ਚੰਡੀਗੜ੍ਹ, 22 ਮਈ 2021 – ਕੋਰੋਨਾਵਾਇਰਸ ਨਾਲ ਜੂਝ ਰਹੇ ਭਾਰਤ ਵਿੱਚ ਅੱਜ ਕੱਲ੍ਹ ਜਿੱਥੇ ਮਿਊਕੋਮਿਰਕੋਸਿਸ ਯਾਨੀ ਕਿ ਬਲੈਕ ਫੰਗਸ ਦੇ ਕੇਸ ਲਗਾਤਾਰ ਵਧਦੇ ਜਾ ਰਹੇ ਹਨ, ਉੱਥੇ ਹੀ ਹੁਣ ਵ੍ਹਾਈਟ ਫੰਗਸ ਨੇ ਚਿੰਤਾ ਹੋਰ ਵੀ ਵਧਾ ਦਿੱਤੀ ਹੈ। ਬਿਹਾਰ, ਗੁਜਰਾਤ ਤੇ ਮਹਾਰਾਸ਼ਟਰ ਸਮੇਤ ਦੇਸ਼ ਦੇ ਕਈ ਹਿੱਸਿਆਂ ਵਿੱਚ ਵ੍ਹਾਈਟ ਫੰਗਸ ਦੇ ਕੇਸ ਦਿਖਾਈ ਦਿੱਤੇ ਹਨ।
ਕੀ ਹੈ ਬਲੈਕ ਫੰਗਸ –
ਬਲੈਕ ਫੰਗਸ ਪਹਿਲਾਂ ਤੋਂ ਹੀ ਆਪਣੇ ਵਾਤਾਵਰਨ ਵਿੱਚ ਮੌਜੂਦ ਹੈ। ਡਾਕਟਰਾਂ ਮੁਤਾਬਕ ਇਹ ਹੋਰਾਂ ਥਾਵਾਂ ਤੋਂ ਇਲਾਵਾ ਮਿੱਟੀ ਵਿੱਚ ਵਧੇਰੇ ਪਾਈ ਜਾਂਦੀ ਹੈ। ਸਿਹਤਮੰਦ ਜਾਂ ਵਧੇਰੇ ਇਮਿਊਨਿਟੀ ਵਾਲਾ ਵਿਅਕਤੀ ਇਸ ਰੋਗ ਦਾ ਸ਼ਿਕਾਰ ਨਹੀਂ ਹੁੰਦਾ। ਡਾਕਟਰਾਂ ਮੁਤਾਬਕ ਇਹ ਰੋਗ ਨੱਕ ਜਾਂ ਮੂੰਹ ਰਾਹੀਂ ਕਿਸੇ ਵਿਅਕਤੀ ਦੇ ਸ਼ਰੀਰ ਵਿੱਚ ਦਾਖ਼ਲ ਹੁੰਦਾ ਹੈ। ਪਹਿਲਾਂ ਚਿਹਰੇ ਸੋਜ਼ਿਸ਼, ਰੰਗ ਬਦਲਣਾ, ਸੁੰਨ ਹੋਣਾ ਜਾਂ ਦੰਦਾਂ ਦੀ ਕਮਜ਼ੋਰੀ ਮਹਿਸੂਸ ਹੋਣ ਲੱਗ ਸਕਦੀ ਹੈ। ਕੁਝ ਸਮੇਂ ਬਾਅਦ ਇਹ ਅੱਖਾਂ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਤੀਜੇ ਗੇੜ ਵਿੱਚ ਬਲੈਕ ਫੰਗਸ ਦਿਮਾਗ ‘ਤੇ ਹਮਲਾ ਕਰਦੀ ਹੈ।
ਕੀ ਹੈ ਵ੍ਹਾਈਟ ਫੰਗਸ –
