ਅਰੁਨਾ ਚੌਧਰੀ ਵੱਲੋਂ ਔਰਤਾਂ ਤੇ ਲੜਕੀਆਂ ਨੂੰ ਮੁਫ਼ਤ ਸੈਨੇਟਰੀ ਪੈਡ ਮੁਹੱਈਆ ਕਰਵਾਉਣ ਲਈ ‘‘ਉਡਾਣ ਯੋਜਨਾ” ਦੀ ਸ਼ੁਰੂਆਤ

  • ਲਾਭਪਾਤਰੀਆਂ ਨੂੰ 27,314 ਆਂਗਣਵਾੜੀ ਕੇਂਦਰਾਂ ਦੇ ਸੂਬਾ ਪੱਧਰੀ ਨੈਟਵਰਕ ਰਾਹੀਂ ਕੀਤਾ ਜਾਵੇਗਾ ਕਵਰ
  • ਸਟੇਟ ਟਾਸਕ ਫੋਰਸ ਸਕੀਮ ਦੀ ਸਮੁੱਚੀ ਪ੍ਰਗਤੀ `ਤੇ ਰੱਖੇਗੀ ਨਜ਼ਰ
  • 40.55 ਕਰੋੜ ਰੁਪਏ ਸਾਲਾਨਾ ਕੀਤੇ ਜਾਣਗੇ ਖਰਚ
  • ਕਿਹਾ, ਵਿਭਾਗ ਵਰਤੇ ਗਏ ਪੈਡਾਂ ਦੇ ਸੁਚੱਜੇ ਪ੍ਰਬੰਧਨ ਲਈ ਮਜ਼ਬੂਤ ਢਾਂਚਾ ਯਕੀਨੀ ਬਣਾਏਗਾ

ਚੰਡੀਗੜ੍ਹ, 28 ਮਈ 2021 – ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ, ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ਅੱਜ ‘ਵਿਸ਼ਵ ਮਾਸਿਕ ਧਰਮ ਸਵੱਛਤਾ ਦਿਵਸ’ ਮੌਕੇ ਸੂਬੇ ਵਿੱਚ ਮਹਿਲਾ-ਸ਼ਕਤੀਕਰਣ ਲਈ ‘‘ਉਡਾਣ ਯੋਜਨਾ” ਦੀ ਸ਼ੁਰੂਆਤ ਕੀਤੀ, ਜਿਸ ਤਹਿਤ ਸੂਬੇ ਦੀਆਂ ਲੋੜਵੰਦ ਪਰਿਵਾਰਾਂ ਦੀਆਂ ਮਹਿਲਾਵਾਂ ਅਤੇ ਲੜਕੀਆਂ ਨੂੰ ਹਰ ਮਹੀਨੇ ਮੁਫ਼ਤ ਸੈਨੇਟਰੀ ਪੈਡ ਵੰਡੇ ਜਾਣਗੇ।

