ਚੰਡੀਗੜ੍ਹ, 23 ਮਈ 2021 – ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਨੈਸ਼ਨਲ ਟੇਲੈਂਟ ਖੋਜ ਪ੍ਰੀਖਿਆ (ਐਨ.ਟੀ.ਐਸ.ਈ.) ਦੀ ਤਿਆਰੀ ਲਈ ਬੇਸਲਾਈਨ ਟੈਸਟ 31 ਮਈ ਨੂੰ ਲੈਣ ਦਾ ਫ਼ੈਸਲਾ ਕੀਤਾ ਹੈ। ਪੰਜਾਬ ਦੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਵੱਲੋਂ ਵਿਦਿਆਰਥੀਆਂ ਦੀ ਇਸ ਟੈਸਟ ਲਈ ਪੂਰੀ ਤਿਆਰੀ ਕਰਵਾਏ ਜਾਣ ਦੇ ਸਿੱਖਿਆ ਵਿਭਾਗ ਨੂੰ ਨਿਰਦੇਸ਼ ਦਿੱਤੇ ਹਨ ਤਾਂ ਜੋ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਇਸ ਵਜੀਫ਼ੇ ਲਈ ਵੱਧ ਤੋਂ ਵੱਧ ਚੋਣ ਹੋ ਸਕੇ।
ਇਸ ਦੀ ਜਾਣਕਾਰੀ ਦਿੰਦੇ ਹੋਏ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਐਨ.ਟੀ.ਐਸ.ਈ. ਤਿਆਰੀ ਵਾਸਤੇ ਇਹ ਟੈਸਟ ਕੇਵਲ ਦਸਵੀਂ ਵਿੱਚ ਪੜਦੇ ਬੱਚਿਆ ਦਾ ਹੋਵੇਗਾ ਜੋ ਕਿ ਆਨ ਲਾਈਨ ਲਿਆ ਜਾਵੇਗਾ। ਇਹ ਟੈਸਟ 45 ਮਿੰਟ ਦਾ ਹੋਵੇਗਾ ਜੋ ਵਿਦਿਆਰਥੀਆਂ ਦੀ ਆਈ.ਡੀ.ਨਾਲ ਜੋੜ ਕੇ ਕਰਵਾਇਆ ਜਾਵੇਗਾ।
ਇਹ ਇਮਤਿਹਾਨ ਰਾਸ਼ਟਰੀ ਪੱਧਰ ’ਤੇ ਐਨ.ਸੀ.ਈ.ਆਰ.ਟੀ ਵੱਲੋਂ ਲਿਆ ਜਾਂਦਾ ਹੈ। ਇਸ ਦਾ ਉਦੇਸ਼ ਵਿਦਿਆਰਥੀਆਂ ਦੀ ਪ੍ਰਤੀਭਾ ਦੀ ਖੋਜ ਕਰਨਾ ਅਤੇ ਉੱਚ ਸਿੱਖਿਆ ਲਈ ਵਿਦਿਆਰਥੀਆਂ ਨੂੰ ਵਜੀਫ਼ੇ ਪ੍ਰਦਾਨ ਕਰਨਾ ਹੈ।