ਬਠਿੰਡਾ, 23 ਮਈ 2021 – ਪੁਲਿਸ ਥਾਣਾ ਬਾਲਿਆਂਵਾਲੀ ਅਧੀਨ ਪੈਂਦੇ ਪਿੰਡ ਨੰਦਗੜ੍ਹ ਕੋਟੜਾ ‘ਚ 60 ਸਾਲਾ ਗ੍ਰੰਥੀ ਸਿੰਘ ਵੱਲੋਂ ਕਥਿਤ ਤੌਰ ਤੇ 9 ਸਾਲਾਂ ਦੀ ਨਾਬਾਲਗ ਨਾਲ ਅਸ਼ਲੀਲ ਹਰਕਤਾਂ ਕਰਨ ਦਾ ਇਲਜ਼ਾਮ ਲੱਗਾ ਹੈ। ਗ੍ਰੰਥੀ ਸਿੰਘ ਲੜਕੀ ਨਾਲ ਛੇੜਖਾਨੀ ਕਰਦਾ ਹੋਇਆ ਰੰਗੇ ਹੱਥੀਂ ਫੜ੍ਹਿਆ ਗਿਆ। ਇਸ ਮਗਰੋਂ ਪਿੰਡ ਵਾਸੀਆਂ ਦੇ ਇਕੱਠ ਨੇ ਗ੍ਰੰਥੀ ਨੂੰ ਇੱਕ ਥੰਮ ਨਾਲ ਬੰਨ੍ਹ ਕੇ ਉਸ ਦੀ ਚੰਗੀ ਸੇਵਾ ਕੀਤੀ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ।
ਪਿੰਡ ਵਾਸੀਆਂ ਕੋਲੋਂ ਮਿਲੀ ਜਾਣਕਾਰੀ ਮੁਤਾਬਕ ਉਨ੍ਹਾਂ ਦੇ ਪਿੰਡ ਦੇ ਗੁਰਦੁਆਰੇ ਵਿਚ ਗੁਰਨਾਮ ਸਿੰਘ ਗ੍ਰੰਥੀ ਹੈ। ਜਦੋਂ ਇੱਕ 9 ਸਾਲਾ ਬੱਚੀ ਆਪਣੇ ਚਾਚੇ ਨਾਲ ਗੁਰੂਘਰ ਆਈ, ਤਾਂ ਉਸ ਦਾ ਚਾਚਾ ਗੁਰੂਘਰ ਵਿਖੇ ਸੇਵਾ ਕਰਨ ਲੱਗ ਗਿਆ ਤੇ ਬੱਚੀ ਖੇਡਦੀ ਖੇਡਦੀ ਗ੍ਰੰਥੀ ਸਿੰਘ ਦੀ ਰਿਹਾਇਸ਼ ਵੱਲ ਚਲੀ ਗਈ। ਗ੍ਰੰਥੀ ਸਿੰਘ ਗੁਰਨਾਮ ਸਿੰਘ ਵੱਲੋਂ ਬੱਚੀ ਨੂੰ ਇਕੱਲਿਆਂ ਦੇਖ ਕੇ ਉਸ ਨਾਲ ਕਥਿਤ ਤੌਰ ਤੇ ਸਰੀਰਕ ਛੇੜਛਾੜ ਕੀਤੀ ਗਈ। ਉਨ੍ਹਾਂ ਕਿਹਾ ਕਿ ਅੱਜ ਇਸ ਗਰੰਥੀ ਨੂੰ 9 ਸਾਲ ਦੀ ਲੜਕੀ ਨਾਲ ਅਸ਼ਲੀਲ ਹਰਕਤਾਂ ਕਰਦਿਆਂ ਕਾਬੂ ਕਰਕੇ ਥਾਣਾ ਬਾਲਿਆਂਵਾਲੀ ਦੀ ਪੁਲੀਸ ਦੇ ਹਵਾਲੇ ਕੀਤਾ ਹੈ।
ਥਾਣਾ ਬਾਲਿਆਂ ਵਾਲੀ ਦੇ ਮੁੱਖ ਥਾਣਾ ਅਫਸਰ ਸਬ ਇੰਸਪੈਕਟਰ ਕੰਵਲਜੀਤ ਸਿੰਘ ਦਾ ਕਹਿਣਾ ਸੀ ਕਿ ਗਰੰਥੀ ਗੁਰਨਾਮ ਸਿੰਘ ਖਿਲਾਫ ਪੌਸਕੋ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।