- ਟੀਕਿਆਂ ਦੀ ਘਾਟ ਕਾਰਨ ਪੰਜਾਬ ਵਿੱਚ ਟੀਕਾ ਕੇਂਦਰ ਬੰਦ ਕੀਤੇ ਜਾ ਰਹੇ ਨੇ
- ਪੇਂਡੂ ਖੇਤਰਾਂ ਵਿੱਚ ਟੀਕਾ ਕੇਂਦਰ ਖੋਲ੍ਹੇ ਜਾਣ ਤਾਂ ਜੋ ਪਿੰਡਾਂ ਦੇ ਵਸਨੀਕਾਂ ਨੂੰ ਟੀਕਾਕਰਨ ਦਾ ਲਾਭ ਸਮੇਂ ਸਿਰ ਮਿਲ ਸਕੇ
- ਹਸਪਤਾਲਾਂ ਵਿੱਚ ਡਾਕਟਰਾਂ ਤੇ ਹੋਰ ਸਟਾਫ਼, ਦਵਾਈਆਂ, ਵੈਂਟੀਲੇਟਰ, ਮੈਡੀਕਲ ਆਕਸੀਜਨ ਅਤੇ ਹੋਰ ਜੀਵਨ ਰੱਖਿਅਕ ਉਪਕਰਨਾਂ ਦਾ ਪ੍ਰਬੰਧ ਕੀਤਾ ਜਾਵੇੇ
ਚੰਡੀਗੜ੍ਹ, 23 ਮਈ 2021 – ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਹੈ ਕਿ ਸੂਬੇ ਵਿੱਚ ਕੋਰੋਨਾ ਮਹਾਮਾਰੀ ਦੀ ਤੀਜੀ ਲ਼ਹਿਰ ਅਤੇ ਬਲੈਕ ਫੰਗਸ ਦੀ ਮਾਰ ਨਾਲ ਨਜਿੱਠਣ ਲਈ ਸੁਚੱਜੇ ਪ੍ਰਬੰਧ ਕੀਤੇ ਜਾਣ ਤਾਂ ਜੋ ਸੂਬੇ ਦੇ ਲੋਕਾਂ ਨੂੰ ਮੌਤ ਦੇ ਮੂੰਹ ’ਚ ਜਾਣ ਤੋਂ ਬਚਾਇਆ ਜਾ ਸਕੇ।
ਸ਼ਨੀਵਾਰ ਨੂੰ ਪਾਰਟੀ ਦੇ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਪੰਜਾਬ ਦੇ ਵਸਨੀਕਾਂ ਲਈ ਬਹੁਤ ਮਾਰੂ ਸਿੱਧ ਹੋਈ ਹੈ ਅਤੇ ਹੁਣ ਬਲੈਕ ਫੰਗਸ ਦੀ ਆ ਰਹੀ ਸਮੱਸਿਆ ਨੇ ਮੌਤਾਂ ਦੀ ਗਿਣਤੀ ਵਿੱਚ ਹੋਰ ਵਾਧਾ ਕਰ ਦਿੱਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਕੋਰੋਨਾ ਮਹਾਮਾਰੀ ਨਾਲ ਨਜਿੱਠਣ ਲਈ ਸੂਬੇ ਵਿੱਚ ਸੁਚੱਜੇ ਪ੍ਰਬੰਧ ਨਹੀਂ ਕੀਤੇ । ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਦੀ ਚੇਤਾਵਨੀ ਦੇ ਬਾਵਜੂਦ ਸੂਬੇ ਦੇ ਸਰਕਾਰੀ ਹਸਪਤਾਲਾਂ ਵਿੱਚ ਡਾਕਟਰਾਂ, ਨਰਸਾਂ, ਪੈਰਾ ਮੈਡੀਕਲ ਸਟਾਫ਼ ਸਮੇਤ ਤਕਨੀਕੀ ਪ੍ਰਣਾਲੀ ਦਾ ਕੋਈ ਪ੍ਰਬੰਧ ਹੀ ਨਹੀਂ ਕੀਤਾ ਗਿਆ।