ਸੂਬੇ ਭਰ ਵਿੱਚ 1500 ਥਾਵਾਂ `ਤੇ ਲਾਈਵ ਪ੍ਰਸਾਰਿਤ ਕੀਤੀ ਗਈ ਵੀਡੀਓ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀਮਤੀ ਚੌਧਰੀ ਨੇ ਕਿਹਾ ਕਿ ਇਸ ਯੋਜਨਾ ਦਾ ਮੁੱਖ ਉਦੇਸ਼ ਮਹਿਲਾਵਾਂ/ ਲੜਕੀਆਂ ਨੂੰ ਮਾਸਿਕ ਧਰਮ ਸਬੰਧੀ ਬਿਮਾਰੀਆਂ ਤੋਂ ਬਚਾਉਣਾ, ਮਾਸਿਕ ਧਰਮ ਦੌਰਾਨ ਸਫ਼ਾਈ ਪ੍ਰਤੀ ਜਾਗਰੂਕ ਕਰਨਾ, ਮੁੱਢਲੇ ਸਫ਼ਾਈ ਉਤਪਾਦਾਂ ਤੱਕ ਪਹੁੰਚ ਵਧਾਉਣਾ, ਮਹਿਲਾਵਾਂ ਦੇ ਜੀਵਨ ਪੱਧਰ ਨੂੰ ਬਿਹਤਰ ਬਣਾਉਣਾ ਹੈ, ਔਰਤਾਂ ਦੇ ਸਵੈ-ਮਾਣ ਨੂੰ ਵਧਾਉਣਾ ਅਤੇ ਸੈਨੇਟਰੀ ਪੈਡਾਂ ਦਾ ਸੁਰੱਖਿਅਤ ਨਿਬੇੜਾ ਯਕੀਨੀ ਬਣਾਉਣਾ ਹੈ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸ ਨਵੀਂ ਯੋਜਨਾ ਤਹਿਤ ਸਕੂਲ ਛੱਡ ਚੁੱਕੀਆਂ ਲੜਕੀਆਂ/ਸਕੂਲ ਤੋਂ ਬਾਹਰ ਦੀਆਂ ਲੜਕੀਆਂ, ਕਾਲਜ ਨਾ ਜਾਣ ਵਾਲੀਆਂ ਲੜਕੀਆਂ, ਬੀਪੀਐਲ ਪਰਿਵਾਰਾਂ ਦੀਆਂ ਮਹਿਲਾਵਾਂ, ਝੁੱਗੀ-ਝੌਂਪੜੀ ਵਿੱਚ ਰਹਿਣ ਵਾਲੀਆਂ ਅਤੇ ਬੇਘਰ ਮਹਿਲਾਵਾਂ, ਟੱਪਰੀਵਾਸ ਪਰਿਵਾਰਾਂ ਦੀਆਂ ਔਰਤਾਂ ਅਤੇ ਨੀਲੇ ਕਾਰਡ ਧਾਰਕ ਤੇ ਦੂਜੇ ਵਿਭਾਗਾਂ ਦੀ ਕਿਸੇ ਵੀ ਸਕੀਮ ਤਹਿਤ ਮੁਫ਼ਤ/ਸਬਸਿਡੀ ਵਾਲੇ ਸੈਨੇਟਰੀ ਪੈਡਾਂ ਦਾ ਲਾਭ ਨਹੀਂ ਲੈ ਰਹੀਆਂ ਔਰਤਾਂ ਨੂੰ ਇਸ ਸਕੀਮ ਤਹਿਤ ਕਵਰ ਕੀਤਾ ਜਾਵੇਗਾ, ਜਿਸ ਉਤੇ 40.55 ਕਰੋੜ ਰੁਪਏ ਸਾਲਾਨਾ ਦਾ ਖਰਚ ਆਵੇਗਾ।

ਇਸ ਵਰਚੂਅਲ ਮੀਟਿੰਗ ਦੌਰਾਨ ਸ੍ਰੀਮਤੀ ਚੌਧਰੀ ਦੇ ਨਾਲ ਪ੍ਰਮੁੱਖ ਸਕੱਤਰ ਸ੍ਰੀਮਤੀ ਰਾਜੀ ਪੀ. ਸ਼੍ਰੀਵਾਸਤਵਾ ਅਤੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੇ ਡਾਇਰੈਕਟਰ ਸ੍ਰੀ ਵਿਪੁਲ ਉੱਜਵਲ ਵੀ ਮੌਜੂਦ ਸਨ। ਇਸ ਉਦਘਾਟਨੀ ਸਮਾਰੋਹ ਮੌਕੇ ਸੂਬੇ ਦੀਆਂ ਸਾਰੀਆਂ 1500 ਵਰਚੂਅਲ ਮੀਟਿੰਗ ਵਾਲੀਆਂ ਥਾਵਾਂ ਦੇ ਨਾਲ-ਨਾਲ ਆਂਗਣਵਾੜੀ ਸੈਂਟਰਾਂ ਵਿੱਚ ਸੈਨੇਟਰੀ ਪੈਡਾਂ ਦੇ ਕੁਲ ਇਕ ਲੱਖ ਪੈਕੇਟ ਵੰਡੇ ਗਏ।