ਬਲੈਕ ਫੰਗਸ ਜਿੱਥੇ ਨੱਕ, ਅੱਖਾਂ ਤੇ ਕਦੇ ਕਦੇ ਦਿਮਾਗ ਨੂੰ ਪ੍ਰਭਾਵਿਤ ਕਰਦੀ ਸੀ ਪਰ ਇਹ ਵ੍ਹਾਈਟ ਫੰਗਸ ਨਹੁੰਆਂ ਤੋਂ ਲੈ ਕੇ ਗੁਪਤ ਅੰਗਾਂ ਤੱਕ ਮਾਰ ਕਰਦੀ ਹੈ। ਇਹ ਬਿਮਾਰੀ ਕੋਰੋਨਾ ਵਾਇਰਸ ਵਾਂਗ ਫੇਫੜਿਆਂ ਨੂੰ ਕਾਫੀ ਨੁਕਸਾਨ ਪਹੁੰਚਾਉਂਦੀ ਹੈ।
ਵ੍ਹਾਈਟ ਫੰਗਸ ਦੀ ਆਮ ਇਨਫੈਕਸ਼ਨ ਚਮੜੀ ਤੋਂ ਸ਼ੁਰੂ ਹੁੰਦੀ ਹੈ ਅਤੇ ਇਸ ਦਾ ਸਭ ਤੋਂ ਗੰਭੀਰ ਰੂਪ ਫੇਫੜਿਆਂ ਨੂੰ ਖਰਾਬ ਕਰਦਾ ਹੈ। ਫੇਫੜਿਆਂ ਦੀ ਇਨਫੈਕਸ਼ਨ ਦੇ ਲੱਛਣ ਖੰਘ, ਸਾਹ ਚੜ੍ਹਨਾ, ਛਾਤੀ ਵਿੱਚ ਦਰਦ ਤੇ ਬੁਖ਼ਾਰ ਹਨ। ਇਸ ਤੋਂ ਇਲਾਵਾ ਸਰੀਰ ਦੇ ਜੋੜਾਂ ਵਿੱਚ ਹੋਈ ਇਨਫੈਕਸ਼ਨ ਦਰਦ ਦਾ ਕਾਰਨ ਬਣ ਸਕਦੀ ਹੈ।
ਕਾਲੇ ਫੰਗਸ ਜਿਨ੍ਹਾਂ ਖ਼ਤਰਨਾਕ ਨਹੀਂ ਵਾਈਟ ਫੰਗਸ – ਡਾ ਸੁਰੇਸ਼ ਕੁਮਾਰ….
ਐਲ.ਐਨ.ਜੇ.ਪੀ. ਹਸਪਤਾਲ ਦੇ ਮੈਨੇਜਿੰਗ ਡਾਇਰੈਕਟਰ ਡਾ. ਸੁਰੇਸ਼ ਕੁਮਾਰ ਦਾ ਕਹਿਣਾ ਹੈ ਕਿ ਵਾਈਟ ਫੰਗਸ ਕਾਲੇ ਫੰਗਸ ਦੇ ਮੁਕਾਬਲੇ ਇੰਨਾ ਖ਼ਤਰਨਾਕ ਨਹੀਂ ਹੈ। ਉਸ ਨੇ ਅੱਗੇ ਕਿਹਾ ਕਿ ਕੋਵਿਡ ਦੇ ਮਰੀਜ਼ਾਂ ਨੂੰ ਬਿਨਾਂ ਡਾਕਟਰ ਦੀ ਸਲਾਹ ਲਏ ਸਟੀਰੌਇਡ ਨਹੀਂ ਲੈਣੀ ਚਾਹੀਦੀ। ਉਨ੍ਹਾਂ ਕਿਹਾ ਕਿ ਫ਼ਰਿਜ ਵਿਚ ਰੱਖਿਆ ਭੋਜਨ ਨਾ ਖਾਓ ਅਤੇ ਤਾਜ਼ੇ ਫਲ ਅਤੇ ਸਬਜ਼ੀਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਖਾਓ।