ਜਗਰਾਉਂ, 29 ਮਈ 2021 – ਜਗਰਾਉਂ ਨਾਲ ਜੁੜੇ ਦੋ ਥਾਣੇਦਾਰਾਂ ਦੇ ਕਤਲ ਮਾਮਲੇ ‘ਚ ਦੋ ਦੋਸ਼ੀਆਂ ਨੂੰ ਮੱਧ ਪ੍ਰਦੇਸ਼ ਚੋਂ ਪੰਜਾਬ ਦੀ ਓਕੋ (ਓ.ਸੀ.ਸੀ. ਯੂਨਿਟ) ਟੀਮ ਵਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਨ੍ਹਾਂ ਦੇ ਨਾਂ ਦਰਸ਼ਨ ਸਿੰਘ ਅਤੇ ਬਲਜਿੰਦਰ ਸਿੰਘ ਹਨ ਅਤੇ ਇਹ ਦੋਵੇਂ ਇਸ ਕੇਸ ‘ਚ ਭਗੌੜੇ ਸਨ। ਇਹ ਗ੍ਰਿਫ਼ਤਾਰੀ ਮੱਧ ਪ੍ਰਦੇਸ਼ ਦੇ ਗਵਾਲੀਅਰ ‘ਚੋਂ ਕੀਤੀ ਗਈ ਦੱਸੀ ਜਾਂਦੀ ਹੈ।
ਇਸ ਵਾਰਦਾਤ ਵਿੱਚ ਗੈਂਗਸਟਰ ਜੈਪਾਲ ਭੁੱਲਰ ਦਾ ਨਾਮ ਮੁੱਖ ਤੌਰ ‘ਤੇ ਸਾਹਮਣੇ ਆਇਆ ਸੀ ਅਤੇ ਇਹ ਦੋਵੇਂ ਗੈਂਗਸਟਰ ਵੀ ਵਾਰਦਾਤ ਮੌਕੇ ਜੈਪਾਲ ਦੇ ਨਾਲ ਸੀ।ਮੁਲਜ਼ਮਾਂ ਲਈ ਗ੍ਰਿਫ਼ਤਾਰੀ ਲਈ ਪੁਲਿਸ ਵਲੋਂ ਸੂਚਨਾ ਦੇਣ ਵਾਲੇ ਲਈ 19 ਲੱਖ ਰੁਪਏ ਦੇ ਇਨਾਮ ਦਾ ਐਲਾਨ ਵੀ ਕੀਤਾ ਹੋਇਆ ਸੀ।
ਪੰਜਾਬ ਪੁਲਿਸ ਨੇ ਇਸ ਦੀ ਪੁਸ਼ਟੀ ਅਜੇ ਨਹੀਂ ਕੀਤੀ ਪਰ ਪੁਲੀਸ ਟੀਮ ਅੱਜ ਇਨ੍ਹਾਂ ਦੋਵਾਂ ਗੈਂਗਸਟਰਾਂ ਨੂੰ ਅਦਾਲਤ ਪੇਸ਼ ਕਰਕੇ ਰਿਮਾਂਡ ਹਾਸਲ ਕਰੇਗੀ। ਜਗਰਾਉਂ ਸੀ ਆਈ ਏ ਸਟਾਫ਼ ਦੇ ਏ ਐਸ ਆਈ ਭਗਵਾਨ ਸਿੰਘ ਅਤੇ ਦਲਵਿੰਦਰਜੀਤ ਸਿੰਘ ਬੱਬੀ ਨੂੰ ਬੀਤੀ 5 ਮਈ ਨੂੰ ਗੈਂਗਸਟਰ ਜੈਪਾਲ ਅਤੇ ਉਹਦੇ ਤਿੰਨ ਸਾਥੀਆਂ ਵੱਲੋਂ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਇਸ ਮਾਮਲੇ ‘ਚ ਪੰਜਾਬ ਪੁਲਿਸ ਨੇ ਬਲਜਿੰਦਰ ਸਿੰਘ ਬੱਬੀ ਵਾਸੀ ਮਾਹਲਾ ਖ਼ੁਰਦ ਮੋਗਾ ਤੇ ਦਰਸ਼ਨ ਸਿੰਘ ਵਾਸੀ ਸਹੌਲੀ ਨੂੰ ਗ੍ਰਿਫ਼ਤਾਰ ਕਰ ਲਿਆ।
ਦਰਸ਼ਨ ਸਿੰਘ ਦੀ ਪਤਨੀ ਜਗਰਾਉਂ ਪੁਲਿਸ ਵੱਲੋਂ ਪਹਿਲਾਂ ਹੀ ਗ੍ਰਿਫ਼ਤਾਰ ਕੀਤੀ ਜਾ ਚੁੱਕੀ ਹੈ।