ਕੈਬਨਿਟ ਮੰਤਰੀ ਨੇ ਅੱਗੇ ਕਿਹਾ ਕਿ ਇਸ ਸਾਲ ਜਨਵਰੀ ਵਿੱਚ ਕਰਵਾਈ ਸੂਬਾ ਪੱਧਰੀ ‘‘ਧੀਆਂ ਦੀ ਲੋਹੜੀ” ਸਮਾਰੋਹ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਹਿਲਾਵਾਂ ਦੀ ਸੁਰੱਖਿਆ, ਸਿੱਖਿਆ ਅਤੇ ਸਿਹਤ ਨਾਲ ਸਬੰਧਤ ਹੋਰ ਵੱਖ-ਵੱਖ ਮੁੱਦਿਆਂ ਬਾਰੇ ਗੱਲ ਕਰਦਿਆਂ ਮਹਿਲਾ ਸ਼ਕਤੀਕਰਨ ਦੀ ਜ਼ਰੂਰਤ ਨੂੰ ਦੁਹਰਾਉਂਦਿਆਂ ਸਾਰੀਆਂ ਲੋੜਵੰਦ ਲੜਕੀਆਂ/ਮਹਿਲਾਵਾਂ ਵਿਸ਼ੇਸ਼ ਤੌਰ `ਤੇ ਝੁੱਗੀ ਝੌਂਪੜੀਆਂ ਦੇ ਇਲਾਕਿਆਂ ਵਿੱਚ ਰਹਿਣ ਵਾਲਿਆਂ ਲੜਕੀਆਂ/ਮਹਿਲਾਵਾਂ ਨੂੰ ਮੁਫ਼ਤ ਸੈਨੇਟਰੀ ਪੈਡ ਵੰਡਣ ਦਾ ਐਲਾਨ ਕੀਤਾ ਸੀ, ਜਿਸ ਨੂੰ ਅਸੀਂ ਅੱਜ ਪੂਰਾ ਕਰ ਰਹੇ ਹਾਂ।

ਇਸਤਰੀ ਅਤੇ ਬਾਲ ਵਿਕਾਸ ਮੰਤਰੀ ਨੇ ਕਿਹਾ ਕਿ ਲਾਭਪਾਤਰੀਆਂ ਨੂੰ 27,314 ਆਂਗਣਵਾੜੀ ਕੇਂਦਰਾਂ ਦੇ ਸੂਬਾ ਪੱਧਰੀ ਨੈੱਟਵਰਕ ਰਾਹੀਂ ਕਵਰ ਕੀਤਾ ਜਾਵੇਗਾ। ਹਰੇਕ ਆਂਗਣਵਾੜੀ ਕੇਂਦਰ ਰਾਹੀਂ ਲਗਭਗ 50 ਲਾਭਪਾਤਰੀਆਂ ਨੂੰ ਕਵਰ ਕੀਤਾ ਜਾਵੇਗਾ, ਕਿਉਂਕਿ ਹਰੇਕ ਆਂਗਣਵਾੜੀ ਕੇਂਦਰ ਅਧੀਨ 400 ਪਰਿਵਾਰ ਆਉਂਦੇ ਹਨ। ਜੇ ਮੁਫ਼ਤ ਸੈਨੇਟਰੀ ਪੈਡਾਂ ਦਾ ਲਾਭ ਲੈਣ ਲਈ 50 ਤੋਂ ਵੱਧ ਲਾਭਪਾਤਰੀ ਆਂਗਣਵਾੜੀ ਕੇਂਦਰਾਂ ਵਿਖੇ ਆਉਂਦੇ ਹਨ ਤਾਂ ਉਨ੍ਹਾਂ ਨੂੰ ਉਸੇ ਅਨੁਸਾਰ ਸੈਨੇਟਰੀ ਪੈਡ ਮੁਹੱਈਆ ਕੀਤੇ ਜਾਣਗੇ। ਉਨ੍ਹਾਂ ਅੱਗੇ ਕਿਹਾ ਕਿ ਹਰੇਕ ਲਾਭਪਾਤਰੀ ਨੂੰ ਹਰ ਮਹੀਨੇ ਵੱਧ ਤੋਂ ਵੱਧ 9 ਸੈਨੇਟਰੀ ਪੈਡ ਦਿੱਤੇ ਜਾਣਗੇ।”

ਸ੍ਰੀਮਤੀ ਅਰੁਨਾ ਚੌਧਰੀ ਨੇ ਦੱਸਿਆ ਕਿ ਪਹਿਲੇ ਪੜਾਅ ਅਧੀਨ 27,314 ਆਂਗਣਵਾੜੀ ਕੇਂਦਰਾਂ ਦੇ ਵਰਕਰਾਂ ਅਤੇ ਹੈਲਪਰਾਂ ਰਾਹੀਂ 13,65,700 ਲਾਭਪਾਤਰੀਆਂ ਨੂੰ ਕੁੱਲ 1,22,91,300 ਸੈਨੇਟਰੀ ਪੈਡ ਵੰਡੇ ਜਾਣਗੇ। ਉਹਨਾਂ ਸਪੱਸ਼ਟ ਤੌਰ ਤੇ ਕਿਹਾ ਕਿ ਲੋੜ ਪੈਣਤੇ ਆਸ਼ਾ, ਏ.ਐੱਨ.ਐੱਮ., ਸਥਾਨਕ ਸਰਕਾਰਾਂ ਵਿਭਾਗ ਅਧੀਨ ਕੰਮ ਕਰਨ ਵਾਲੇ ਕਰਮਚਾਰੀਆਂ ਅਤੇ ਸਥਾਨਕ ਵਲੰਟੀਅਰਾਂ ਆਦਿ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ ਜਾਂ ਜਿੱਥੇ ਆਂਗਣਵਾੜੀ ਕੇਂਦਰ ਮੌਜੂਦ ਨਹੀਂ ਹਨ, ਉਥੇ ਲਗਾਇਆ ਜਾ ਸਕਦਾ ਹੈ।

ਸ੍ਰੀਮਤੀ ਚੌਧਰੀ ਨੇ ਕਿਹਾ ਕਿ ਵਰਤੇ ਗਏ ਪੈਡਾਂ ਦੇ ਸੁਚੱਜੇ ਪ੍ਰਬੰਧਨ ਲਈ, ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ (ਪੀਪੀਸੀਬੀ) ਵੱਲੋਂ ਪੇਂਡੂ ਵਿਕਾਸ ਤੇ ਪੰਚਾਇਤਾਂ ਵਿਭਾਗ ਅਤੇ ਸਥਾਨਕ ਸਰਕਾਰਾਂ ਵਿਭਾਗ ਨਾਲ ਸਲਾਹ ਮਸ਼ਵਰਾ ਕਰਕੇ ਸੂਬੇ ਭਰ ਵਿੱਚ ਸੈਨੇਟਰੀ ਪੈਡਾਂ ਦੇ ਕੁਸ਼ਲ ਅਤੇ ਵਿਗਿਆਨਕ ਨਿਪਟਾਰੇ ਲਈ ਢੁਕਵੀਂ ਯੋਜਨਾ ਤਿਆਰ ਕੀਤੀ ਜਾਵੇਗੀ। “ਸੂਬੇ ਭਰ ਦੇ ਸ਼ਹਿਰੀ ਇਲਾਕਿਆਂ ਵਿੱਚ ਠੋਸ ਰਹਿੰਦ-ਖੂੰਹਦ ਪ੍ਰਬੰਧਨ ਪ੍ਰਣਾਲੀ ਨਾਲ ਸਥਾਨਕ ਸਰਕਾਰਾਂ ਵਿਭਾਗ ਸ਼ਹਿਰੀ ਖੇਤਰਾਂ ਵਿੱਚ ਠੋਸ ਰਹਿੰਦ-ਖੂੰਹਦ ਪ੍ਰਬੰਧਨ ਦੇ ਨਿਯਮਾਂ ਤਹਿਤ ਸੈਨੇਟਰੀ ਪੈਡਾਂ ਦੇ ਨਿਪਟਾਰੇ ਲਈ ਲੋੜੀਂਦੀ ਕਾਰਵਾਈ ਕਰੇਗਾ। ਸਥਾਨਕ ਸਰਕਾਰਾਂ ਵਿਭਾਗ ਵੱਲੋਂ ਸੈਨੇਟਰੀ ਪੈਡਾਂ ਦੀ ਰਹਿੰਦ ਖੂੰਹਦ ਦੇ ਨਿਪਟਾਰੇ ਲਈ ਸ਼ਹਿਰੀ ਸਥਾਨਕ ਇਕਾਈਆਂ ਅਧੀਨ ਕੂੜੇ ਵਾਲੀਆਂ ਥਾਵਾਂ ਉਤੇ ਇਨਸੀਨੇਟਰ ਲਾਏ ਜਾਣਗੇ। ਇਸੇ ਤਰ੍ਹਾਂ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਪੇਂਡੂ ਖੇਤਰਾਂ ਵਿੱਚੋਂ ਸੈਨੇਟਰੀ ਪੈਡਾਂ ਦੀ ਰਹਿੰਦ ਖੂੰਹਦ ਨੂੰ ਇਕੱਤਰ ਕਰਨ ਲਈ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ ਅਤੇ ਕੂੜਾ ਵੱਖ ਕਰਨ ਤੋਂ ਬਾਅਦ ਸੈਨੇਟਰੀ ਪੈਡਾਂ ਦੀ ਰਹਿੰਦ-ਖੂੰਹਦ ਨੂੰ ਸਹੀ ਨਿਪਟਾਰੇ ਲਈ ਸ਼ਹਿਰੀ ਖੇਤਰ ਦੇ ਨਜ਼ਦੀਕੀ ਇਨਸੀਨੇਟਰਾਂ ਵਿਖੇ ਭੇਜਿਆ ਜਾਵੇਗਾ।

ਸਕੀਮ ਦੀ ਸਮੁੱਚੀ ਪ੍ਰਗਤੀ ਤੇ ਨਿਗਰਾਨੀ ਲਈ ਸਟੇਟ ਟਾਸਕ ਫੋਰਸ ਸ੍ਰੀਮਤੀ ਚੌਧਰੀ ਨੇ ਅੱਗੇ ਦੱਸਿਆ ਕਿ ਇਸ ਸਕੀਮ ਦੀ ਸਮੁੱਚੀ ਪ੍ਰਗਤੀ ਅਤੇ ਨਿਰਵਿਘਨ ਲਾਗੂ ਕਰਨ ਦੀ ਨਿਗਰਾਨੀ ਕਰਨ ਲਈ ਵੱਖ ਵੱਖ ਸਬੰਧਤ ਵਿਭਾਗ ਦੇ ਉੱਚ ਪੱਧਰੀ ਅਫ਼ਸਰਾਂ ਸਮੇਤ ਸਟੇਟ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਹੈ। ਨੈਪਕਿਨ ਦੀ ਮਿਆਰ ਬਾਰੇ ਦੱਸਦਿਆਂ ਮੰਤਰੀ ਨੇ ਕਿਹਾ ਕਿ ਹਰ ਮਹੀਨੇ ਸੈਨੇਟਰੀ ਨੈਪਕਿਨ ਦੀ ਕੁਆਲਟੀ ਟੈਸਟਿੰਗ ਸਰਕਾਰ ਵੱਲੋਂ ਮਨਜ਼ੂਰ ਪ੍ਰਵਾਨਿਤ ਸੂਚੀਬੱਧ ਲੈਬਾਰਟਰੀਆਂ ਵਿਖੇ ਕੀਤੀ ਜਾਵੇਗੀ। ਬਲਾਕ ਪੱਧਰਤੇ ਵੰਡੇ ਜਾਣ ਨੈਪਕਿਨਜ਼ ਦੇ ਹਰੇਕ ਬੈਚ ਵਿੱਚੋਂ ਸੈਂਪਲ ਲਏ ਜਾਂਦੇ ਹਨ।
ਆਪਣੇ ਸੰਬੋਧਨ ਵਿੱਚ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਦੇ ਪ੍ਰਮੁੱਖ ਸਕੱਤਰ ਸ੍ਰੀਮਤੀ ਰਾਜੀ ਪੀ. ਸ੍ਰੀਵਾਸਤਵਾ ਨੇ ਕਿਹਾ ਕਿ ਮਾਸਿਕ ਧਰਮ ਦੌਰਾਨ ਸਿਹਤ ਅਤੇ ਸਫ਼ਾਈ ਦੀ ਘਾਟ ਕਾਰਨ ਔਰਤਾਂ ਅਤੇ ਲੜਕੀਆਂ ਵਿੱਚ ਆਤਮ ਵਿਸ਼ਵਾਸ ਘਟਦਾ ਹੈ। ਇਸ ਸਭ ਦਾ ਉਨ੍ਹਾਂ ਦੇ ਜੀਵਨ ਤੇ ਆਰਥਿਕਤਾ ਉਤੇ ਮਾੜਾ ਪ੍ਰਭਾਵ ਪੈਂਦਾ ਹੈ, ਜਿਸ ਨਾਲ ਉਨ੍ਹਾਂ ਦੀ ਸੁਤੰਤਰਤਾ ਅਤੇ ਮੌਕੇ ਸੀਮਿਤ ਹੁੰਦੇ ਹਨ।ਸਕੂਲ, ਕਾਲਜ ਅਤੇ ਸਮਾਜਿਕ ਜੀਵਨ ਵਿੱਚ ਸ਼ਮੂਲੀਅਤ ਪ੍ਰਭਾਵਤ ਹੁੰਦੀ ਹੈ, ਤਣਾਅ ਅਤੇ ਚਿੰਤਾ ਵਧਦੀ ਹੈ।

ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਦੇ ਡਾਇਰੈਕਟਰ ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਵਿਭਾਗ ਲਾਭਪਾਤਰੀਆਂ ਦੀ ਗਿਣਤੀ ਅਤੇ ਸੈਨੇਟਰੀ ਪੈਡਾਂ ਦੀ ਲੋੜ ਸਬੰਧੀ ਇਕ ਡੇਟਾ ਬੈਂਕ ਬਣਾਏਗਾ ਤਾਂ ਜੋ ਆਂਗਨਵਾੜੀ ਕੇਂਦਰਾਂ ਵੱਲੋਂ ਲਾਭਪਾਤਰੀਆਂ ਦੀ ਲੋੜ ਅਨੁਸਾਰ ਸੈਨੇਟਰੀ ਪੈਡਾਂ ਦੀ ਵੰਡ ਕੀਤੀ ਜਾ ਸਕੇ, ਇਸ ਦੇ ਨਾਲ ਹੀ ਯੋਜਨਾ ਦੀ ਨਿਰੰਤਰ ਨਿਗਰਾਨੀ ਕੀਤੀ ਜਾਵੇਗੀ ਤਾਂ ਜੋ ਇਸ ਦਾ ਲਾਭ ਹਰੇਕ ਲਾਭਪਾਤਰੀ ਤੱਕ ਪਹੁੰਚਣਾ ਯਕੀਨੀ ਬਣਾਇਆ ਜਾ ਸਕੇ।
ਇਸ ਸਮਾਗਮ ਦੌਰਾਨ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੇ ਜੁਆਇੰਟ ਸਕੱਤਰ ਵਿੰਮੀ ਭੁੱਲਰ ਅਤੇ ਵਧੀਕ ਡਾਇਰੈਕਟਰ ਲਿਲੀ ਚੌਧਰੀ ਵੀ ਹਾਜ਼ਰ ਸਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਮੌਜੂਦਾ ਕਾਂਗਰਸ ਐਮ ਪੀ ਡਿੰਪਾ ਦੀ ਮਾਤਾ ਦਾ ਦੇਹਾਂਤ

ਡਾ. ਬੀ.ਆਰ. ਅੰਬੇਦਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਵਿੱਚ ਦਾਖਲੇ ਇਸ ਸਾਲ ਤੋਂ: ਸੋਨੀ