ਚੀਮਾ ਨੇ ਕਿਹਾ ਕਿ ਸੂਬਾ ਭਰ ’ਚ ਕੋਰੋਨਾ ਨਾਲ ਪੀੜਤ ਗੰਭੀਰ ਮਰੀਜ਼ਾਂ ਦਾ ਜੀਵਨ ਬਚਾਉਣ ਲਈ ਜਿਥੇ ਦਵਾਈਆਂ ਦੀ ਘਾਟ ਰਹੀ, ਉਥੇ ਹੀ ਵੈਂਟੀਲੇਟਰ ਅਤੇ ਆਕਸੀਜਨ ਦੀ ਘਾਟ ਕਾਰਨ ਸੈਂਕੜੇ ਵਿਅਕਤੀਆਂ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਮੈਡੀਕਲ ਆਕਸੀਜਨ ਗੈਸ ਦਾ ਪ੍ਰਬੰਧ ਨਾ ਕੀਤੇ ਜਾਣ ਕਾਰਨ ਗੰਭੀਰ ਪੀੜਤ ਮਰੀਜਾਂ ਦੀ ਜਾਨ ਬਚਾਉਣ ਲਈ ਉਦਯੋਗਿਕ ਆਕਸੀਜਨ ਗੈਸ ਦੀ ਮਜਬੂਰੀ ਵੱਸ ਵਰਤੋਂ ਕਰਨੀ ਪਈ, ਜਿਸ ਕਾਰਨ ਬਲੈਕ ਫੰਗਸ ਦੀ ਨਵੀਂ ਸਮੱਸਿਆ ਪੈਦਾ ਹੋ ਗਈ। ਜਿਸ ਦੇ ਲਈ ਸਿੱਧੇ ਤੌਰ ’ਤੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਜ਼ਿੰਮੇਵਾਰ ਹੈ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਦੇਸ਼ ਦੇ ਵਿਗਿਆਨੀ ਤੇ ਮਾਹਰ ਡਾਕਟਰਾਂ ਨੇ ਕੋਰੋਨਾ ਮਹਾਮਾਰੀ ਦੀ ਤੀਜੀ ਲਹਿਰ ਤੋਂ ਬਚਣ ਲਈ ਕੋਰੋਨਾ ਲਾਗ ਖ਼ਿਲਾਫ਼ ਟੀਕਾਕਰਨ ਮੁਹਿੰਮ ਤੇਜੀ ਨਾਲ ਚਲਾਉਣ ਦੇ ਆਦੇਸ਼ ਦਿੱਤੇ ਹਨ, ਪਰ ਕੈਪਟਨ ਸਰਕਾਰ ਅਜੇ ਤੱਕ ਟੀਕੇ ਦੀ ਲੋੜੀਂਦੀ ਮਾਤਰਾ ਦਾ ਪ੍ਰਬੰਧ ਨਹੀਂ ਕਰ ਸਕੀ। ਟੀਕਿਆਂ ਦੀ ਘਾਟ ਕਾਰਨ ਪੰਜਾਬ ਵਿੱਚ ਟੀਕਾ ਕੇਂਦਰ ਬੰਦ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬੇ ਦੀ ਵੱਡੀ ਆਬਾਦੀ ਪਿੰਡਾਂ ਵਿੱਚ ਰਹਿੰਦੀ ਹੈ ਅਤੇ ਹੁਣ ਕੋਰੋਨਾ ਮਹਾਮਾਰੀ ਪਿੰਡਾਂ ਵਿੱਚ ਵੀ ਪੈਰ ਪਸਾਰ ਚੁੱਕੀ ਹੈ, ਪਰ ਸਰਕਾਰ ਨੇ ਪਿੰਡਾਂ ਵਿੱਚ ਟੀਕਾਕਰਨ ਮੁਹਿੰਮ ਵੱਲ ਕੋਈ ਕਦਮ ਨਹੀਂ ਪੁੱਟਿਆ। ਚੀਮਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕਰਦਿਆਂ ਕਿਹਾ ਕਿ ਪਿੰਡਾਂ ਵਿੱਚ ਟੀਕਾ ਕੇਂਦਰ ਖੋਲ੍ਹਣੇ ਜਾਣ ਤਾਂ ਜੋ ਪਿੰਡਾਂ ਦੇ ਵਸਨੀਕਾਂ ਨੂੰ ਟੀਕਾਕਰਨ ਦਾ ਲਾਭ ਸਮੇਂ ਸਿਰ ਮਿਲ ਸਕੇ। ਇਸ ਦੇ ਨਾਲ ਹੀ ਸਰਕਾਰੀ ਹਸਪਤਾਲਾਂ ਵਿੱਚ ਡਾਕਟਰਾਂ ਤੇ ਹੋਰ ਸਟਾਫ਼, ਦਵਾਈਆਂ, ਵੈਂਟੀਲੇਟਰ, ਮੈਡੀਕਲ ਆਕਸੀਜਨ ਅਤੇ ਹੋਰ ਜੀਵਨ ਰੱਖਿਅਕ ਉਪਕਰਨਾਂ ਦਾ ਪ੍ਰਬੰਧ ਕੀਤਾ ਜਾਵੇੇ।