ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ।
ਮੂਨੀ ਕਾਮੇਡੀਅਨ ਸਰਕਲਾਂ ਵਿਚ ਕੰਮ ਕਰਨ ਲਈ ਮਸ਼ਹੂਰ ਸਨ, ਜਿਸ ਵਿੱਚ ਉਸ ਦੀਆਂ ਕਾਮੇਡੀ ਐਲਬਮਾਂ ਅਤੇ “ਦਿ ਰਿਚਰਡ ਪ੍ਰਾਇਰ” ਸ਼ੋਅ ਵੀ ਸ਼ਾਮਿਲ ਹੈ। ਇਸਦੇ ਇਲਾਵਾ ਮੂਨੀ ਨੂੰ ਕਾਮੇਡੀ ਲੇਖਕ ਵਜੋਂ ਵੀ ਜਾਣਿਆ ਜਾਂਦਾ ਹੈ। ਉਸ ਦੀਆਂ ਲਿਖਤਾਂ ਵਿੱਚ “ਗੁੱਡ ਟਾਈਮਜ਼”, “ਇਨ ਲਿਵਿੰਗ ਕਲਰ,” “ਪ੍ਰਾਇਅਰ ਪਲੇਸ,” “ਚੈਪਲਜ਼ ਸ਼ੋਅ” ਆਦਿ ਪ੍ਰਮੁੱਖ ਹਨ।
ਆਪਣੀਆਂ ਕਾਮੇਡੀ ਲਿਖਤਾਂ ਤੋਂ ਇਲਾਵਾ, ਮੂਨੀ ਨੇ ਕਈ ਫਿਲਮਾਂ ਵਿੱਚ ਵੀ ਅਭਿਨੈ ਕੀਤਾ ਹੈ। ਉਹ ਸਾਲ 2016 ਵਿੱਚ ਆਈ ਫਿਲਮ “ਮੀਟ ਦਿ ਬਲੈਕਜ਼”, “ਦਿ ਬੱਡੀ ਹੋਲੀ ਸਟੋਰੀ” ਵਿੱਚ ਵੀ ਦਿਖਾਈ ਦਿੱਤੇ ਹਨ।

